July 7, 2024 3:13 pm
Contract employees

ਪਨਬੱਸ ਤੇ PRTC ਠੇਕਾ ਮੁਲਾਜ਼ਮ ਯੂਨੀਅਨ ਵੱਲੋਂ ਚੱਕਾ ਜਾਮ ਦਾ ਐਲਾਨ

ਚੰਡੀਗੜ੍ਹ, 08 ਅਗਸਤ 2023: ਪਨਬੱਸ-ਪੀ.ਆਰ.ਟੀ.ਸੀ ਠੇਕਾ ਮੁਲਾਜ਼ਮ (Contract employees) ਯੂਨੀਅਨ ਵੱਲੋਂ 14 ਤੋਂ 16 ਅਗਸਤ ਤੱਕ ਸਰਕਾਰੀ ਬੱਸਾਂ ਦੇ ਚੱਕਾ ਜਾਮ ਕਰਨ ਸਬੰਧੀ ਸੂਬਾ ਪੱਧਰੀ ਕਮੇਟੀ ਦੀ ਮੀਟਿੰਗ ਕੀਤੀ ਗਈ, ਜਿਸ ਵਿੱਚ ਸੰਘਰਸ਼ ਦੀ ਰੂਪ-ਰੇਖਾ ਤਿਆਰ ਕੀਤੀ ਗਈ। ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ, ਜਨਰਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ, ਸੂਬਾ ਇਕਾਈ ਸੀਨੀਅਰ ਮੀਤ ਪ੍ਰਧਾਨ ਚਾਨਣ ਸਿੰਘ ਚੰਨਾ, ਦਲਜੀਤ ਸਿੰਘ ਜੱਲੇਵਾਲ, ਸਤਪਾਲ ਸਿੰਘ ਦੀ ਹਾਜ਼ਰੀ ਵਿੱਚ ਹੋਈ ਮੀਟਿੰਗ ਦੌਰਾਨ ਠੇਕੇਦਾਰੀ ਸਿਸਟਮ ਦਾ ਵਿਰੋਧ ਕੀਤਾ।

ਚਾਨਣ ਸਿੰਘ ਨੇ ਕਿਹਾ ਕਿ 6600 ਦੇ ਕਰੀਬ ਠੇਕਾ ਮੁਲਾਜ਼ਮਾਂ (Contract employees) ਨੂੰ ਤੁਰੰਤ ਪ੍ਰਭਾਵ ਨਾਲ ਪੱਕਾ ਕੀਤਾ ਜਾਵੇ ਅਤੇ ਮੁਲਾਜ਼ਮਾਂ ਦੀਆਂ ਡਿਊਟੀਆਂ ਸਬੰਧੀ ਸ਼ਰਤਾਂ ਵਿੱਚ ਸੁਧਾਰ ਕਰਕੇ ਅਧਿਕਾਰੀਆਂ ਦੀਆਂ ਮਨਮਾਨੀਆਂ ਨੂੰ ਨੱਥ ਪਾਈ ਜਾਵੇ। ਉਨ੍ਹਾਂ ਦੱਸਿਆ ਕਿ ਮਾਮੂਲੀ ਕੇਸਾਂ ਵਿੱਚ ਮੁਅੱਤਲ ਕੀਤੇ ਕਰੀਬ 400 ਮੁਲਾਜ਼ਮਾਂ ਦੀਆਂ ਸੂਚੀਆਂ ਵਿਭਾਗ ਨੂੰ ਮੁਹੱਈਆ ਕਰਵਾਈਆਂ ਗਈਆਂ ਸਨ ਅਤੇ ਉਨ੍ਹਾਂ ਨੂੰ ਬਹਾਲ ਕਰਨ ਦੀ ਮੰਗ ਕੀਤੀ ਗਈ ਸੀ, ਜਿਸ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਕਤ ਮੁਲਾਜ਼ਮਾਂ ਨੂੰ ਅਜੇ ਤੱਕ ਬਹਾਲ ਨਹੀਂ ਕੀਤਾ ਗਿਆ, ਜਿਸ ਕਾਰਨ ਯੂਨੀਅਨ ਵਿੱਚ ਰੋਸ ਵੱਧ ਰਿਹਾ ਹੈ।

ਪ੍ਰਧਾਨ ਰੇਸ਼ਮ ਸਿੰਘ ਨੇ ਕਿਹਾ ਕਿ ਸਰਕਾਰ ਠੇਕੇਦਾਰਾਂ ਨੂੰ ਫਾਇਦਾ ਪਹੁੰਚਾਉਣ ਦੀ ਨੀਅਤ ਨਾਲ ਕਿਲੋਮੀਟਰ ਸਕੀਮ ਦੀਆਂ ਬੱਸਾਂ ਚਲਾ ਰਹੀ ਹੈ, ਜਿਸ ਨਾਲ ਵਿਭਾਗ ਦਾ ਵੱਡਾ ਨੁਕਸਾਨ ਹੋਵੇਗਾ ਅਤੇ ਸਵਾਰੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਵਿੱਚ ਕਮੀ ਆਵੇਗੀ। ਗਿੱਲ ਨੇ ਕਿਹਾ ਕਿ ਮੁਲਾਜ਼ਮ ਲਟਕਦੀਆਂ ਮੰਗਾਂ ਨੂੰ ਲੈ ਕੇ 14 ਤੋਂ 16 ਅਗਸਤ ਤੱਕ ਸਰਕਾਰੀ ਬੱਸਾਂ ਦਾ ਚੱਕਾ ਜਾਮ ਕਰਕੇ ਹੜਤਾਲ ‘ਤੇ ਰਹਿਣਗੇ ਅਤੇ 15 ਅਗਸਤ ਨੂੰ ਸੂਬਾ ਪੱਧਰੀ ਪ੍ਰੋਗਰਾਮ ਦੌਰਾਨ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਯੂਨੀਅਨ ਨੇ ਕਿਹਾ ਕਿ ਆਊਟਸੋਰਸ ਭਰਤੀ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ।