ਸਟਾਰਟਅੱਪ ਈਕੋਸਿਸਟਮ

ਭਾਰਤ ਸਰਕਾਰ ਵੱਲੋਂ ਜਾਰੀ ਸੂਬਿਆਂ ਦੀ ਸਟਾਰਟਅੱਪ ਈਕੋਸਿਸਟਮ ਰੈਂਕਿੰਗ ‘ਚ ਪੰਜਾਬ ਫਿਰ ਤੋਂ ਮੋਹਰੀ: ਸੰਜੀਵ ਅਰੋੜਾ

ਚੰਡੀਗੜ੍ਹ, 16 ਜਨਵਰੀ 2026: ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਪੰਜਾਬ ਨੇ ਇੱਕ ਵਾਰ ਫਿਰ ਆਪਣੇ ਸਟਾਰਟਅੱਪ ਅਤੇ ਇਨੋਵੇਸ਼ਨ ਈਕੋਸਿਸਟਮ ਨੂੰ ਮਜ਼ਬੂਤ ਕਰਨ ‘ਚ ਸਫਲਤਾ ਹਾਸਲ ਕੀਤੀ ਹੈ | ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਦੇ ਵਣਜ ਅਤੇ ਉਦਯੋਗ ਮੰਤਰਾਲੇ ਦੇ ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰਮੋਸ਼ਨ ਵਿਭਾਗ ਵੱਲੋਂ ਜਾਰੀ ਕੀਤੀ ਸੂਬਿਆਂ ਦੀ ਸਟਾਰਟਅੱਪ ਈਕੋਸਿਸਟਮ ਰੈਂਕਿੰਗ – 5ਵੇਂ ਐਡੀਸ਼ਨ ‘ਚ ਲਗਾਤਾਰ ਦੂਜੀ ਵਾਰ ਪੰਜਾਬ ਨੇ ‘ਟਾਪ ਪਰਫਾਰਮਰ’ ਵਜੋਂ ਸਫ਼ਲਤਾ ਹਾਸਲ ਕੀਤੀ ਹੈ ।

ਇਸ ਸੰਬੰਧੀ ਕਰਵਾਏ ਸਮਾਗਮ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਜ਼ਰੀ ‘ਚ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਰਾਸ਼ਟਰੀ ਸਟਾਰਟਅੱਪ ਦਿਵਸ ਦੇ ਮੌਕੇ ’ਤੇ ਕਰਵਾਏ ਪੰਜਾਬ ਸਰਕਾਰ ਦੇ ਉਦਯੋਗ ਅਤੇ ਵਣਜ ਵਿਭਾਗ ਨੂੰ ਪ੍ਰਸ਼ੰਸਾ ਪੱਤਰ ਦਿੱਤਾ।

ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਲਗਾਤਾਰ ਦੂਜੀ ਵਾਰ ਇਹ ਮਾਣ ਹਾਸਲ ਕਰਨਾ ਇੱਕ ਮਜ਼ਬੂਤ, ਸਮਾਵੇਸ਼ੀ ਅਤੇ ਨਵੀਨਤਾ-ਸੰਚਾਲਿਤ ਸਟਾਰਟਅੱਪ ਈਕੋਸਿਸਟਮ ਬਣਾਉਣ ਵੱਲ ਪੰਜਾਬ ਦੇ ਨਿਰੰਤਰ ਅਤੇ ਕੇਂਦ੍ਰਿਤ ਯਤਨਾਂ ਦਾ ਪ੍ਰਤੱਖ ਸਬੂਤ ਹੈ। ਪੰਜਾਬ ਦੀ ਕਾਰਗੁਜ਼ਾਰੀ ਪ੍ਰਗਤੀਸ਼ੀਲ ਸਟਾਰਟਅੱਪ ਨੀਤੀਆਂ, ਮਜ਼ਬੂਤ ਸੰਸਥਾਗਤ ਪ੍ਰਣਾਲੀਆਂ, ਇਨਕਿਊਬੇਸ਼ਨ ਅਤੇ ਐਕਸਲਰੇਸ਼ਨ ਸਹਾਇਤਾ, ਵਿੱਤ ਤੱਕ ਬਿਹਤਰ ਪਹੁੰਚ, ਸੇਧਪੂਰਨ ਸਲਾਹ-ਮਸ਼ਵਰਾ ਪਹਿਲਕਦਮੀਆਂ ਅਤੇ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ਕਾਰੋਬਾਰ ‘ਚ ਆਸਾਨੀ ਵਾਲੇ ਸੁਧਾਰਾਂ ਦੇ ਪ੍ਰਭਾਵ ਨੂੰ ਦਰਸਾਉਂਦੀ ਹੈ।

ਇਸ ਪ੍ਰਾਪਤੀ ’ਤੇ ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸੰਜੀਵ ਅਰੋੜਾ ਨੇ ਕਿਹਾ,‘‘ ਭਾਰਤ ਸਰਕਾਰ ਵੱਲੋਂ ਪੰਜਾਬ ਨੂੰ ‘ਟਾਪ ਪਰਫਾਰਮਰ’ ਵਜੋਂ ਇਹ ਲਗਾਤਾਰ ਮਾਨਤਾ ਦੇਣਾ ਉੱਦਮਤਾ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਦੀ ਦ੍ਰਿੜ ਵਚਨਬੱਧਤਾ ਦਾ ਪ੍ਰਮਾਣ ਹੈ। ਪੰਜਾਬ ਸਰਕਾਰ ਨੇ ਸਟਾਰਟਅੱਪਸ ਲਈ ਵਿਸ਼ੇਸ਼ ਕਰਕੇ ਨੌਜਵਾਨਾਂ ਅਤੇ ਗ਼ੈਰ-ਕਾਰੋਬਾਰੀ ਪਿਛੋਕੜ ਵਾਲੇ ਉੱਦਮੀਆਂ ਲਈ ਇੱਕ ਢੁਕਵਾਂ ਮਾਹੌਲ ਬਣਾਇਆ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਪੰਜਾਬ ਨੂੰ ਸਟਾਰਟਅੱਪਸ ਅਤੇ ਨਿਵੇਸ਼ਕਾਂ ਲਈ ਇੱਕ ਪਸੰਦੀਦਾ ਸਥਾਨ ਵਜੋਂ ਉਭਾਰਨ ਲਈ ਨੀਤੀਗਤ ਸਹਾਇਤਾ, ਇਨਕਿਊਬੇਸ਼ਨ ਬੁਨਿਆਦੀ ਢਾਂਚੇ ਅਤੇ ਮਾਰਕੀਟ ਪਹੁੰਚ ਨੂੰ ਮਜ਼ਬੂਤ ਕਰਨਾ ਜਾਰੀ ਰਹੇਗਾ।’’

ਸੰਜੀਵ ਅਰੋੜਾ ਨੇ ਦੱਸਿਆ ਕਿ ਸਟਾਰਟਅੱਪ ਨੀਤੀ ਲਾਗੂਕਰਨ, ਸੰਸਥਾਗਤ ਸਹਾਇਤਾ ਪ੍ਰਣਾਲੀਆਂ, ਇਨਕਿਊਬੇਸ਼ਨ ਬੁਨਿਆਦੀ ਢਾਂਚਾ, ਫੰਡਿੰਗ ਵਿਧੀਆਂ, ਸਮਰੱਥਾ ਨਿਰਮਾਣ, ਸਲਾਹ-ਮਸ਼ਵਰਾ ਅਤੇ ਸੁਚੱਜੇ ਮੰਡੀਕਰਨ ਆਦਿ ਅਹਿਮ ਮਾਪਦੰਡਾਂ ਦੇ ਆਧਾਰ ’ਤੇ ਪੰਜਾਬ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕੀਤਾ ਸੀ।

Read More: ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਅਤੇ CM ਭਗਵੰਤ ਮਾਨ ਵਿਚਾਲੇ ਵਪਾਰਕ ਰਿਸ਼ਤਿਆਂ ‘ਤੇ ਚਰਚਾ

ਵਿਦੇਸ਼

Scroll to Top