22 ਸਤੰਬਰ 2024: ਲੁਧਿਆਣਾ-ਦਿੱਲੀ ਰੇਲਵੇ ਮਾਰਗ ‘ਤੇ ਦੋਰਾਹਾ ਨੇੜੇ ਦੇਰ ਸ਼ਾਮ ਸ਼ਤਾਬਦੀ ਟਰੇਨ ਦੀ ਚਪੇਟ ‘ਚ ਆਉਣ ਨਾਲ ਇਕ ਅਣਪਛਾਤੇ ਵਿਅਕਤੀ ਦੀ ਮੌਤ ਹੋ ਗਈ। ਖ਼ਬਰ ਲਿਖੇ ਜਾਣ ਤੱਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ।
ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਜੀ.ਆਰ.ਪੀ. ਚੌਕੀ ਦੋਰਾਹਾ ਦੇ ਇੰਚਾਰਜ ਏ.ਐਸ.ਆਈ. ਹਿੰਮਤ ਸਿੰਘ ਨੇ ਦੱਸਿਆ ਕਿ ਰੇਲਵੇ ਪੁਲਿਸ ਨੂੰ ਕਿਮੀ ਨੰਬਰ 353-2824 ਸਰਹਿੰਦ ਨਹਿਰ ਨੇੜੇ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਉਹਨਾਂ ਨੇ ਦੱਸਿਆ ਕਿ ਮ੍ਰਿਤਕ ਨੇ ਕਾਲੇ ਰੰਗ ਦੀ ਕਮੀਜ਼ ਪਾਈ ਹੋਈ ਸੀ, ਉਸ ਦੀ ਉਮਰ ਕਰੀਬ 38/40 ਸਾਲ ਸੀ ਅਤੇ ਉਹ ਦਿੱਖ ਤੋਂ ਪਰਵਾਸੀ ਲੱਗ ਰਿਹਾ ਸੀ। ਦੋਰਾਹਾ ਜੀ.ਆਰ.ਪੀ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਅਤੇ ਸ਼ਨਾਖਤ ਲਈ 72 ਘੰਟਿਆਂ ਲਈ ਸਿਵਲ ਹਸਪਤਾਲ ਖੰਨਾ ਦੀ ਮੋਰਚਰੀ ‘ਚ ਰਖਵਾ ਦਿੱਤਾ ਹੈ। ਪੁਲਸ ਮਾਮਲੇ ਦੀ ਜਾਂਚ ਦੇ ਨਾਲ-ਨਾਲ ਮ੍ਰਿਤਕ ਵਿਅਕਤੀ ਦੀ ਪਛਾਣ ਕਰਨ ਦੀ ਵੀ ਕੋਸ਼ਿਸ਼ ਕਰ ਰਹੀ ਹੈ।




