Punjab

ਆਰਨਾਲਡ ਮੈਥਿਊਜ਼ (1765-1820) ਦੀ ਨਜ਼ਰ ‘ਚ ਦੋ ਸਦੀਆਂ ਪਹਿਲਾਂ ਦਾ ਪੰਜਾਬ

ਲਿਖਾਰੀ
ਪ੍ਰੋ. ਹਰਪਾਲ ਸਿੰਘ ਪੰਨੂ

ਅਪਰੈਲ 1808 ਈਸਵੀ ਨੂੰ ਬੰਗਾਲ ਆਰਮੀ ਦਾ ਇੱਕ ਅੰਗਰੇਜ਼ ਅਫ਼ਸਰ ਪੰਜਾਬ ਦੇਖਣ ਆਇਆ ਤੇ ਪੰਜ ਜੁਲਾਈ ਤੱਕ ਲਾਹੌਰ ਅਤੇ ਉਸ ਦੇ ਇਰਦ-ਗਿਰਦ ਘੁੰਮਿਆ। ਦੋ ਵਾਰੀ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਿਆ ਅਤੇ ਅਨੇਕਾਂ ਪੰਜਾਬੀਆਂ ਨਾਲ ਬਾਤਚੀਤ ਕੀਤੀ। ਉਸ ਦੀ ਘੋੜ ਸਵਾਰ ਸੈਨਿਕ ਟੁਕੜੀ ਉਸ ਨਾਲ ਸੀ ਤੇ ਉਸ ਦਾ ਹਿੰਦੁਸਤਾਨੀ ਮੁਣਸ਼ੀ ਦੁਭਾਸ਼ੀਏ ਦਾ ਕੰਮ ਕਰਦਾ ਸੀ। ਉਦੋਂ ਦੀ ਸਮਕਾਲੀ ਲਿਖਤ ਵਿਚ ਦਰਜ ਨਹੀਂ ਕਿ ਅਫ਼ਸਰ ਕੌਣ ਸੀ। ਸ਼ਨਾਖਤ ਛੁਪਾਉਣ ਦਾ ਮਨੋਰਥ ਇਹ ਸੀ ਕਿ ਉਹ ਅਪਣੇ ਖ਼ੁਫ਼ੀਆ ਮਿਸ਼ਨ ਉੱਪਰ ਅੰਗਰੇਜ਼ਾਂ ਵੱਲੋਂ ਭੇਜਿਆ ਗਿਆ ਸੀ ਤਾਂ ਕਿ ਪੰਜਾਬ ਦੇ ਭੂਗੋਲਿਕ ਅਤੇ ਰਾਜਨੀਤਕ ਹਾਲਾਤ ਦਾ ਪਤਾ ਕਰਕੇ ਈਸਟ ਇੰਡੀਆ ਕੰਪਨੀ ਨੂੰ ਦੱਸੇ। ਹੁਣ ਪਤਾ ਲੱਗ ਗਿਆ ਹੈ ਉਸ ਦਾ ਨਾਮ ਆਰਨਲਡ ਮੈਥਿਊਜ਼ ਸੀ ਤੇ ਉਸਦੀ ਜੀਵਨ ਅਵਧੀ 1765- 1820 ਹੈ। ਇਸੇ ਦੌਰ ਵਿਚ ਮੈਟਕਾਫ ਪੰਜਾਬ ਆਇਆ ਜੋ ਬਰਤਾਨੀਆ ਦਾ ਸਰਕਾਰੀ ਪ੍ਰਤਿਨਿਧ ਸੀ। ਇਨ੍ਹਾਂ ਦੋਵਾਂ ਦੀਆਂ ਲਿਖਤਾਂ ਤੋਂ ਸਾਨੂੰ ਉਸ ਵੇਲੇ ਦੇ ਪੰਜਾਬ ਦੀ ਤਸਵੀਰ ਸਾਫ ਦਿਸਦੀ ਹੈ। ਮੈਟਕਾਫ ਨਾਲ ਮੁਲਾਕਾਤ ਫਿਰ ਕਰਵਾਵਾਂਗੇ, ਐਤਕੀ ਮੈਥਿਊਜ਼ ਨੂੰ ਮਿਲੀਏ।

ਦੋ ਸੌ ਸਾਲ ਪਹਿਲਾਂ ਦਾ ਪੰਜਾਬ ਕਿਹੋ ਜਿਹਾ ਸੀ, ਪੰਜਾਬੀ ਕਿਹੋ ਜਿਹੇ ਸਨ, ਹਥਲੇ ਸਫ਼ਰਨਾਮੇ ਤੋਂ ਕਾਫੀ ਜਾਣਕਾਰੀ ਮਿਲਦੀ ਹੈ। ‘ਦਿ ਏਸ਼ੀਆਟਕ ਐਨੁਅਲ ਰਜਿਸਟਰ’ ਜਿਲਦ 1809 ਵਿੱਚੋਂ ਪੂਰਾ ਸਫਰਨਾਮਾ ਡਾ. ਗੰਡਾ ਸਿੰਘ ਨੇ ਲੱਭ ਕੇ ਦਿੱਤਾ ਸੀ। (ਹੱਥਲਾ ਬਿਰਤਾਂਤ ਆਰਨਲਡ ਮੈਥਿਊਜ਼ ਅਨੁਸਾਰ ਹੈ ਜਿਸ ਵਿਚ ਕੁਝ ਗ਼ਲਤੀਆਂ ਤੇ ਵਖਰੇਵੇਂ ਹੋਣੇ ਸੁਭਾਵਿਕ ਹਨ।) ਇਸ ਵਿੱਚੋਂ ਕੁਝ ਕੁ ਅੰਸ਼ ਪਾਠਕਾਂ ਵਾਸਤੇ ਪੇਸ਼ ਹਨ:

15 ਅਪਰੈਲ 1808: ਜਮਨਾ ਪਾਰ ਕਰਕੇ ਪੰਜਾਬ ਵੱਲ ਵਧਿਆ ਤਾਂ ਸਹਾਰਨਪੁਰ ਵੱਲੋਂ ਪੰਜਾਬ ਵੱਲ ਆਉਂਦਾ ਸਿੱਖਾਂ ਦਾ ਇਕ ਕਾਫਲਾ ਮਿਲਿਆ ਜੋ ਹਰਦੁਆਰ ਦੇ ਮੇਲੇ ਤੋਂ ਵਾਪਸ ਪਰਤ ਰਿਹਾ ਸੀ। ਸਾਰਿਆਂ ਨੇ ਮੇਰੇ ਵਿਚ ਦਿਲਚਸਪੀ ਲਈ। ਜੱਟੀਆਂ ਬੇਝਿਜਕ ਮੇਰੇ ਨੇੜੇ ਆ ਗਈਆਂ ਤੇ ਮਰਦਾਂ ਨੂੰ ਪਰੇ ਹਟਾ ਕੇ ਮੇਰੇ ਵੱਲ ਦੇਖ ਕੇ ਪਹਿਲਾਂ ਰੱਜ ਕੇ ਹੱਸੀਆਂ ਤੇ ਫਿਰ ਸਵਾਲਾਂ ਦੀ ਵਾਛੜ ਕਰ ਦਿੱਤੀ। ਕੁਝ ਕੁ ਸਵਾਲ ਇਹੋ ਜਿਹੇ ਸਨ, ‘‘ਤੇਰੀ ਟੋਪੀ ਕਿੱਥੇ ਹੈ?’’ ‘‘ਕੀ ਤੈਨੂੰ ਕਦੀ ਧੁੱਪ ਅਤੇ ਹਵਾ ਵੀ ਲੱਗੀ ਹੈ?’’ ‘‘ਧਰਤੀ ’ਚੋਂ ਪੁੱਟੇ ਆਲੂ ਵਰਗਾ ਹੈਂ ਤੂੰ, ਕੀ ਹਮੇਸ਼ਾਂ ਛਤਰੀ ਤਾਣ ਕੇ ਰੱਖਦਾ ਹੈਂ?’’

ਮੇਰੇ ਤੰਬੂ ਵਿੱਚ ਨਿੱਕਾ ਜਿਹਾ ਮੇਜ਼ ਦੇਖ ਕੇ ਇਕ ਬੋਲੀ, ‘‘ਇਹ ਮੰਜੀ ਹੈ ਤੇਰੀ? ਇਸ ਉੱਤੇ ਕਿਵੇਂ ਸੌਂਦਾ ਹੈਂ ਤੂੰ?’’ ਇਕ ਹੋਰ ਨੇ ਕਿਹਾ, ‘‘ਚੰਦ ਅਤੇ ਸੂਰਜ ਬਣਾਉਣ ਤੋਂ ਬਾਅਦ ਤੀਜੀ ਸੁਹਣੀ ਚੀਜ਼ ਜਿਹੜੀ ਰੱਬ ਨੇ ਬਣਾਈ ਉਹ ਤੂੰ ਹੈਂ।’’ ਉਸ ਦਾ ਇਹ ਝੂਠ ਮੈਨੂੰ ਚੰਗਾ ਲੱਗਾ।
ਬਦਾਮੀ ਰੰਗ ਦੀਆਂ ਸਿੱਖ ਜੱਟੀਆਂ ਸੁਹਣੀਆਂ ਹਨ। ਇਨ੍ਹਾਂ ਦੇ ਦੰਦਾਂ ਦੀ ਜੜਤ ਦੇਖਣ ਵਾਲੀ ਹੈ। ਨਾ ਪਾਨ ਖਾਂਦੀਆਂ ਹਨ ਨਾ ਜ਼ਰਦਾ। ਇਹੋ ਕਾਰਨ ਹੈ ਕਿ ਬੇਦਾਗ ਚਿੱਟੇ ਦੰਦ ਲਿਸ਼ਕਾਰੇ ਮਾਰਦੇ ਹਨ ਜਦੋਂਕਿ ਜ਼ਰਦੇ ਨੇ ਬਾਕੀ ਏਸ਼ੀਅਨਾਂ ਦਾ ਸੱਤਿਆਨਾਸ ਕਰ ਦਿੱਤਾ ਹੈ। ਪੰਜਾਬ ਦੀ ਧਰਤੀ ਉਪਜਾਊ ਹੈ। ਪਾਨ ਅਤੇ ਤੰਬਾਕੂ ਦੀ ਫਸਲ ਨਹੀਂ ਦੇਖੀ। ਲੋਕ ਸਿਹਤਮੰਦ ਹਨ। ਸੁਹਣੇ ਕੱਪੜੇ ਪਾਉਂਦੇ ਹਨ।

ਮੈਂ ਬੜਿਆਂ ਨੂੰ ਪੁੱਛਿਆ ਪਰ ਕਿਸੇ ਨੂੰ ਕੋਈ ਦੁਖ ਤਕਲੀਫ਼ ਨਹੀਂ, ਨਾ ਰੱਬ ਵਿਰੁੱਧ ਕੋਈ ਸ਼ਿਕਾਇਤ, ਨਾ ਰਾਜੇ ਵਿਰੁੱਧ। ਇਨ੍ਹਾਂ ਦੀ ਸਰਕਾਰ ਦਾ ਕੋਈ ਲਿਖਤੀ ਵਿਧਾਨ ਨਹੀਂ। ਰਾਜੇ ਦਾ ਬੋਲ ਕਾਨੂੰਨ ਹੈ ਪਰ ਉਹ ਇੰਨਾ ਨਿਮਰ ਤੇ ਇਨਸਾਫ਼-ਪਸੰਦ ਹੈ ਕਿ ਲੋਕ ਉਸ ਨੂੰ ਦਿਲੋਂ ਪਿਆਰ ਕਰਦੇ ਹਨ। ਕਾਤਲਾਂ ਨੂੰ ਵੀ ਫਾਹੇ ਨਹੀਂ ਲਾਉਂਦਾ। ਇੰਨੇ ਨਰਮ ਰਾਜੇ ਦੇ ਰਾਜ ਵਿੱਚ ਵੀ ਜੁਰਮ ਘੱਟ ਹਨ। ਸ਼ਹਿਰਾਂ, ਕਸਬਿਆਂ ਵਿਚ ਪੁਲੀਸ ਪੂਰੀ ਚੌਕਸ ਹੈ। ਸਾਰੀਆਂ ਕੌਮਾਂ ਦੇ ਪਰਦੇਸੀ ਲੋਕ ਬੇਖੌਫ ਹੋ ਕੇ ਘੁੰਮਦੇ ਹਨ, ਕਦੀ ਕਿਸੇ ਨਾਲ ਧੱਕਾ ਨਹੀਂ ਹੋਇਆ। ਖਾਣ-ਪੀਣ ਸਣੇ ਪਰਦੇਸੀ ਨੂੰ ਜਿਸ ਵਸਤੂ ਦੀ ਲੋੜ ਹੋਵੇ ਕੋਤਵਾਲ ਪਾਸੋਂ ਮਿਲ ਜਾਂਦੀ ਹੈ ਤੇ ਇਸ ਬਦਲੇ ਉਹ ਪੈਸੇ ਨਹੀਂ ਲੈਂਦਾ। ਕਹੋ ਤਾਂ ਰਾਤ ਲਈ ਬਾਡੀਗਾਰਡ ਦੇ ਦਿੰਦਾ ਹੈ।

ਕੋਈ ਸਿੱਖ ਜੇ ਸਿੰਘ ਸਜਣਾ ਚਾਹੇ, ਉਹ ਅੰਮ੍ਰਿਤਸਰ ਜਾਂਦਾ ਹੈ। ਉੱਥੇ ਅਕਾਲੀ ਰਹਿੰਦੇ ਹਨ। ਸਿੰਘ ਬਣਨ ਵਾਲੇ ਨੂੰ ਉਹ ਕਹਿੰਦੇ ਹਨ ‘‘ਜੇ ਦਿਲੋਂ ਸਿੰਘ ਬਣਨ ਆਇਆ ਹੈਂ ਤਾਂ ਸਬੂਤ ਦੇਹ।’’ ਅਭਿਲਾਖੀ ਬੰਦਾ ਆਪਣਾ ਜਨੇਊ ਆਪ ਤੋੜ ਕੇ ਸੁੱਟ ਦਿੰਦਾ ਹੈ। ਫਿਰ ਕੁਝ ਰਸਮਾਂ ਤੋਂ ਬਾਅਦ ਉਸ ਨੂੰ ਸ਼ਰਬਤ ਪਿਲਾਉਂਦੇ ਹਨ ਤੇ ਬਸ, ਸਿੰਘ ਹੋ ਗਿਆ। ਖਾਣ-ਪੀਣ ਦੀ ਕੋਈ ਮਨਾਹੀ ਨਹੀਂ। ਇਕ ਗਾਂ ਦਾ ਮਾਸ ਨਹੀਂ ਖਾਂਦੇ। ਸ਼ਰਾਬ ਜਿਹੜੀ ਮਰਜ਼ੀ ਪਿਲਾ ਦਿਉ। ਸਿੱਖ ਵੀ ਤੇ ਸਿੰਘ ਵੀ ਇਕ ਵਿਆਹ ਕਰਵਾਉਂਦੇ ਹਨ। ਔਰਤ ਦੀ ਮੌਤ ਹੋ ਜਾਵੇ ਤਾਂ ਦੂਜਾ ਵਿਆਹ ਕਰਵਾ ਲੈਂਦੇ ਹਨ।

ਵਿਧਵਾ ਔਰਤਾਂ ਦੂਜਾ ਵਿਆਹ ਨਹੀਂ ਕਰਵਾਉਂਦੀਆਂ। ਜੱਟੀਆਂ ਪਤੀ ਮਰ ਜਾਣ ’ਤੇ ਦੂਜਾ ਵਿਆਹ ਕਰਵਾ ਲੈਂਦੀਆਂ ਹਨ। ਜੱਟੀਆਂ ਤਾਂ ਤੀਜਾ ਵਿਆਹ ਵੀ ਕਰ ਲੈਂਦੀਆਂ ਹਨ। ਪੰਜਾਬ ਵਿੱਚ ਕਿਧਰੇ ਸਤੀ ਦੀ ਰਸਮ ਨਹੀਂ। ਜੰਮੂ ਦੇ ਰਾਜਪੂਤਾਂ ਵਿੱਚ ਅਜੇ ਵੀ ਇਹ ਪਾਪੀ ਰਸਮ ਮੌਜੂਦ ਹੈ। ਔਰਤ ਆਪ ਰਜ਼ਾਮੰਦ ਨਾ ਹੋਵੇ ਤਾਂ ਧੱਕੇ ਨਾਲ ਚੁੱਕ ਕੇ ਉਸ ਨੂੰ ਚਿਖਾ ਵਿੱਚ ਸੁੱਟ ਦਿੰਦੇ ਹਨ। ਜੱਟੀਆਂ ਬਗੈਰ ਪਰਦੇ ਦੇ ਆਰਾਮ ਨਾਲ ਬਾਹਰ ਅੰਦਰ ਘੁੰਮਦੀਆਂ ਹਨ। ਇਹ ਉੱਚੇ ਇਖਲਾਕ ਵਾਲੀਆਂ ਔਰਤਾਂ ਹਨ।

ਅੰਬਾਂ ਦੇ ਬਹੁਤ ਬਾਗ਼ ਹਨ। ਜ਼ਮੀਨ ਭੂਰੇ ਰੰਗ ਦੀ ਮੈਰਾ ਹੈ। ਕਣਕ, ਜੌਂ, ਛੋਲੇ ਤੇ ਦਾਲਾਂ ਦੀ ਭਰਪੂਰ ਫਸਲ ਹੁੰਦੀ ਹੈ। ਅੰਬਾਲਾ ਅਤੇ ਮੁਲਾਣਾ ਜ਼ਿਲ੍ਹੇ ਦੋ ਸਰਦਾਰਨੀਆਂ ਦਇਆ ਕੌਰ ਅਤੇ ਰੂਪ ਕੌਰ ਦੇ ਕਬਜ਼ੇ ਵਿਚ ਹਨ। ਇਹ ਔਰਤਾਂ ਗੁਰਬਖ਼ਸ਼ ਸਿੰਘ ਅਤੇ ਲਾਲ ਸਿੰਘ ਸਰਦਾਰਾਂ ਦੀਆਂ ਵਿਧਵਾਵਾਂ ਹਨ। ਅੱਠ ਅੱਠ ਹਜ਼ਾਰ ਘੋੜ ਸਵਾਰ ਦੋਹਾਂ ਦੀ ਕਮਾਨ ਅਧੀਨ ਹਨ। ਇਹ ਕਿਲ੍ਹਿਆਂ ਵਿੱਚ ਰਹਿੰਦੀਆਂ ਹਨ ਜੋ ਪੱਕੀਆਂ ਇੱਟਾਂ ਦੇ ਬਣੇ ਹੋਏ ਹਨ। ਬਾਕੀ ਲੋਕਾਂ ਦੇ ਵਧੀਕ ਘਰ ਵੀ ਪੱਕੇ ਹਨ।

ਸਰਦਾਰਨੀ ਰੂਪ ਕੌਰ ਨੇ ਆਪਣਾ ਦੀਵਾਨ ਮੇਰੇ ਪਾਸ ਭੇਜਿਆ, ਜਿਸ ਨੇ ਨਿਮਰਤਾ ਨਾਲ ਮੈਨੂੰ ਸਾਥੀਆਂ ਸਮੇਤ ਖਾਣੇ ਲਈ ਸੱਦਿਆ। ਸਾਰੇ ਦੇਸ਼ ਵਿੱਚ ਪਰਦੇਸੀਆਂ ਤੇ ਅਜਨਬੀਆਂ ਲਈ ਦਿਆਲਤਾ ਮੌਜੂਦ ਹੈ। ਇਹ ਲੋਕ, ਰੰਗ, ਨਸਲ, ਧਰਮ ਅਤੇ ਦੇਸ਼ ਪ੍ਰਤੀ ਬਿਲਕੁਲ ਤੁਅਸਬੀ ਨਹੀਂ। ਅੰਨ ਦੇ ਭੰਡਾਰ ਭਰੇ ਪਏ ਹਨ। ਉਨ੍ਹਾਂ ਦੇ ਹੋਠਾਂ ਦੀ ਮੁਸਕਾਨ ਹੀ ਤੁਹਾਨੂੰ ਖ਼ੁਸ਼ਆਮਦੀਦ ਕਹਿੰਦੀ ਦਿਸਦੀ ਹੈ। ਚੰਗੇ ਸਲੀਕੇ ਵਾਲੇ ਇਹ ਲੋਕ ਸਤਿਕਾਰਯੋਗ ਹਨ। ਇਨ੍ਹਾਂ ਦੇ ਮੁਕਾਬਲੇ ਜਿੱਥੇ ਵੀ ਮਿਲੇ, ਮੁਸਲਮਾਨਾਂ ਨੇ ਮੈਨੂੰ ਘਿਰਣਾ ਕੀਤੀ। ਸਿੱਖਾਂ ਬਾਰੇ ਜੋ ਸੁਣਿਆ ਸੀ ਉਹੋ ਦੇਖਿਆ। ਇਹ ਝੂਠ ਨਹੀਂ ਬੋਲਦੇ, ਠੱਗੀ ਨਹੀਂ ਮਾਰਦੇ।

ਮੇਰਾ ਦਾਅਵਾ ਹੈ ਕਿ ਏਸ਼ੀਆ ਵਿੱਚ ਜੇ ਕੋਈ ਈਮਾਨਦਾਰ ਕੌਮ ਹੈ ਉਹ ਸਿੱਖਾਂ ਦੀ ਹੈ। ਜ਼ਬਾਨ ਦੇ ਪੱਕੇ ਹਨ। ਦੋਸਤੀ ਹੋ ਗਈ ਤਾਂ ਨਿਰਾਸ਼ ਨਹੀਂ ਕਰਦੇ ਤੇ ਦੁਸ਼ਮਣੀ ਦਾ ਸ਼ਰੇਆਮ ਐਲਾਨ ਕਰਦੇ ਹਨ। ਕੁੱਲ ਮਿਲਾ ਕੇ ਸਿੱਧੇ ਸਾਦੇ ਇਹ ਲੋਕ ਬਹਾਦਰ ਹਨ, ਰਹਿਮ ਦਿਲ ਤੇ ਸਖਤ ਜਾਨ ਹਨ। ਮੈਨੂੰ ਤਾਂ ਭਾਰਤ ਵਿੱਚ ਇਸ ਤੋਂ ਵਧੀਆ ਨਸਲ ਦਿਸੀ ਨਹੀਂ ਕਿਧਰੇ। ਇਹ ਉੱਤਮ ਖਿਲਾੜੀ ਹਨ, ਧੀਰਜਵਾਨ ਹਨ, ਵਫਾਦਾਰ ਹਨ ਤੇ ਧਰਮੀ ਹਨ। ਆਪਣੇ ਜਥੇਦਾਰਾਂ ਨਾਲ ਦਿਲੋਂ ਇੱਕ ਹਨ ਤੇ ਉਨ੍ਹਾਂ ਨਾਲ ਕਦੇ ਬੇਵਫ਼ਾਈ ਨਹੀਂ ਕਰਦੇ।

ਰਿਆਸਤ ਪਟਿਆਲੇ ਦੀ ਧਰਤੀ ਚੰਗੀ ਹੈ ਪਰ ਲੋਕ ਨਿਕੰਮੇ ਹਨ। ਬੜੇ ਥੋੜ੍ਹੇ ਖੂਹ ਹਨ। ਖੇਤਾਂ ਵਿੱਚ ਦਾਣੇ ਬੀਜ ਆਉਂਦੇ ਹਨ, ਫਸਲ ਹੋ ਗਈ ਠੀਕ, ਨਹੀਂ ਰੱਬ ਰਾਖਾ। ਹਰਟਾਂ ਵਿੱਚੋਂ ਬਲਦਾਂ ਨਾਲ ਪਾਣੀ ਖਿੱਚਦੇ ਹਨ। ਪਟਿਆਲੇ ਸ਼ਹਿਰ ਦੇ ਦੁਆਲੇ ਕੰਧ ਅਤੇ ਖਾਈ ਹੈ। ਰਾਜਾ ਸਾਹਿਬ ਸਿੰਘ ਤਿੰਨ ਫੁੱਟ ਚੌੜੀ ਪੱਕੀ ਕੰਧ ਉਸਾਰਨੀ ਚਾਹੁੰਦਾ ਹੈ। ਰਾਜੇ ਪਾਸ ਤਿੰਨ ਚਾਰ ਤੋਪਾਂ ਹਨ। ਪਟਿਆਲੇ ਵਿੱਚ ਇਹ ਰਿਵਾਜ ਹੈ ਕਿ ਮਰੇ ਬੰਦੇ ਦਾ ਸਸਕਾਰ ਕਰਕੇ ਸਮਾਧ ਬਣਾ ਦਿੰਦੇ ਹਨ। ਇਹ ਸਮਾਧਾਂ ਇਹੋ ਜਿਹੀਆਂ ਹਨ ਜਿਹੋ ਜਿਹੀਆਂ ਸਤੀ ਔਰਤਾਂ ਦੀਆਂ ਹੁੰਦੀਆਂ ਹਨ। ਇਹੋ ਜਿਹੀਆਂ ਸਮਾਧਾਂ ਬਣਾਉਣ ਦਾ ਰਿਵਾਜ ਪੰਜਾਬ ਵਿੱਚ ਹੋਰ ਕਿਧਰੇ ਨਹੀਂ।

ਅੰਬਾਲੇ ਤੋਂ ਰਾਜਪੁਰਾ ਤੇ ਸਰਹਿੰਦ ਥਾਣੀ ਹੋ ਕੇ ਮੈਂ 24 ਅਪਰੈਲ 1808 ਨੂੰ ਮਾਛੀਵਾੜੇ ਪੁੱਜਾ। ਇੱਥੇ ਮੈਨੂੰ ਖਬਰ ਮਿਲੀ ਕਿ ਅਫਗਾਨ ਬਾਦਸ਼ਾਹ ਸ਼ੁਜਾਅ-ਉਲ-ਮੁਲਕ ਵਿਰੁੱਧ ਬਗਾਵਤ ਹੋ ਗਈ ਹੈ ਤੇ ਬਾਗੀਆਂ ਨੇ ਮਹਾਰਾਜਾ ਰਣਜੀਤ ਸਿੰਘ ਤੋਂ ਫੌਜੀ ਸਹਾਇਤਾ ਦੀ ਮੰਗ ਕੀਤੀ ਹੈ। 25 ਤਰੀਕ ਨੂੰ ਸਤਲੁਜ ਪਾਰ ਕਰਕੇ ਰਾਹੋਂ ਪੁੱਜਾ। ਸਤਲੁਜ ਦਾ ਪੁਰਾਣਾ ਨਾਮ ਸੱਤਰੁਦਰ ਸੀ। ਸੰਸਕ੍ਰਿਤ ਵਿੱਚ ਲਹੂ ਨੂੰ ਰੁਦਰ ਕਿਹਾ ਜਾਂਦਾ ਹੈ। ਦਰਿਆ ਕਿਨਾਰੇ, ਖੂਨੀ ਜੰਗਾਂ ਹੋਣ ਕਰਕੇ ਇਹ ਨਾਮ ਪਿਆ। ਸਤਾਈ ਤਰੀਕ ਨੂੰ ਫਗਵਾੜੇ ਪੁੱਜਾ। ਜਮਨਾ ਤੋਂ ਲੈ ਕੇ ਇੱਥੇ ਤੱਕ ਬਲਦ ਅਤੇ ਭੇਡਾਂ ਕਮਜ਼ੋਰ ਹਨ। ਪੰਜਾਬ ਵਿਚ ਨਾ ਸੂਰ ਹਨ ਨਾ ਬੱਤਖਾਂ। ਥੋੜ੍ਹੇ ਜਿਹੇ ਹੰਸ ਹਨ। ਮੁਰਗੇ ਮਿਲ ਜਾਂਦੇ ਹਨ। ਫਗਵਾੜੇ ਦਾ ਇਲਾਕਾ ਖੁਸ਼ਕ ਹੈ। ਨਾ ਅਰਹਰ ਹੁੰਦੀ ਹੈ ਨਾ ਬਾਜਰਾ। ਕਣਕ, ਜੌਂ, ਛੋਲੇ, ਮੋਠ, ਮੂੰਗ, ਜਵਾਰ, ਉੜਦ ਤੇ ਗੰਨੇ ਦੀ ਭਰਪੂਰ ਫਸਲ ਹੁੰਦੀ ਹੈ। ਕਣਕ, ਜੌਂ ਇਕ ਰੁਪਿਆ ਮਣ, ਛੋਲੇ, ਮੋਠ, ਮੂੰਗ, ਉੜਦ, ਗੁੜ ਰੁਪਏ ਦੇ 35 ਸੇਰ ਤੇ ਚਾਵਲ 20 ਸੇਰ ਮਿਲ ਜਾਂਦੇ ਹਨ। ਖੱਦਰ ਤਿਆਰ ਹੁੰਦਾ ਹੈ।

ਜਲੰਧਰ ਕਦੀ ਸ਼ਾਨਦਾਰ ਸ਼ਹਿਰ ਸੀ, ਹੁਣ ਬਰਬਾਦ ਹੋਇਆ ਪਿਆ ਹੈ। ਪਹਿਲਾਂ ਇੱਥੇ ਅਫਗਾਨ ਰਹਿੰਦੇ ਸਨ। ਅਫਗਾਨਾਂ ਦੇ ਪੱਕੇ ਘਰਾਂ ਦੇ ਮਲਬੇ ਵਿਚੋਂ ਇੱਟਾਂ ਚੁਗ ਚੁਗ ਸਿੱਖ ਆਪਣੇ ਨਵੇਂ ਘਰ ਬਣਾ ਰਹੇ ਹਨ। ਲਾਰਡ ਲੇਕ ਇੱਥੇ ਰਿਹਾ ਸੀ। ਲੋਕ ਉਸ ਨੂੰ ਚੰਗੀ ਭਾਵਨਾ ਨਾਲ ਯਾਦ ਕਰਦੇ ਹਨ। ਰਾਮਗੜ੍ਹੀਏ ਅਤੇ ਆਹਲੂਵਾਲੀਏ ਇਕ ਦੂਜੇ ’ਤੇ ਹਥਿਆਰਬੰਦ ਹੱਲੇ ਅਕਸਰ ਕਰਦੇ ਰਹਿੰਦੇ ਹਨ।

ਦੋ ਮਈ 1808 ਨੂੰ ਬਟਾਲੇ ਪੁੱਜਾ। ਅੰਮ੍ਰਿਤਸਰ ਤੋਂ 24 ਮੀਲ ਪੂਰਬ ਵੱਲ ਇਹ ਵੱਡਾ ਸ਼ਹਿਰ ਰਾਣੀ ਸਦਾ ਕੌਰ (ਮਹਾਰਾਜਾ ਰਣਜੀਤ ਸਿੰਘ ਦੀ ਸੱਸ) ਦੀ ਜਗੀਰ ਹੈ ਜਿੱਥੇ ਉਹ ਸ਼ਾਨਦਾਰ ਮਹਿਲ ਵਿੱਚ ਰਹਿੰਦੀ ਹੈ। ਰਾਣੀ ਨੇ ਮੇਰੇ ਵੱਲ ਉਚੇਚੀ ਉਦਾਰਤਾ ਦਿਖਾਈ। ਅੰਬਾਂ ਦੇ ਬਾਗ ਤੇ ਪਾਣੀ ਦੇ ਤਾਲਾਬ ਹਨ। ਪੰਜਾਬ ਵਿਚ ਸਭ ਤੋਂ ਤਕੜੀ ਧਰਤੀ ਇਹ ਹੈ। ਆਲੂਚੇ ਜੋ ਪੰਜਾਬ ਵਿਚ ਕਿਤੇ ਨਹੀਂ ਇੱਥੇ ਬਹੁਤ ਹਨ। ਇੱਥੋਂ ਦੇ ਸੇਬ ਵੱਡ ਆਕਾਰੀ ਅਤੇ ਸੁਗੰਧੀ ਵਾਲੇ ਮਿੱਠੇ ਹਨ। ਹਿੰਦੁਸਤਾਨੀ ਸੇਬ ਖੱਟੇ ਹੁੰਦੇ ਹਨ। ਸ਼ਹਿਤੂਤ ਅਤੇ ਬੇਰ ਵੀ ਹਨ।
ਪਤਾ ਲੱਗਿਆ ਕਿ ਇਕ ਸਾਧ ਮਹਾਰਾਜਾ ਰਣਜੀਤ ਸਿੰਘ ਪਾਸ ਜਾ ਕੇ ਮੇਰੇ ਵਿਰੁੱਧ ਬੋਲਿਆ ਤੇ ਕਹਿਣ ਲੱਗਾ ਕਿ ਫਰੰਗੀਆਂ ਦਾ ਪੰਜਾਬ ਵਿੱਚ ਆਉਣਾ ਬੰਦ ਕਰੋ। ਇਹ ਰਾਜ ਖੋਹਣਗੇ। ਰਣਜੀਤ ਸਿੰਘ ਹੱਸ ਪਿਆ ਤੇ ਸਾਧ ਨੂੰ ਟਾਲ ਦਿੱਤਾ।

14 ਮਈ ਨੂੰ ਅੰਮ੍ਰਿਤਸਰ ਪੁੱਜਾ। ਹਾੜ੍ਹੀ ਦੀ ਕਟਾਈ ਸੰਪੂਰਨ ਹੋ ਚੁੱਕੀ ਹੈ। ਜੋੜੇ ਲਾਹ ਕੇ ਪੂਰੇ ਅਦਬ ਨਾਲ ਮੈਂ ਦਰਬਾਰ ਸਾਹਿਬ ਮੱਥਾ ਟੇਕਣ ਗਿਆ। ਚੌਰਸ ਖੁੱਲ੍ਹਾ ਥਾਂ ਹੈ ਤੇ ਹਰੇਕ ਬਾਹੀ ਸਵਾ ਸੌ ਕਰਮਾਂ ਦੀ ਹੈ। ਤਲਾਬ ਦੇ ਵਿਚਕਾਰ ਪੱਕੀਆਂ ਇੱਟਾਂ ਦਾ ਗੁਰੂ ਗੋਬਿੰਦ ਸਿੰਘ ਦਾ ਮੰਦਰ ਹੈ। ਸਾਫ ਸਜਿਆ ਹੋਇਆ ਥਾਂ ਹੈ। ਰਾਜਾ ਆਪਣੇ ਖਰਚੇ ਉੱਤੇ ਹੋਰ ਸਜਾਵਟ ਕਰਵਾ ਰਿਹਾ ਹੈ। ਰੇਸ਼ਮੀ ਚਾਨਣੀ ਹੇਠ ਗੁਰੂ ਗੋਬਿੰਦ ਸਿੰਘ ਦਾ ਲਿਖਵਾਇਆ ਹੋਇਆ ਗੁਰਮੁਖੀ ਅੱਖਰਾਂ ਵਿੱਚ ਗ੍ਰੰਥ ਹੈ। ਮੰਦਰ ਨੂੰ ਹਰਿਮੰਦਰ ਕਹਿੰਦੇ ਹਨ ਜਿਸ ਦਾ ਭਾਵ ਹੈ ਰੱਬ ਦਾ ਘਰ। ਪੂਜਾ ਪਾਠ ਕਰਨ ਵਾਸਤੇ ਇੱਥੇ ਪੰਜ ਛੇ ਸੌ ਅਕਾਲੀ ਰਹਿੰਦੇ ਹਨ।

ਚੜ੍ਹਾਵੇ ਦੇ ਧਨ ਨਾਲ ਇਨ੍ਹਾਂ ਨੇ ਸ਼ਾਨਦਾਰ ਕੋਠੀਆਂ ਬਣਾ ਲਈਆਂ ਹਨ। ਹੋਲਕਰ ਇੱਥੇ ਦੋ ਹਜ਼ਾਰ ਰੁਪਿਆ ਚੜ੍ਹਾ ਕੇ ਗਿਆ ਸੀ ਤੇ ਰਾਜਾ ਰਣਜੀਤ ਸਿੰਘ ਜਦੋਂ ਅੰਮ੍ਰਿਤਸਰ ਆ ਕੇ ਰਹੇ ਤਾਂ ਦਿਨ ਵਿਚ ਦੋ ਵਾਰ ਮੱਥਾ ਟੇਕਣ ਆਉਂਦਾ ਹੈ ਤੇ ਚੰਗੀ ਰਕਮ ਦਾਨ ਦਿੰਦਾ ਹੈ। ਭਾਈ ਉਸਤੋਂ ਹੋਰ ਪੈਸੇ ਮੰਗਦੇ ਹੋਏ ਕਹਿੰਦੇ ਹਨ, ‘‘ਤੈਨੂੰ ਗੁਰੂ ਗੋਬਿੰਦ ਸਿੰਘ ਨੇ ਰਾਜ ਦਿੱਤਾ ਹੈ ਤੇ ਗੁਰੂ ਦੀ ਰਜ਼ਾ ਬਗੈਰ ਇਹ ਨਹੀਂ ਰਹੇਗਾ।’’ ਇਨ੍ਹਾਂ ਕਾਰਨਾਂ ਕਰਕੇ ਹੁਣ ਉਹ ਅੰਮ੍ਰਿਤਸਰ ਚਾਰ-ਪੰਜਾਂ ਦਿਨਾਂ ਤੋਂ ਵਧੀਕ ਨਹੀਂ ਠਹਿਰਦਾ। ਲਾਹੌਰ ਹੀ ਰਹਿੰਦਾ ਹੈ। ਲਾਹੌਰ, ਪੰਜਾਬ ਦੇਸ ਦਾ ਮਹਾਂਨਗਰ ਹੈ।

ਮੈਂ 200 ਰੁਪਿਆਂ ਦਾ ਮੱਥਾ ਟੇਕਿਆ। ਸਿੰਘ ਜਿਸ ’ਤੇ ਪ੍ਰਸੰਨ ਹੋ ਜਾਣ ਉਸ ਨੂੰ ਇਹੋ ਜਿਹੀਆਂ ਅਸੀਸਾਂ ਦਿੰਦੇ ਹਨ, ‘‘ਗੁਰੂ ਬਖਸ਼ੇਗਾ ਰਾਜ’’ ਅਤੇ ‘‘ਗੁਰੂ ਗੋਬਿੰਦ ਸਿੰਘ ਤੈਨੂੰ ਵੀ ਇਕ ਦੇਸ ਦੇਵੇ।’’ ਮੈਂ ਕੀਰਤਨ ਸੁਣਿਆ। ਬਾਬਾ ਨਾਨਕ ਸ਼ਾਹ ਅਤੇ ਗੁਰੂ ਗੋਬਿੰਦ ਸਿੰਘ ਦੀ ਰਚਨਾ ਗਾਈ ਗਈ ਸੁਣੀ। ਉਨ੍ਹਾਂ ਪਾਸ ਸਾਜ਼ ਰਬਾਬ, ਦੋਤਾਰਾ, ਸਰੰਦਾ ਤੇ ਤਬਲਾ ਸਨ। ਉਨ੍ਹਾਂ ਦੇ ਗਾਣੇ ਨੇ ਰੂਹ ਆਕਾਸ਼ ਤੱਕ ਉਡਾਈ। ਡੇਵਿਡ ਦੇ ਭਜਨਾਂ ਤੋਂ ਬਿਲਕੁਲ ਵੱਖਰੀ ਭਾਸ਼ਾ ਵਿੱਚ ਰਚੇ ਇਹ ਗੀਤ ਦਿਲਾਂ ਅੰਦਰ ਧੂਹ ਪਾਉਂਦੇ ਹਨ। ਸਾਰੀ ਬਾਣੀ ਰੱਬ ਦੀ ਉਸਤਤਿ ਹੈ। ਇਹ ਰਾਗੀ ਸੰਸਾਰ ਦੇ ਸਭ ਤੋਂ ਵਧੀਕ ਸੁਖੀ ਲੋਕ ਹਨ।

20 ਮਈ 1808 ਨੂੰ ਲਾਹੌਰ ਪੁੱਜਾ। ਰਾਜਾ ਕਿਲ੍ਹੇ ਵਿੱਚ ਰਹਿੰਦਾ ਹੈ ਜਿਸ ਵਿੱਚ ਨਾ ਕੋਈ ਫੌਜ ਹੈ ਨਾ ਦੁਆਲੇ ਖਾਈ। ਤੋਪਾਂ ਦੀ ਮਾਰ ਤੋਂ ਬਚਣ ਦਾ ਕੋਈ ਪ੍ਰਬੰਧ ਨਹੀਂ, ਗੋਲਾ ਸਿੱਧਾ ਅੰਦਰ ਆ ਸਕਦਾ ਹੈ ਆਰਾਮ ਨਾਲ। ਕਿਲੇ ਨਾਲੋਂ ਇਸ ਨੂੰ ਮਹਿਲ ਕਹਿਣਾ ਠੀਕ ਹੈ। ਸ਼ਾਨਦਾਰ ਕੰਧਾਂ ਉਤਲੀ ਸਜਾਵਟ ਮਿਟਦੀ ਜਾ ਰਹੀ ਹੈ।

ਮੁਸਲਮਾਨਾਂ ਦੇ ਘਰ ਤੇ ਮਸਜਿਦਾਂ, ਸਮੇਂ ਦੇ ਵਿਨਾਸ਼ਕਾਰੀ ਹੱਥਾਂ ਨੇ ਢਾਹ ਦਿੱਤੇ ਹਨ। ਸ਼ਹਿਰ ਨਾਲ ਖਹਿ ਕੇ ਰਾਵੀ ਦਰਿਆ ਵਗਦਾ ਹੈ ਜਿਸ ਦਾ ਪੁਰਾਣਾ ਨਾਮ ਐਰਾਵਤੀ ਸੀ। ਐਰਾਵਤੀ ਸਤਜੁਗ ਵਿਚ ਹੋਏ ਇੰਦਰ ਰਾਜੇ ਦੀ ਰਾਣੀ ਸੀ। ਅੱਠ ਸਾਲ ਪਹਿਲਾਂ ਸ਼ਾਹ ਜ਼ਮਾਨ ਇਸ ਸ਼ਹਿਰ ਵਿਚੋਂ ਤੀਹ ਲੱਖ ਰੁਪਿਆ ਲੁੱਟ ਕੇ ਲੈ ਗਿਆ ਸੀ ਜਿਸ ਕਰਕੇ ਵਪਾਰੀ ਉਜੜ ਕੇ ਅੰਮ੍ਰਿਤਸਰ ਜਾ ਵਸੇ ਹਨ। ਸੁਰੱਖਿਆ ਪੱਖੋਂ ਅੰਮ੍ਰਿਤਸਰ ਠੀਕ ਸ਼ਹਿਰ ਹੈ।

23 ਮਈ ਨੂੰ ਮੈਂ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਿਆ। ਮਹਾਰਾਜਾ ਸੌ ਫੁੱਟ ਲੰਮੇ ਹਾਲ ਵਿਚ ਮਿਲਿਆ ਜਿੱਥੇ ਸਾਰੇ ਪਾਸੇ ਸੰਗਮਰਮਰ ਅਤੇ ਰੰਗ ਬਰੰਗੇ ਹੋਰ ਕੀਮਤੀ ਪੱਥਰਾਂ ਦੀ ਸਜਾਵਟ ਸੀ। ਮਹਾਰਾਜਾ ਬਹੁਤ ਹਲੀਮੀ ਨਾਲ ਮਿਲਿਆ। ਇਸ ਹਾਲ ਨੂੰ ਆਈਨਾ-ਮਹਿਲ ਕਹਿੰਦੇ ਹਨ ਤੇ ਛੱਤ ਵਿੱਚ ਅਣਗਿਣਤ ਸ਼ੀਸ਼ੇ ਜੜੇ ਹੋਏ ਹਨ। ਬਹੁਤ ਸਾਰੇ ਸ਼ੀਸ਼ੇ ਟੁੱਟ ਚੁੱਕੇ ਹਨ। ਮੈਂ ਮਹਾਰਾਜੇ ਨੂੰ ਪੁੱਛਿਆ ਕਿ ਇਹ ਸ਼ੀਸ਼ੇ ਕਿਵੇਂ ਟੁੱਟ ਗਏ ਹਨ ਤਾਂ ਉਸ ਨੇ ਦੱਸਿਆ ਕਿ ਸਿੱਖਾਂ ਹੱਥ ਬੰਦੂਕਾਂ ਆ ਗਈਆਂ, ਜਦੋਂ ਦਿਲ ਕਰਦਾ, ਸਿੰਘ ਬੰਦੂਕਾਂ ਦੇ ਨਿਸ਼ਾਨੇ ਲਾਉਣ ਦੀ ਖੇਡ ਇੱਥੇ ਖੇਡਦੇ ਤੇ ਸ਼ੀਸ਼ਿਆਂ ’ਤੇ ਗੋਲੀ ਮਾਰਦੇ, ਜੇ ਮੈਂ ਮਨ੍ਹਾ ਨਾ ਕਰਦਾ, ਇਨ੍ਹਾਂ ਨੇ ਸਾਰੀ ਛੱਤ ਦੇ ਸ਼ੀਸ਼ੇ ਫੁੰਡ ਦੇਣੇ ਸਨ।

ਹਾਲ ਦੇ ਸਾਹਮਣੇ ਕਰਕੇ ਫੁਹਾਰਾ ਚੱਲ ਰਿਹਾ ਸੀ ਤੇ ਤਲਾਅ ਦੇ ਵਿਚਕਾਰ ਉਸ ਦਾ ਠੰਢਾ ਕਮਰਾ ਹੈ ਜਿਸ ਵਿਚ ਸੁਹਣੀ ਚਿੱਤਰਕਾਰੀ ਦਾ ਕੰਮ ਹੋਇਆ ਹੈ। ਸੰਗਮਰਮਰ ਦਾ ਮਹਿਲ ਬਹੁਤ ਵੱਡਾ ਹੈ ਜਿਸ ਵਿੱਚ ਰਾਣੀਆਂ ਤੇ ਹੋਰ ਔਰਤਾਂ ਰਹਿੰਦੀਆਂ ਹਨ।
ਰਾਜੇ ਦੀ ਉਮਰ 27 ਸਾਲ ਹੈ ਤੇ ਕਾਣਾ ਹੈ। ਦਰਮਿਆਨਾ ਕੱਦ ਫੁਰਤੀਲਾ ਜਿਸਮ, ਘੋੜ ਸਵਾਰੀ ਦਾ ਅਜਿਹਾ ਸ਼ੌਕੀਨ ਕਿ ਹਰ ਸਵੇਰ ਬਿਨਾਂ ਨਾਗਾ ਘੋੜਾ ਦੁੜਾਉਂਦਾ ਹੈ। ਵਿਹਾਰ ਵਿੱਚ ਚਲਾਕ ਤੇ ਜੰਗ ਵਿੱਚ ਬਹਾਦਰ ਹੈ। ਉਸ ਨੇ ਮੇਰੇ ਤੋਂ ਅਨੇਕ ਸਵਾਲ ਪੁੱਛੇ। ਜਦੋਂ ਜੰਗ ਵਾਸਤੇ ਕੂਚ ਦਾ ਹੁਕਮ ਹੁੰਦਾ ਹੈ ਸਭ ਤੋਂ ਅੱਗੇ ਦੁਸ਼ਮਣ ਦੀ ਸੈਨਾ ਵਿੱਚ ਉਹ ਜਾ ਕੇ ਕੁੱਦਦਾ ਹੈ। ਮੈਂ ਉਸ ਅੱਗੇ ਖਤਰਿਆਂ ਦੀ ਗੱਲ ਕਹੀ ਤਾਂ ਕਹਿਣ ਲੱਗਾ, ‘‘ਲੁਕਣਾ ਛਿਪਣਾ ਤੇ ਬਚਦੇ ਬਚਾਂਦੇ ਫਿਰਦੇ ਰਹਿਣਾ ਵਿਅਰਥ ਹੈ। ਜੋ ਹੋਣਾ ਹੈ ਹੋ ਕੇ ਰਹੇਗਾ। ਅਸੀਂ ਚਿੰਤਾ ਨਹੀਂ ਕਰਦੇ।’’ ਹਿੰਦੂਆਂ ਵਾਂਗ ਕਿਸਮਤ ਵਿਚ ਯਕੀਨ ਰੱਖਦਾ ਹੈ ਤੇ ਇਸ ਯਕੀਨ ਨੇ ਇਸ ਨੂੰ ਬੇਹੱਦ ਬਹਾਦਰ ਬਣਾ ਰੱਖਿਆ ਹੈ। ਕਿਸਮਤ ਬੰਦੇ ਨੂੰ ਬੁਜ਼ਦਿਲ ਬਣਾਇਆ ਕਰਦੀ ਹੈ ਵੈਸੇ।

29 ਮਈ ਨੂੰ ਲਾਹੌਰ ਦੇ ਖੰਡਰ ਵੀ ਦੇਖੇ। ਮਿੱਟੀ ਵਿਚ ਰੁਲਦੀ ਹੋਈ ਸ਼ਾਨ ਦੀ ਉਦਾਸ ਤਸਵੀਰ ਦੇਖੀ। ਕੇਹਾ ਬਲਵਾਨ ਹੈ ਸਮਾਂ ਜੇ ਜਾਣਨਾ ਹੋਵੇ ਤਾਂ ਕਦੀ ਲਾਹੌਰ ਦੀ ਤਬਾਹੀ ਦੇਖੋ। ਮਨ ਡੂੰਘੀ ਉਦਾਸੀ ਵਿੱਚ ਡੁੱਬਦਾ ਹੈ। ਖੰਡਰਾਂ ਤੋਂ ਪਤਾ ਲਗਦਾ ਹੈ, ਕਦੀ ਬੇਅੰਤ ਰੌਣਕਾਂ, ਰੰਗੀਨੀਆਂ ਹੋਣਗੀਆਂ, ਜੋ ਮੌਤ ਦੀ ਬੁੱਕਲ ਵਿਚ ਜਾ ਬੈਠੀਆਂ। ਹੌਲ ਪੈਂਦਾ ਹੈ… ਇਕ ਖੂਨੀ ਲਲਕਾਰ ਸੁਣਾਈ ਦੇ ਰਹੀ ਹੈ ਜੋ ਮਨੁੱਖੀ ਸੁਫਨਿਆਂ, ਨਕਸ਼ਿਆਂ ਅਤੇ ਉੱਦਮਾਂ ਨੂੰ ਪੈਰਾਂ ਹੇਠ ਦਰੜ ਰਹੀ ਹੈ। ਆਕਾਸ਼ ਨਾਲ ਛੂੰਹਦੀਆਂ ਸੁਹਣੀਆਂ ਇਮਾਰਤਾਂ ਮਿੱਟੀ ਘੱਟੇ ਵਿਚ ਦਮ ਤੋੜ ਰਹੀਆਂ ਹਨ। ਕੁਝ ਚਿਰ ਬਾਅਦ ਤਾਂ ਇਨ੍ਹਾਂ ਦੇ ਇਹ ਬਚੇ ਖੁਚੇ ਨਿਸ਼ਾਨ ਵੀ ਮਿਟ ਜਾਣਗੇ। ਮੈਂ ਖੰਡਰਾਂ ਵਿਚ ਤੁਰਦਾ ਗਿਆ, ਤੁਰਦਾ ਗਿਆ। ਇਕ ਵੀ ਮਨੁੱਖ ਦੂਰ ਤੱਕ ਨਹੀਂ ਦਿਸਿਆ। ਚਾਰੇ ਪਾਸੇ ਖਾਮੋਸ਼ੀ ਅਤੇ ਰੁਦਨ ਦੇਖਿਆ। ਲਾਹੌਰ… ਮਹਾਂਨਗਰ… ਜਿਸ ਨੂੰ ਕਦੀ ਅੱਲਾਨੂਰ ਵੀ ਕਿਹਾ ਜਾਂਦਾ ਸੀ… ਇਕ ਮਿੱਟੀ ਦਾ ਢੇਰ ਹੈ ਬਸ ਅੱਜ।

ਦੋ ਸਾਲ ਦੇ ਸਮੇਂ ਅੰਦਰ ਰਾਜੇ ਨੇ ਜਮਨਾ ਤੋਂ ਲੈ ਕੇ ਸਿੰਧ ਤੱਕ ਦਾ ਇਲਾਕਾ ਕਬਜ਼ੇ ਹੇਠ ਕਰ ਲਿਆ ਹੈ। ਜੇ ਗਵਾਂਢੀ ਮੁਲਕਾਂ ਨੇ ਉਸ ਨੂੰ ਨਾ ਰੋਕਿਆ ਤਾਂ ਜਲਦੀ ਅਜਿੱਤ ਹੋ ਜਾਵੇਗਾ। ਹਿੰਦੁਸਤਾਨ ਭਰ ਵਿੱਚੋਂ ਸਾਰੇ ਚੰਗੇ ਯੋਧੇ ਨੌਕਰੀ ਕਰਨ ਉਸੇ ਪਾਸ ਆਉਂਦੇ ਹਨ ਕਿਉਂਕਿ ਉਸ ਜਿੰਨੀ ਤਨਖਾਹ, ਸਹੂਲਤਾਂ ਅਤੇ ਹੌਸਲਾ ਅਫਜ਼ਾਈ ਹੋਰ ਕਿਧਰੇ ਨਹੀਂ ਮਿਲਦੀ। ਦੇਸ਼ ਦੀ ਸਾਰੀ ਜ਼ਮੀਨ ਸਰਦਾਰਾਂ ਨੂੰ ਦੇ ਦਿੱਤੀ ਹੈ, ਆਪਣੇ ਪਾਸ ਥੋੜ੍ਹੀ ਵੀ ਨਹੀਂ ਰੱਖੀ। ਸਰਦਾਰਾਂ ਪਾਸ ਫੌਜਾਂ ਹਨ ਤੇ ਰਾਜੇ ਦੇ ਇਕ ਇਸ਼ਾਰੇ ’ਤੇ ਇਕ ਲੱਖ ਦੀ ਸੈਨਾ ਆ ਖਲੋਂਦੀ ਹੈ। ਉਸ ਦੀ ਨਿੱਜੀ ਫੌਜ ਵਿੱਚ 7 ਹਜ਼ਾਰ ਘੋੜ ਸਵਾਰ ਤੇ 14 ਹਜ਼ਾਰ ਪੈਦਲ ਹਨ। ਤਨਖਾਹ ਨਕਦ ਵੀ ਮਿਲਦੀ ਹੈ ਤੇ ਅਨਾਜ ਵਜੋਂ ਵੀ। ਜੇ ਘੋੜਾ ਕਮਜ਼ੋਰ ਹੈ ਤੇ ਸਵਾਰ ਬੁੱਢਾ, ਉਸ ਨੂੰ ਸੌ ਰੁਪਿਆ ਤੇ ਸੌ ਮਣ ਦਾਣੇ ਛਿਮਾਹੀ ਮਿਲਦੇ ਹਨ ਪਰ ਜੇ ਦੋਵੇਂ ਜੁਆਨ ਹੋਣ ਤਾਂ ਦੋ ਸੌ ਰੁਪਿਆ ਤੇ ਦੋ ਸੌ ਮਣ ਦਾਣੇ ਛਿਮਾਹੀ। ਕੁਝ ਖਾਸ ਤੇਜ਼ ਤਰਾਰ ਸਿਪਾਹੀਆਂ ਨੂੰ ਤਿੰਨ ਸੌ ਰੁਪਿਆ ਤੇ ਤਿੰਨ ਸੌ ਮਣ ਦਾਣੇ ਵੀ ਮਿਲਦੇ ਹਨ। ਵਧੀਆ ਤੋਪਖਾਨਾ ਹੈ।

ਪੰਜਾਬ ਵਿਚ ਕਿਸੇ ਨੂੰ ਪੋਰਸ ਦਾ ਜਾਂ ਸਿਕੰਦਰ ਦੇ ਨਾਮ ਦਾ ਕੋਈ ਪਤਾ ਨਹੀਂ। ਲਾਹੌਰ ਕਿਸ ਨੇ ਵਸਾਇਆ, ਕਦੋਂ ਵਸਾਇਆ, ਕੋਈ ਨਹੀਂ ਜਾਣਦਾ। ਕੀ ਗਰੀਬ ਤੇ ਕੀ ਅਮੀਰ ਲੋਕ ਸਿਰੇ ਦੇ ਅਨਪੜ੍ਹ ਹਨ, ਊੜਾ, ਆੜਾ ਨਹੀਂ ਆਉਂਦਾ। ਮਹਾਰਾਜਾ ਅਜੀਬ ਦਰਿਆ ਦਿਲ ਹੈ। ਕੁਝ ਮਹੀਨੇ ਪਹਿਲਾਂ ਇਕ ਬੰਦਾ ਉਸ ਨੂੰ ਕਤਲ ਕਰਨ ਦੇ ਇਰਾਦੇ ਨਾਲ ਲੰਘ ਆਇਆ ਤੇ ਤਲਵਾਰ ਮਿਆਨ ਵਿਚੋਂ ਧੂਹ ਲਈ ਪਰ ਫੜਿਆ ਗਿਆ। ਬਜਾਇ ਇਸ ਦੇ ਕਿ ਰਾਜਾ ਉਸ ਨੂੰ ਸਜ਼ਾ ਦਿੰਦਾ ਸਗੋਂ ਪੰਜਾਹ ਰੁਪਏ ਦੇ ਕੇ ਤੋਰ

ਦਿੱਤਾ ਤੇ ਕਿਹਾ, ‘‘ਭੱਜ ਜਾਹ। ਮੌਜ ਲੈ। ਮੈਂ ਤੈਨੂੰ ਇਹ ਵੀ ਨਹੀਂ ਪੁੱਛਾਂਗਾ ਕਿ ਕਿਉਂ ਮਾਰਨ ਆਇਆ ਸੀ ਤੇ ਕਿਸ ਨੇ ਭੇਜਿਆ ਸੀ।’’ ਅੱਠ ਸਾਲ ਪਹਿਲਾਂ ਸ਼ਾਹ ਜ਼ਮਾਨ ਨੇ ਤਿੰਨ ਲੱਖ ਦੀ ਸੈਨਾ ਨਾਲ ਭਾਰਤ ’ਤੇ ਹੱਲਾ ਕੀਤਾ ਤਾਂ ਰਣਜੀਤ ਸਿੰਘ ਨੇ ਕੇਵਲ 40 ਹਜ਼ਾਰ ਸੈਨਾ ਨਾਲ ਹਨੇਰੀ ਰਾਤ ਵਿੱਚ ਅਫਗਾਨਾਂ ’ਤੇ ਹੱਲਾ ਬੋਲ ਦਿੱਤਾ। ਏਨਾ ਕਤਲਿਆਮ ਹੋਇਆ ਕਿ ਪਹੁ ਫੁਟਦੇ ਹੀ ਸ਼ਾਹ ਦਰਿਆ ਪਾਰ ਕਰਕੇ ਵਾਪਸ ਕਾਬਲ ਨੱਠ ਤੁਰਿਆ। ਉਸ ਪਿੱਛੋਂ ਸ਼ਾਹ ਨੇ ਇਧਰ ਕਦੀ ਮੂੰਹ ਨਹੀਂ ਕੀਤਾ। ਅਫਗਾਨ ਸਿੰਧ ਪਾਰ ਕਰਨੋਂ ਤ੍ਰਹਿੰਦੇ ਹਨ।

ਦੇਸ਼ ਵਿੱਚ ਸਿੱਖ, ਸਿੰਘ, ਜੱਟ, ਤਰਖਾਣ, ਰਾਜਪੂਤ ਆਦਿਕ ਕਈ ਜਾਤਾਂ ਦੇ ਲੋਕ ਵਸਦੇ ਹਨ। ਸਿੰਘ ਚੌਥਾ ਕੁ ਹਿੱਸਾ ਹੋਣਗੇ ਪਰ ਇਨ੍ਹਾਂ ਦੀ ਗਿਣਤੀ ਵਧ ਰਹੀ ਹੈ। ਰਣਜੀਤ ਸਿੰਘ ਪੰਜਾਬ ਦੇਸ਼ ਦਾ ਸ਼ੇਰ ਹੈ। ਉਸ ਦੇ ਅਣਥੱਕ ਸਿਪਾਹੀ 40-45 ਮੀਲ ਪੈਂਡਾ ਹਰ ਰੋਜ਼ ਮਹੀਨਿਆਂ ਬੱਧੀ ਕਰ ਸਕਦੇ ਹਨ। 20 ਜੂਨ ਨੂੰ ਲਾਹੌਰ ਵਾਪਸ ਚੱਲ ਪਿਆ ਤੇ ਭਸੀਨ ਪਿੰਡ ਆ ਕੇ ਬੋਹੜ ਹੇਠ ਰਾਤ ਕੱਟੀ। ਇਡਾ ਬੋਹੜ ਜ਼ਿੰਦਗੀ ਵਿਚ ਕਦੇ ਨਹੀਂ ਮੈਂ ਦੇਖਿਆ। ਪੰਜ ਹਜ਼ਾਰ ਬੰਦਿਆਂ ਲਈ ਤੰਬੂ ਲੱਗ ਸਕਦੇ ਹਨ ਇਸ ਹੇਠਾਂ। ਏਡਾ ਬੋਹੜ!
5 ਜੁਲਾਈ 1808 ਨੂੰ ਸਰਹਿੰਦ ਪੁੱਜਾ। ਸ਼ਹਿਰ ਉੱਜੜ ਗਿਆ ਹੈ। ਕਦੀ ਇਹ ਸ਼ਾਨਦਾਰ ਸ਼ਹਿਰ ਅਫਗਾਨਾਂ ਦੀ ਵਸੋਂ ਸੀ। ਹੁਣ ਕੋਈ ਬਰਗ ਸਿੰਘ ਇਸ ਦਾ ਮਾਲਕ ਹੈ। ਅੰਬਾਂ ਦੇ ਬਾਗ ਤੇ ਸਾਫ਼ ਪਾਣੀ ਦੇ ਤਲਾਬ ਹਨ। ਇੱਥੋਂ ਮੈਂ ਵਾਪਸ ਬੰਗਾਲ ਦਾ ਰੁਖ਼ ਕੀਤਾ। ਮੇਰਾ ਇਹ ਟੂਰ ਇਉਂ ਖਤਮ ਹੋਇਆ।

 

Scroll to Top