ਗੁਰਮੀਤ ਸਿੰਘ ਖੁੱਡੀਆਂ

ਪੰਜਾਬ ਦੇ ਪਸ਼ੂ ਪਾਲਣ ਵਿਭਾਗ ਵੱਲੋਂ ਹੜ੍ਹ ਰਾਹਤ ਕਾਰਜਾਂ ਨੂੰ ਦਰਸਾਉਂਦੀ ਦਸਤਾਵੇਜ਼ੀ ਫਿਲਮ ਜਾਰੀ

ਚੰਡੀਗੜ੍ਹ, 03 ਨਵੰਬਰ 2025: ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਵੱਲੋਂ ਹਾਲ ਹੀ ‘ਚ ਆਏ ਭਿਆਨਕ ਹੜ੍ਹਾਂ ਦੌਰਾਨ ਪਸ਼ੂਧਨ ਨੂੰ ਬਿਮਾਰੀਆਂ ਤੋਂ ਬਚਾਉਣ ਤੇ ਉਨ੍ਹਾਂ ਦੇ ਮੁੜ ਵਸੇਬੇ ਸਬੰਧੀ ਤਿਆਰ ਕੀਤੀ ਇੱਕ ਦਸਤਾਵੇਜ਼ੀ ਫਿਲਮ ਜਾਰੀ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਇਹ ਦਸਤਾਵੇਜ਼ੀ ਫਿਲਮ ਪਸ਼ੂ ਪਾਲਣ ਵਿਭਾਗ ਦੇ ਡਾਕਟਰਾਂ ਅਤੇ ਪੈਰਾਮੈਡਿਕਸ ਟੀਮ ਵੱਲੋਂ ਤਿਆਰ ਕੀਤੀ ਹੈ | ਗੁਰਮੀਤ ਸਿੰਘ ਖੁੱਡੀਆਂ ਨੇ ਪਸ਼ੂ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਭਿਆਨਕ ਆਫ਼ਤ ਨਾਲ ਨਜਿੱਠਣ ਲਈ ਵਿਭਾਗ ਦੀ “ਮਿਸ਼ਨ ਮੋਡ” ਪਹੁੰਚ ‘ਤੇ ਚਾਨਣਾ ਪਾਇਆ।

ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਪੰਜਾਬ ‘ਚ ਇਨ੍ਹਾਂ ਹੜ੍ਹਾਂ ਕਾਰਨ ਪੰਜਾਬ ਭਰ ਦੇ 713 ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਸਨ। ਉਨ੍ਹਾਂ ਕਿਹਾ ਕਿ ਵਿਭਾਗ ਦੀਆਂ 494 ਸਮਰਪਿਤ ਟੀਮਾਂ ਨੇ ਹੜ੍ਹਾਂ ਕਾਰਨ ਪ੍ਰਭਾਵਿਤ ਇਲਾਕਿਆਂ ‘ਚ ਭਿਆਨਕ ਹਾਲਾਤਾਂ ਦਾ ਸਾਹਮਣਾ ਕਰਦਿਆਂ ਘਰ-ਘਰ ਜਾ ਕੇ ਪਸ਼ੂਧਨ ਨੂੰ ਜੀਵਨ-ਰੱਖਿਅਕ ਇਲਾਜ ਪ੍ਰਦਾਨ ਕੀਤਾ ਤਾਂ ਜੋ ਪਸ਼ੂਧਨ ਦੀ ਸਿਹਤਯਾਬੀ ਨੂੰ ਯਕੀਨੀ ਬਣਾਇਆ ਜਾ ਸਕੇ।

ਮੰਤਰੀ ਨੇ ਦੱਸਿਆ ਕਿ ਪ੍ਰਭਾਵਿਤ ਜ਼ਿਲ੍ਹਿਆਂ ‘ਚ 37 ਲੱਖ ਰੁਪਏ ਦੀਆਂ ਮੁਫ਼ਤ ਦਵਾਈਆਂ ਵੰਡਣ ਤੋਂ ਇਲਾਵਾ, 2.53 ਲੱਖ ਤੋਂ ਵੱਧ ਪਸ਼ੂਆਂ ਦਾ ਗਲਘੋਟੂ (ਐਚ.ਐਸ.) ਬਿਮਾਰੀ ਤੋਂ ਬਚਾਅ ਲਈ ਮੁਫ਼ਤ ਟੀਕਾਕਰਨ ਕੀਤਾ। ਉਨ੍ਹਾਂ ਦੱਸਿਆ ਕਿ ਮੈਸਟਾਇਟਸ ਟੈਸਟਿੰਗ ਕਿੱਟਾਂ ਅਤੇ ਡੀਵੌਰਮਰਸ ਵੀ ਮੁਹੱਈਆ ਕਰਵਾਏ ਗਏ ਤਾਂ ਜੋ ਪਸ਼ੂਧਨ ‘ਚ ਆਮ ਰੋਗ ਦਾ ਪ੍ਰਭਾਵਸ਼ਾਲੀ ਢੰਗ ਨਾਲ ਪਤਾ ਲਗਾਇਆ ਜਾ ਸਕੇ ਅਤੇ ਤੁਰੰਤ ਇਲਾਜ ਪ੍ਰਦਾਨ ਕੀਤਾ ਜਾ ਸਕੇ।

ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਨੇ ਹੜ੍ਹਾਂ ਦੇ ਪ੍ਰਭਾਵਾਂ ਨਾਲ ਨਜਿੱਠਣ ਲਈ ਕੀਤੇ ਗਏ ਮਹੱਤਵਪੂਰਨ ਰੋਕਥਾਮ ਉਪਾਵਾਂ ਬਾਰੇ ਜਾਣਕਾਰੀ ਦਿੱਤੀ। ਮੰਤਰੀ ਨੇ ਕਿਹਾ,”ਹੜ੍ਹਾਂ ਕਾਰਨ ਬਿਮਾਰੀ ਦੇ ਫੈਲਣ ਦਾ ਇੱਕ ਵੱਡਾ ਖ਼ਤਰਾ ਸੀ, ਪਰ ਸਾਡੀ ਸਰਗਰਮ ਪਹੁੰਚ ਨੇ ਇਸ ਖਤਰੇ ਨੂੰ ਘਟਾਉਣ ‘ਚ ਮੱਦਦ ਕੀਤੀ।

ਉਨ੍ਹਾਂ ਦੱਸਿਆ ਕਿ ਸਾਰੇ ਪ੍ਰਭਾਵਿਤ ਪਿੰਡਾਂ ‘ਚ ਇੱਕ ਵਿਆਪਕ ਮੁਫ਼ਤ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ, ਜਿਸ ਨਾਲ ਪਸ਼ੂਧਨ ਨੂੰ ਐਚ.ਐਸ. ਵਰਗੀਆਂ ਬਿਮਾਰੀਆਂ ਤੋਂ ਬਚਾਇਆ। ਇਸ ਤੋਂ ਇਲਾਵਾ, ਹਰੇ ਚਾਰੇ ਦੀ ਗੰਭੀਰ ਘਾਟ ਨੂੰ ਦੂਰ ਕਰਨ ਲਈ, ਅਸੀਂ ਪਸ਼ੂਆਂ ਨੂੰ ਸਿਹਤਮੰਦ ਰੱਖਣ ਲਈ ਯੂਰੋਮਿਨ ਲਿਕਸ ਅਤੇ ਖਣਿਜ ਮਿਸ਼ਰਣ ਮੁਫ਼ਤ ਵੰਡੇ ਗਏ।”

ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਪਰਮਦੀਪ ਸਿੰਘ ਵਾਲੀਆ ਨੇ ਕਿਹਾ ਕਿ ਵਿਭਾਗ ਵੱਲੋਂ ਲਗਾਤਾਰ ਪਸ਼ੂਧਨ ਦੀ ਸਿਹਤ ਅਤੇ ਉਤਪਾਦਕਤਾ ਨੂੰ ਯਕੀਨੀ ਬਣਾਉਣ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਪਸ਼ੂਆਂ ਅਤੇ ਕਿਸਾਨ ਭਾਈਚਾਰੇ ਦੀ ਸਮੁੱਚੀ ਭਲਾਈ ਨੂੰ ਯਕੀਨੀ ਬਣਾਇਆ ਜਾ ਸਕੇ।

Read More: ਪੰਜਾਬ ਦੀਆਂ ਮੰਡੀਆਂ ‘ਚ ਝੋਨੇ ਦੀ ਚੁਕਾਈ 100 ਲੱਖ ਮੀਟ੍ਰਿਕ ਟਨ ਤੋਂ ਪਾਰ: ਲਾਲ ਚੰਦ ਕਟਾਰੂਚੱਕ

Scroll to Top