ਚੰਡੀਗੜ੍ਹ, 09 ਅਕਤੂਬਰ 2024: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਬੀਤੇ ਦਿਨ ਪੰਜਾਬ ਮੰਤਰੀ ਮੰਡਲ (Punjab Cabinet) ਦੀ ਚੰਡੀਗੜ੍ਹ ਵਿਖੇ ਅਹਿਮ ਬੈਠਕ ਹੋਈ | ਇਸ ਅਹਿਮ ਬੈਠਕ ‘ਚ ਪੰਜਾਬ ਸਰਕਾਰ ਨੇ ਕਈਂ ਫੈਸਲਿਆਂ ‘ਤੇ ਮੋਹਰ ਲਾਈ ਹੈ |
ਪੰਜਾਬ ਮੰਤਰੀ ਮੰਡਲ (Punjab Cabinet) ਨੇ ਪੰਜਾਬ ਦੀਆਂ ਖ਼ਰੀਦ ਏਜੰਸੀਆਂ ਜਿਵੇਂ ਕਿ ਮਾਰਕਫੈੱਡ, ਪਨਗ੍ਰੇਨ, ਪਨਸਪ ਅਤੇ ਪੰਜਾਬ ਵੇਅਰ ਹਾਊਸ ਕਾਰਪੋਰੇਸ਼ਨ ਦੁਆਰਾ ਖ਼ਰੀਦੇ ਝੋਨੇ ਨੂੰ ਮਿਲਿੰਗ ਲਈ ਦੇਣ ਤੇ ਇਸ ਦੀ ਕੇਂਦਰੀ ਪੂਲ ‘ਚ ਸਮੇਂ ਸਿਰ ਡਿਲਿਵਰੀ ਲਈ ਸਾਉਣੀ ਸੀਜ਼ਨ 2024-25 (Kharif season) ਲਈ ਪੰਜਾਬ ਕਸਟਮ ਮਿਲਿੰਗ ਪਾਲਿਸੀ ਨੂੰ ਪ੍ਰਵਾਨਗੀ ਦਿੱਤੀ ਹੈ |
ਪੰਜਾਬ ਸਰਕਾਰ ਦੇ ਬੁਲਾਰੇ ਮੁਤਾਬਕ ਸਾਉਣੀ ਦਾ ਮੰਡੀਕਰਨ ਸੀਜ਼ਨ 2024-25 (Kharif season), 1 ਅਕਤੂਬਰ 2024 ਤੋਂ ਸ਼ੁਰੂ ਹੋ ਗਿਆ ਹੈ ਅਤੇ ਖਰੀਦ ਦਾ ਕੰਮ 30 ਨਵੰਬਰ, 2024 ਤੱਕ ਮੁਕੰਮਲ ਕਰ ਲਿਆ ਜਾਵੇਗਾ। ਇਸ ਸਮੇਂ ਦੌਰਾਨ ਖਰੀਦੇ ਗਏ ਝੋਨੇ ਨੂੰ ਪੰਜਾਬ ਦੀਆਂ ਯੋਗ ਚੌਲ ਮਿੱਲਾਂ ‘ਚ ਸਟੋਰ ਕੀਤਾ ਜਾਵੇਗਾ।
ਕਸਟਮ ਮਿਲਿੰਗ ਨੀਤੀ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੁਆਰਾ ਹਰ ਸਾਲ ਸਾਉਣੀ ਦੇ ਹਰ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਜਾਰੀ ਕੀਤੀ ਜਾਂਦੀ ਹੈ ਤਾਂ ਜੋ ਸੂਬੇ ਦੀਆਂ ਖਰੀਦ ਏਜੰਸੀਆਂ ਦੁਆਰਾ ਖਰੀਦੇ ਗਏ ਝੋਨੇ ਦੀ ਮਿਲਿੰਗ ਭਾਰਤ ਸਰਕਾਰ ਦੁਆਰਾ ਨਿਰਧਾਰਤ ਮਾਪਦੰਡਾਂ ਅਨੁਸਾਰ ਕੀਤੀ ਜਾ ਸਕੇ।
ਇਸਦੇ ਨਾਲ ਹੀ ‘ਦਿ ਪੰਜਾਬ ਕਸਟਮ ਮਿਲਿੰਗ ਪਾਲਿਸੀ ਫਾਰ ਖ਼ਰੀਦ 2024-25’ ਦੇ ਉਪਬੰਧਾਂ ਮੁਤਾਬਕ ਵਿਭਾਗ ਚੌਲ ਮਿੱਲਾਂ ਨੂੰ ਮੰਡੀਆਂ ਨਾਲ ਆਨਲਾਈਨ ਜੋੜੇਗਾ। ਰੀਲੀਜ਼ ਆਰਡਰ (ਆਰਓ) ਸਕੀਮ ਤਹਿਤ ਚੌਲ ਮਿੱਲਰਾਂ ਨੂੰ ਸੌਂਪੇ ਜਾਣ ਵਾਲੇ ਝੋਨੇ ਦੀ ਵੰਡ ਆਨਲਾਈਨ ਪੋਰਟਲ ਰਾਹੀਂ ਕੀਤੀ ਜਾਵੇਗੀ । ਪੰਜਾਬ ਦੀਆਂ ਮੰਡੀਆਂ ‘ਚੋਂ ਝੋਨਾ ਮਿੱਲਰਾਂ ਦੀ ਯੋਗਤਾ ਮੁਤਾਬਕ ਸਟੋਰ ਕੀਤਾ ਜਾਵੇਗਾ। ਇਸ ਨੀਤੀ ਅਤੇ ਸਮਝੌਤੇ ਮੁਤਾਬਕ ਰਾਈਸ ਮਿੱਲ ਮਾਲਕਾਂ ਨੂੰ 31 ਮਾਰਚ, 2025 ਤੱਕ ਸਟੋਰ ਕੀਤਾ ਝੋਨਾ ਪਹੁੰਚਾਉਣ ਦੀ ਵਿਵਸਥਾ ਵੀ ਕੀਤੀ ਗਈ ਹੈ।