ਚੰਡੀਗੜ੍ਹ, 15 ਅਕਤੂਬਰ 2024: ਪੰਜਾਬ ਭਰ ‘ਚ ਅੱਜ ਪੰਚਾਇਤੀ ਚੋਣਾਂ (Panchayat elections) ਲਈ ਵੋਟਿੰਗ ਜਾਰੀ ਹੈ | ਪਿੰਡਾਂ ‘ਚ ਚੋਣਾਂ ਸਵੇਰੇ 8 ਵਜੇ ਤੋਂ ਸ਼ੁਰੂ ਹੋਈਆਂ ਅਤੇ ਸ਼ਾਮ 4 ਵਜੇ ਤੱਕ ਚੱਲੇਗੀ ਅਤੇ ਨਤੀਜੇ ਅੱਜ ਸ਼ਾਮ ਨੂੰ ਹੀ ਐਲਾਨ ਦਿੱਤੇ ਜਾਣਗੇ । ਦੁਪਹਿਰ 2 ਵਜੇ ਤੱਕ 44 ਫੀਸਦੀ ਵੋਟਿੰਗ ਹੋਈ ਹੈ ।
ਪੰਜਾਬ ਭਰ ‘ਚ ਕੁੱਲ 13,937 ਗ੍ਰਾਮ ਪੰਚਾਇਤਾਂ ਹਨ ਅਤੇ ਪੰਚਾਇਤੀ ਚੋਣਾਂ (Panchayat elections) ਲਈ 96 ਹਜ਼ਾਰ ਮੁਲਾਜ਼ਮਾਂ ਦੀ ਡਿਊਟੀ ਲਗਾਈ ਹੈ। ਈਵੀਐਮ ਦੀ ਬਜਾਏ ਬੈਲਟ ਪੇਪਰ ਰਾਹੀਂ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਬੈਲਟ ਪੇਪਰ ‘ਤੇ NOTA ਦਾ ਵਿਕਲਪ ਵੀ ਹੈ। ਪੰਚਾਇਤੀ ਚੋਣਾਂ ਦੌਰਾਨ ਕਈਂ ਪਿੰਡਾਂ ਤੋਂ ਝੜੱਪ ਅਤੇ ਗੋਲੀ ਚੱਲਣ ਦੀ ਖਬਰਾਂ ਸਾਹਮਣੇ ਆਈਆਂ ਹਨ |
ਇਨ੍ਹਾਂ ਚੋਣਾਂ ਦੌਰਾਨ ਪਟਿਆਲਾ ‘ਚ ਪੋਲਿੰਗ ਬੂਥ ‘ਤੇ ਗੋਲੀਬਾਰੀ ਅਤੇ ਪਥਰਾਅ ਦੀ ਖ਼ਬਰ ਹੈ। ਇਸ ਘਟਨਾ ‘ਚ 2 ਜਣੇ ਜ਼ਖਮੀ ਹੋ ਗਏ। ਦੋਸ਼ ਹੈ ਕਿ ਪਿੰਡ ਦੇ ਪੋਲਿੰਗ ਬੂਥ ‘ਤੇ ਬਾਹਰੀ ਲੋਕਾਂ ਨੇ ਗੋਲੀਆਂ ਚਲਾਈਆਂ।
ਬਰਨਾਲਾ ‘ਚ ਪੰਚਾਇਤੀ ਚੋਣ (Panchayat elections) ਡਿਊਟੀ ’ਤੇ ਤਾਇਨਾਤ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੀਨੀਅਰ ਕਾਂਸਟੇਬਲ ਲੱਖਾ ਸਿੰਘ (53 ਸਾਲ) ਵਜੋਂ ਹੋਈ ਹੈ। ਮਾਨਸਾ ਦੇ ਪਿੰਡ ਮਾਨਸਾ ਖੁਰਦ ‘ਚ ਵੋਟਿੰਗ ਰੋਕ ਦਿੱਤੀ ਗਈ । ਖ਼ਬਰਾਂ ਹਨ ਕਿ ਬੈਲਟ ਪੇਪਰ ਗਲਤ ਛਾਪਿਆ ਗਿਆ ਸੀ।
ਫਾਜ਼ਿਲਕਾ ਤੋਂ ਪੰਚਾਇਤੀ ਚੋਣ ਡਿਊਟੀ ਲਈ ਜਲੰਧਰ ਆਏ ਇਕ ਅਧਿਆਪਕ ਦੀ ਸੋਮਵਾਰ ਰਾਤ ਸ਼ੱਕੀ ਹਲਾਤਾਂ ‘ਚ ਮੌਤ ਹੋ ਗਈ। ਤਰ ਨਤਾਰਨ ਜ਼ਿਲ੍ਹੇ ਦੇ ਪਿੰਡ ਸੋਹਲ ਸੈਣ ‘ਚ ਪੋਲਿੰਗ ਬੂਥ ਦੇ ਬਾਹਰ ਗੋਲੀਬਾਰੀ ਹੋਈ। ਗੋਲੀ ਲੱਗਣ ਨਾਲ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਵੋਟਾਂ ਪਾਉਣ ਲਈ ਕਤਾਰ ‘ਚ ਖੜ੍ਹੇ ਲੋਕਾਂ ‘ਚ ਝਗੜਾ ਹੋ ਗਿਆ।