ਚੰਡੀਗੜ੍ਹ, 26 ਮਾਰਚ 2025: Punjab Budget 2025-26: ਪੰਜਾਬ ਵਿਧਾਨ ਸਭਾ ‘ਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ਨੇ ‘ਬਦਲਦਾ ਪੰਜਾਬ’ ਥੀਮ ਹੇਠ ਪੰਜਾਬ ਦਾ ਬਜਟ-2025-26 ਪੇਸ਼ ਕੀਤਾ | ਇਹ ਕੁੱਲ ਬਜਟ 2 ਲੱਖ 36 ਹਜ਼ਾਰ 80 ਕਰੋੜ ਰੁਪਏ ਰੱਖਿਆ ਗਿਆ ਹੈ।
ਆਬਕਾਰੀ ਨੀਤੀ ‘ਚ 11200 ਕਰੋੜ ਰੁਪਏ ਦਾ ਟੀਚਾ
ਪੰਜਾਬ ਦੇ ਵਿੱਤ ਮੰਤਰੀ ਨੇ ਆਪਣੇ ਸੰਬੋਧਨ ਦੌਰਾਨ ਨੇ ਕਿਹਾ ਕਿ ਮਾਲ ਵਿਭਾਗ ਬਹੁਤ ਵਧੀਆ ਕੰਮ ਕਰ ਰਿਹਾ ਹੈ ਅਤੇ ਆਬਕਾਰੀ ਵਿਭਾਗ ਦਾ ਮਾਲੀਆ 10,350 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਇਸ ‘ਚ 63 ਫੀਸਦੀ ਦਾ ਚੌਖਾ ਮੁਨਾਫ਼ਾ ਮਿਲਿਆ ਹੈ। ਅਗਲੇ ਸਾਲ ਲਈ ਆਬਕਾਰੀ ਨੀਤੀ ‘ਚ 11200 ਕਰੋੜ ਰੁਪਏ ਦਾ ਟੀਚਾ ਰੱਖਿਆ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਮਾਲੀਆ ਵਧਾਉਣ ਲਈ 2022 ‘ਚ ਜੀਐਸਟੀ ‘ਚ 62 ਫੀਸਦੀ ਵਾਧਾ ਹੋਣ ਦੀ ਉਮੀਦ ਹੈ। ਹੁਣ ਇਹ 25 ਹਜ਼ਾਰ 502 ਕਰੋੜ ਰੁਪਏ ਹੋ ਗਿਆ ਹੈ। ਇਸ ਤੋਂ ਇਲਾਵਾ ਕਈ ਮੁਹਿੰਮਾਂ ਸ਼ੁਰੂ ਕੀਤੀਆਂ ਗਈਆਂ ਹਨ। ਜੀਐਸਟੀ ਲਈ 27,650 ਕਰੋੜ ਰੁਪਏ ਦਾ ਟੀਚਾ ਰੱਖਿਆ ਗਿਆ ਹੈ।
ਵੈਟ ਨਿਪਟਾਰੇ ਲਈ 70 ਹਜ਼ਾਰ 313 ਡੀਲਰਾਂ ਨੇ ਇੱਕ ਵਾਰ ਨਿਪਟਾਰਾ ਯੋਜਨਾ ਦਾ ਲਾਭ ਉਠਾਇਆ ਹੈ। 164 ਕਰੋੜ ਰੁਪਏ ਸਰਕਾਰੀ ਖਜ਼ਾਨੇ ‘ਚ ਆਏ। ਪਿਛਲੀ ਸਰਕਾਰ 2 ਓ.ਟੀ.ਐਸ. ਸਕੀਮਾਂ ਵੀ ਲੈ ਕੇ ਆਈ ਸੀ। ਇਨ੍ਹਾਂ ਦੋਵਾਂ ਯੋਜਨਾਵਾਂ ਤੋਂ 13 ਕਰੋੜ ਰੁਪਏ ਦਾ ਮਾਲੀਆ ਹੋਇਆ ਸੀ।
ਪਿਛਲੇ 3 ਸਾਲਾਂ ‘ਚ ਕੁੱਲ 96,836 ਕਰੋੜ ਰੁਪਏ ਦਾ ਨਿਵੇਸ਼ ਆਇਆ
ਹਰਪਾਲ ਚੀਮਾ ਨੇ ਕਿਹਾ ਨੇ ਪੰਜਾਬ ‘ਚ ਨਿਵੇਸ਼ ਤੇਜ਼ੀ ਨਾਲ ਵੱਧ ਰਿਹਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਨਿਵੇਸ਼ਕਾਂ ਦਾ ਵਿਸ਼ਵਾਸ ਵਧਿਆ ਹੈ। ਪਿਛਲੇ 3 ਸਾਲਾਂ ‘ਚ ਰਾਜ ਵਿੱਚ ਕੁੱਲ 96,836 ਕਰੋੜ ਰੁਪਏ ਦਾ ਨਿਵੇਸ਼ ਆਇਆ ਹੈ। ਉਦਯੋਗਿਕ ਖੇਤਰ ਹੁਣ ਸੂਬੇ ਦੀ ਆਰਥਿਕਤਾ ‘ਚ 27 ਫੀਸਦੀ ਯੋਗਦਾਨ ਪਾਉਂਦਾ ਹੈ।
ਵਿੱਤੀ ਸਾਲ 2025-26 ਲਈ ਉਦਯੋਗਿਕ ਖੇਤਰ ਨੂੰ ਕੁੱਲ 3,426 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਗਿਆ ਹੈ। ਮੌਜੂਦਾ ਬਜਟ ‘ਚ, ਉਦਯੋਗਾਂ ਨੂੰ 250 ਕਰੋੜ ਰੁਪਏ ਦੇ ਪ੍ਰੋਤਸਾਹਨ ਦੇ ਰੂਪ’ਚ ਵਿੱਤੀ ਸਹਾਇਤਾ ਦਿੱਤੀ ਗਈ ਹੈ।
50 ਰੁਪਏ ‘ਚ ਮਿਲਣਗੀਆਂ ਸਰਕਾਰੀ ਸੇਵਾਵਾਂ
ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਸਰਕਾਰੀ ਸੇਵਾਵਾਂ 50 ਰੁਪਏ ‘ਚ ਮਿਲਣਗੀਆਂ । ਇਸ ਵੇਲੇ 406 ਡੋਰ ਸਟੈਪ ਡਿਲੀਵਰੀ ਦੀ ਫੀਸ 120 ਰੁਪਏ ਹੈ। ਲੋਕਾਂ ਨੂੰ ਸਿਰਫ਼ 50 ਰੁਪਏ ਦੇਣੇ ਪੈਣਗੇ। ਬਾਕੀ 70 ਰੁਪਏ ਪੰਜਾਬ ਸਰਕਾਰ ਦੇਵੇਗੀ।
ਪੰਜਾਬ ਸਰਕਾਰ ਖਰੀਦੇਗੀ 347 ਈ-ਬੱਸਾਂ
ਲੋਕਾਂ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ 347 ਈ-ਬੱਸਾਂ ਖਰੀਦੀਆਂ ਜਾਣਗੀਆਂ। ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਜਲੰਧਰ ਅਤੇ ਸਿਵਲ ਬੱਸ ਡਿਪੂਆਂ ਲਈ ਪ੍ਰਬੰਧ ਕੀਤੇ ਜਾਣਗੇ। ਅੰਮ੍ਰਿਤਸਰ ਅਤੇ ਲੁਧਿਆਣਾ ਦੇ ਲੋਕਾਂ ਲਈ ਅਰਬਨ ਗਵਰਨੈਂਸ ਲਈ 300 ਕਰੋੜ ਰੁਪਏ ਦਾ ਬਜਟ ਰੱਖਿਆ ਹੈ।
ਰੰਗਲਾ ਪੰਜਾਬ ਯੋਜਨਾ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ‘ਰੰਗਲਾ ਪੰਜਾਬ ਯੋਜਨਾ’ ਹਰ ਜ਼ਿਲ੍ਹੇ ‘ਚ ਸ਼ੁਰੂ ਕੀਤੀ ਜਾਵੇਗੀ। ਇਹ ਸਕੀਮ ਡੀਸੀ ਦੀ ਅਗਵਾਈ ਹੇਠ ਚਲਾਈ ਜਾਵੇਗੀ। ਇਹ ਫੰਡ ਮੁੱਢਲੀਆਂ ਚੀਜ਼ਾਂ ‘ਤੇ ਖਰਚ ਕੀਤਾ ਜਾਵੇਗਾ। ਰੰਗਲਾ ਪੰਜਾਬ ਵਿਕਾਸ ਫੰਡ ਲਈ 585 ਕਰੋੜ ਰੁਪਏ ਦਾ ਫੰਡ ਰੱਖਿਆ ਗਿਆ ਹੈ। ਇਸ ਯੋਜਨਾ ਤਹਿਤ 5 ਕਰੋੜ ਰੁਪਏ ਪ੍ਰਾਪਤ ਹੋਣਗੇ।
3 ਸਾਲਾਂ ‘ਚ 881 ਆਮ ਆਦਮੀ ਕਲੀਨਿਕ
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਿਹਤ ਅਤੇ ਭਲਾਈ ਵਿਭਾਗ ਨੇ 3 ਸਾਲਾਂ ‘ਚ 881 ਆਮ ਆਦਮੀ ਕਲੀਨਿਕ ਸਥਾਪਤ ਕੀਤੇ ਹਨ। ਹੁਣ ਤੱਕ 3 ਕਰੋੜ ਤੋਂ ਵੱਧ ਲੋਕ ਇਸਦਾ ਲਾਭ ਲੈ ਚੁੱਕੇ ਹਨ। ਸਿਹਤ ਵਿਭਾਗ ਲਈ 268 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਹੁਣ ਤੱਕ 45 ਲੱਖ ਲੋਕ ਸਿਹਤ ਬੀਮਾ ਸਹੂਲਤਾਂ ਦੇ ਘੇਰੇ ‘ਚ ਆ ਚੁੱਕੇ ਹਨ।
ਨਸ਼ਾ ਮੁਕਤੀ ਮੁਹਿੰਮ ‘ਤੇ ਖਰਚੇ ਜਾਣਗੇ 150 ਕਰੋੜ ਰੁਪਏ
ਹਰਪਾਲ ਚੀਮਾ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਜੰਗ ਵਿਰੁੱਧ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ। ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਪਹਿਲੀ ਡਰੱਗ ਜਨਗਣਨਾ ਅਗਲੇ ਸਾਲ ਪੰਜਾਬ ‘ਚ ਹੋਵੇਗੀ। ਸਰਕਾਰ 2025-26 ‘ਚ ਨਸ਼ਾ ਮੁਕਤੀ ਮੁਹਿੰਮ ‘ਤੇ 150 ਕਰੋੜ ਰੁਪਏ ਖਰਚ ਕਰੇਗੀ।
ਜੇਲ੍ਹ ਵਿਭਾਗ ਲਈ 11,560 ਕਰੋੜ ਰੁਪਏ ਦਾ ਬਜਟ
ਸਰਕਾਰ ਗੈਂਗਸਟਰਾਂ ਨਾਲ ਨਜਿੱਠਣ ਲਈ ਕਾਰਵਾਈ ਕਰ ਰਹੀ ਹੈ। ਇਸ ਲਈ ਅਸੀਂ ਐਮਰਜੈਂਸੀ ਪ੍ਰਤੀਕਿਰਿਆ ਪ੍ਰਣਾਲੀ ਨੂੰ ਮਜ਼ਬੂਤ ਕਰਾਂਗੇ। ਇਸਦਾ ਸਮਾਂ 30 ਮਿੰਟ ਤੋਂ ਘਟਾ ਕੇ 8 ਮਿੰਟ ਕਰ ਦਿੱਤਾ ਜਾਵੇਗਾ। ERV ਖਰੀਦਣ ਲਈ 125 ਕਰੋੜ ਰੁਪਏ ਖਰਚ ਕੀਤੇ ਜਾਣਗੇ ਅਤੇ 112 ਨਵੇਂ ਕੰਟਰੋਲ ਹੈੱਡਕੁਆਰਟਰ ਬਣਾਉਣ ਲਈ 153 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਸੜਕ ਸੁਰੱਖਿਆ ਫੋਰਸ (SSF) ਦੇ ਨਤੀਜੇ ਬਹੁਤ ਵਧੀਆ ਰਹੇ ਹਨ। ਇਸ ਕਾਰਨ ਸੜਕ ਹਾਦਸਿਆਂ ਦੌਰਾਨ ਹੋਣ ਵਾਲੀਆਂ ਮੌਤਾਂ ‘ਚ 48 ਪ੍ਰਤੀਸ਼ਤ ਦੀ ਕਮੀ ਆਈ ਹੈ। ਜੇਲ੍ਹ ਵਿਭਾਗ ਲਈ 11,560 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਜੇਲ੍ਹਾਂ ਵਿੱਚ ਏਆਈ ਕੈਮਰੇ ਲਗਾਏ ਜਾ ਰਹੇ ਹਨ। ਕਾਲਜ ਵਿੱਚ 2,200 ਤੋਂ ਵੱਧ ਕੈਦੀਆਂ ਨੂੰ ਦਾਖਲਾ ਦਿੱਤਾ ਗਿਆ ਹੈ। ਜੇਲ੍ਹਾਂ ਦੇ ਨਵੀਨੀਕਰਨ ਅਤੇ ਅਪਗ੍ਰੇਡੇਸ਼ਨ ਲਈ 100 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।
ਪੁਲਿਸ ਦੇ ਆਧੁਨਿਕੀਕਰਨ ਲਈ 233 ਕਰੋੜ ਰੁਪਏ
ਬਜਟ (Punjab Budget) ‘ਚ ਪੰਜਾਬ ਪੁਲਿਸ ਦੇ ਆਧੁਨਿਕੀਕਰਨ ਲਈ 233 ਕਰੋੜ ਰੁਪਏ ਦਾ ਬਜਟ ਰੱਖਿਆ ਹੈ। ਜਿਸ ਨਾਲ ਪੁਲਿਸ ਲਾਈਨਾਂ ਦੀ ਉਸਾਰੀ ਅਤੇ ਹੋਰ ਚੀਜ਼ਾਂ ‘ਤੇ ਪੈਸਾ ਖਰਚ ਕੀਤਾ ਜਾਵੇਗਾ। ਨਿਆਂ ਪ੍ਰਣਾਲੀ ਦੇ ਵਿਸਥਾਰ ਲਈ, ਡੇਰਾਬੱਸੀ, ਖੰਨਾ ਅਤੇ ਪਾਤੜਾਂ ‘ਚ 132 ਕਰੋੜ ਰੁਪਏ ਦੀ ਲਾਗਤ ਨਾਲ ਨਿਆਂਇਕ ਕੰਪਲੈਕਸ ਉਸਾਰੇ ਜਾਣਗੇ।
ਪੇਂਡੂ ਸੜਕਾਂ ਲਈ 600 ਕਰੋੜ ਰੁਪਏ ਦਾ ਬਜਟ
ਪੰਜਾਬ ਬਜਟ (Punjab Budget) ‘ਚ ਕਿਹਾ ਗਿਆ ਕਿ ਸੂਬੇ ‘ਸੀ ਪੁਲਾਂ ਅਤੇ ਸੜਕਾਂ ਦੇ ਨਿਰਮਾਣ ‘ਤੇ ਵਧੀਆ ਕੰਮ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ 2718 ਕਿਲੋਮੀਟਰ ਸੜਕਾਂ ਲਈ 855 ਕਰੋੜ ਰੁਪਏ ਖਰਚੇ ਜਾਣਗੇ। ਇਸਦੇ ਨਾਲ ਹੀ ਪੁਲ ਦੇ ਕੰਮ ਲਈ 155 ਕਰੋੜ ਰੁਪਏ ਅਲਾਟ ਕੀਤੇ ਹਨ। 200 ਕਿਲੋਮੀਟਰ ਅਤੇ ਪੰਜ ਵੱਡੇ ਪੁਲਾਂ ਲਈ 190 ਕਰੋੜ ਰੁਪਏ ਰੱਖੇ ਗਏ ਹਨ। 1300 ਕਿਲੋਮੀਟਰ ਪੇਂਡੂ ਸੜਕਾਂ ਲਈ 600 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।
Read More: Punjab Budget: ਪੰਜਾਬ ਸਰਕਾਰ ਨੇ ਮੈਡੀਕਲ ਸੈਕਟਰ ਲਈ ਰੱਖਿਆ 1,336 ਕਰੋੜ ਦਾ ਬਜਟ