ਅੰਮ੍ਰਿਤਸਰ, 27 ਜੂਨ 2023: ਪੰਜਾਬ ‘ਚ 2 ਦਿਨ ਪਨਬੱਸ ਤੇ ਪੀਆਰਟੀਸੀ (PRTC) ਦੀਆਂ ਕਰੀਬ ਤਿੰਨ ਹਜ਼ਾਰ ਬੱਸਾਂ ਦਾ ਚੱਕਾ ਜਾਮ ਰਹੇਗਾ ਅਤੇ ਅੰਮ੍ਰਿਤਸਰ ‘ਚ ਵੀ ਪਨਬੱਸ ਤੇ ਪੀਆਰਟੀਸੀ ਦੇ ਮੁਲਾਜ਼ਮਾਂ ਨੇ ਚੱਕਾ ਜਾਮ ਕਰ ਕੇ ਹੜਤਾਲ ਕੀਤੀ | ਠੇਕਾ ਮੁਲਾਜ਼ਮਾਂ ਵੱਲੋਂ ਚਲਾਈਆਂ ਜਾਣ ਵਾਲੀਆਂ ਬੱਸਾਂ ਵੀ ਰਵਾਨਾ ਨਹੀਂ ਕੀਤੀਆਂ ਗਈਆ, ਹਾਲਾਂਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ਚ ਪੰਜਾਬ ਰੋਡਵੇਜ਼ ਦੀਆਂ ਵੋਲਵੋ ਬੱਸਾਂ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ, ਨਵੀਂ ਦਿੱਲੀ ਤੱਕ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ |
ਪੰਜਾਬ ਰੋਡਵੇਜ਼, ਪਨਬੱਸ ਤੇ ਪੀਆਰਟੀਸੀ ਕਾਂਟ੍ਰੈਕਟ ਵਰਕਰਸ ਯੂਨੀਅਨ ਅੰਮ੍ਰਿਤਸਰ ਦੇ ਪ੍ਰਧਾਨ ਜੁਗਰਾਜ ਸਿੰਘ ਨੇ ਦੱਸਿਆ ਕਿ ਮੁਸਾਫ਼ਰਾਂ ਨੂੰ ਹੋਣ ਵਾਲੀ ਪਰੇਸ਼ਾਨੀ ਲਈ ਟ੍ਰਾਂਸਪੋਰਟ ਵਿਭਾਗ ਜ਼ਿੰਮੇਵਾਰ ਹੈ | ਓਹਨਾ ਨੇ ਕਿਹਾ ਕਿ ਪੰਜਾਬ ਵਿੱਚ 28 ਬੱਸ ਡਿੱਪੂ ਅਤੇ 3000 ਦੇ ਕਰੀਬ ਬੱਸਾਂ ਬੰਦ ਕਰਕੇ ਪ੍ਰਦਰਸ਼ਨ ਕਰ ਰਹੇ ਹਾਂ | ਸਾਡਾ ਦਿਲ ਨਹੀਂ ਕਰਦਾ ਕੇ ਸਾਡੇ ਕਰਕੇ ਲੋਕ ਖੱਜਲ-ਖੁਆਰ ਹੋਣ, ਪਰ ਹੜਤਾਲ ਕਰਨੀ ਸਾਡੀ ਮਜ਼ਬੂਰੀ ਹੈ | ਓਹਨਾ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ ਆਊਟਸੋਰਸ ਭਰਤੀ ਬੰਦ ਕੀਤੀ ਜਾਵੇ ਅਤੇ ਖ਼ਸਤਾ ਹਾਲਤ ਬੱਸਾਂ ਦੀ ਕੰਡੀਸ਼ਨ ਠੀਕ ਕੀਤੀ ਜਾਵੇ | ਯੂਨੀਅਨ ਨੇ 28 ਜੂਨ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦੇ ਘਿਰਾਓ ਦੀ ਚਿਤਾਵਨੀ ਦਿੱਤੀ ਹੈ |