July 7, 2024 12:44 pm
Pulse Polio campaign

3 ਤੋਂ 5 ਮਾਰਚ ਤੱਕ ਚੱਲੇਗਾ ਪਲਸ ਪੋਲੀਓ ਅਭਿਆਨ, ਵਧੀਕ ਡਿਪਟੀ ਕਮਿਸ਼ਨਰ ਨੇ ਕੀਤੀ ਸਮੀਖਿਆ ਬੈਠਕ

ਫਾਜ਼ਿਲਕਾ 27 ਫਰਵਰੀ 2024: ਸਿਹਤ ਵਿਭਾਗ ਵੱਲੋਂ 3 ਮਾਰਚ ਤੋਂ 5 ਮਾਰਚ 2024 ਤੱਕ ਪਲਸ ਪੋਲੀਓ ਅਭਿਆਨ (Pulse Polio campaign) ਚਲਾਇਆ ਜਾ ਰਿਹਾ ਹੈ। ਜਿਸ ਤਹਿਤ 0 ਤੋਂ 5 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਪੋਲੀਓ ਤੋਂ ਬਚਾਓ ਲਈ ਦਵਾਈ ਦੀਆਂ ਬੂੰਦਾ ਪਿਲਾਈਆਂ ਜਾਣਗੀਆਂ। ਇਸ ਸਬੰਧੀ ਤਿਆਰੀਆਂ ਲਈ ਸਮੀਖਿਆ ਬੈਠਕ ਦੀ ਪ੍ਰਧਾਨਗੀ ਕਰਦਿਆਂ ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਸ. ਜਗਵਿੰਦਰਜੀਤ ਸਿੰਘ ਗਰੇਵਾਲ ਨੇ ਦਿੱਤੀ ਹੈ।

ਵਧੀਕ ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਨਾਲ ਨਾਲ ਸਾਰੇ ਸਹਿਯੋਗੀ ਵਿਭਾਗਾਂ ਨੂੰ ਵੀ ਇਸ ਮੁਹਿੰਮ ਵਿਚ ਸਹਿਯੋਗ ਕਰਨ ਲਈ ਹਦਾਇਤ ਕੀਤੀ। ਉਨ੍ਹਾਂ ਨੇ ਫੂਡ ਸਪਲਾਈ ਕੰਟਰੋਲਰ ਨੂੰ ਕਿਹਾ ਕਿ ਭੱਠਿਆਂ ਤੇ ਕੰਮ ਕਰਦੇ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਇਹ ਵੈਕਸੀਨ ਪਿਲਾਉਣ ਲਈ ਪ੍ਰੇਰਿਤ ਕਰਨ ਲਈ ਕਿਹਾ। ਉਨ੍ਹਾਂ ਨੇ ਜਿ਼ਲ੍ਹਾ ਪ੍ਰੋਗਰਾਮ ਅਫ਼ਸਰ ਨੂੰ ਕਿਹਾ ਕਿ ਆਂਗਣਵਾੜੀਆਂ ਅਭਿਆਨ ਵਾਲੇ ਦਿਨਾਂ ਦੌਰਾਨ ਖੁੱਲੀਆਂ ਰੱਖੀਆਂ ਜਾਣ ਅਤੇ ਇਸ ਅਭਿਆਨ ਦੌਰਾਨ ਸਿਹਤ ਵਿਭਾਗ ਦਾ ਸਹਿਯੋਗ ਕੀਤਾ ਜਾਵੇ।

ਉਨ੍ਹਾਂ ਰੋਡਵੇਜ਼ ਨੂੰ ਹਦਾਇਤ ਕੀਤੀ ਕਿ ਟਰਾਂਜਿਟ ਟੀਮਾਂ ਦੀ ਤਾਇਨਾਤੀ ਦੀ ਥਾਂ ਤੇ ਬੱਸਾਂ ਰੋਕੀਆਂ ਜਾਣ। ਬਿਜਲੀ ਨਿਗਮ ਨੂੰ ਵੈਕਸੀਨ ਦੇ ਕੋਲਡ ਸਟੋਰਾ ਲਈ ਨਿਰਵਿਘਨ ਸਪਲਾਈ ਦੇਣ ਲਈ ਕਿਹਾ ਗਿਆ। ਪੰਚਾਇਤ ਵਿਭਾਗ ਨੂੰ ਹਦਾਇਤ ਕੀਤੀ ਕਿ ਪੰਚਾਇਤਾਂ ਨੂੰ ਇਸ ਅਭਿਆਨ (Pulse Polio campaign) ਵਿਚ ਸਹਿਯੋਗ ਕਰਨ ਲਈ ਕਿਹਾ ਜਾਵੇ। ਉਨ੍ਹਾਂ ਸਿਖਿਆ ਵਿਭਾਗ ਦੇ ਨੁਮਾਇੰਦਿਆਂ ਨੁੰ ਕਿਹਾ ਕਿ ਸਕੂਲਾਂ ਵਿਖੇ ਬੂਥ ਬਣਾਏ ਜਾਣ ਇਸ ਲਈ ਸਬੰਧਤ ਸਕੂਲਾਂ ਨੁੰ ਵੀ ਐਤਵਾਰ ਨੂੰ ਖੁੱਲਾ ਰੱਖਿਆ ਜਾਵੇ।

ਬੈਠਕ ਵਿਚ ਸਿਹਤ ਸੰਸਥਾ ਦੇ ਕਾਰਜਕਾਰੀ ਸਿਵਲ ਸਰਜਨ ਡਾ. ਕਵਿਤਾ ਸਿੰਘ ਨੇ ਦੱਸਿਆ ਕਿ 3 ਮਾਰਚ ਦਿਨ ਐਤਵਾਰ ਨੂੰ ਬੂਥਾਂ ਤੇ ਦਵਾਈ ਪਿਲਾਈ ਜਾਵੇਗੀ ਜਦ ਕਿ 4 ਅਤੇ 5 ਮਾਰਚ ਨੂੰ ਟੀਮਾਂ ਘਰ ਘਰ ਜਾ ਕੇ ਰਹਿ ਗਏ ਬੱਚਿਆਂ ਨੂੰ ਦਵਾਈ ਪਿਲਾਊਣਗੀਆਂ। ਉਨ੍ਹਾਂ ਨੇ ਦੱਸਿਆ ਕਿ ਜਿ਼ਲ੍ਹੇ ਵਿਚ 140951 ਬੱਚਿਆਂ ਨੂੰ ਦਵਾਈ ਪਿਲਾਉਣ ਦਾ ਟੀਚਾ ਹੈ ਅਤੇ ਇਸ ਲਈ 561 ਟੀਮਾਂ ਬਣਾਈਆਂ ਗਈਆਂ ਹਨ। ਅਭਿਆਨ ਦੀ ਨਿਗਰਾਨੀ ਲਈ 117 ਨਿਗਰਾਨ ਲਗਾਏ ਗਏ ਹਨ।
ਡਾ: ਐਰਿਕ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਇਸ ਅਭਿਆਨ ਦੌਰਾਨ ਨਵ ਜੰਮੇ ਬੱਚੇ ਤੋਂ ਲੈਕੇ 5 ਸਾਲ ਤੱਕ ਦੇ ਬੱਚਿਆਂ ਨੂੰ ਇਹ ਦਵਾਈ ਜਰੂਰ ਪਿਲਾਈ ਜਾਵੇ। ਉਨ੍ਹਾਂ ਨੇ ਕਿਹਾ ਕਿ ਇਹ ਦਵਾਈ ਪੂਰੀ ਤਰਾਂ ਸੁਰੱਖਿਅਤ ਹੈ।

ਬੈਠਕ ਵਿਚ ਸੀਨੀਅਰ ਮੈਡੀਕਲ ਅਫਸਰ ਡਾ. ਨਵੀਨ ਮਿੱਤਲ, ਜ਼ਿਲ੍ਹਾ ਕੋਲਡ ਮੈਨੇਜਰ ਖੁਸ਼ਵੰਤ ਸਿੰਘ, ਡਾ. ਸਕਸ਼ਮ ਕੰਬੋਜ, ਡਾ. ਸੰਦੀਪ, ਨੋਡਲ ਅਫਸਰ ਵਿਜੈ ਪਾਲ, ਬੀ.ਈ.ਈ. ਦਿਵੇਸ਼ ਕੁਮਾਰ, ਹਰਮੀਤ ਸਿੰਘ, ਸੁਨੀਲ ਟੰਡਨ, ਸੁਸ਼ੀਲ ਕੁਮਾਰ, ਡੀ.ਪੀ.ਐਮ. ਰਾਜੇਸ਼ ਕੁਮਾਰ ਤੋਂ ਇਲਾਵਾ ਬੀ.ਐਸ.ਐਫ. ਤੇ ਪੀ.ਡਬਲਿਓ.ਡੀ.ਵਿਭਾਗ ਦੇ ਨੁਮਾਇੰਦੇ ਆਦਿ ਵੀ ਹਾਜਰ ਸਨ।