ਨਵੀਂ ਦਿੱਲੀ, 27 ਮਾਰਚ 2025: ਰਾਜ ਸਭਾ ‘ਚ ਅੱਜ ਵਿੱਤ ਬਿੱਲ 2025 ਅਤੇ ਦ ਅਪਰੋਪ੍ਰੀਏਸ਼ਨ (ਨੰ. 3) ਬਿੱਲ, 2025 ‘ਤੇ ਚਰਚਾ ਦੌਰਾਨ ਸੰਸਦ ਮੈਂਬਰ ਰਾਘਵ ਚੱਢਾ ਨੇ ਆਮ ਆਦਮੀ ਦੀ ਜ਼ਿੰਦਗੀ ‘ਤੇ ਪੈਂਦੇ ਟੈਕਸ ਦੇ ਬੋਝ ਦੀ ਤਸਵੀਰ ਪੇਸ਼ ਕੀਤੀ। ਉਨ੍ਹਾਂ ਨੇ ਜਨਮ ਤੋਂ ਲੈ ਕੇ ਮੌਤ ਤੱਕ ਦੇ ਅੱਠ ਪੜਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਿਵੇਂ ਆਮ ਆਦਮੀ ਜਨਮ ਤੋਂ ਲੈ ਕੇ ਜੀਵਨ ਦੇ ਅੰਤ ਤੱਕ ਟੈਕਸ ਦੇ ਜਾਲ ‘ਚ ਫਸਿਆ ਰਹਿੰਦਾ ਹੈ। ਸੰਸਦ ਮੈਂਬਰ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਆਮ ਜਨਤਾ ‘ਤੇ ਟੈਕਸ ਦਾ ਬੋਝ ਘੱਟ ਕੀਤਾ ਜਾਵੇ ਤਾਂ ਜੋ ਆਮ ਆਦਮੀ ਦੇ ਹੱਥਾਂ ‘ਚ ਪੈਸਾ ਬਚੇ ਅਤੇ ਆਰਥਿਕਤਾ ਤਰੱਕੀ ਕਰੇ।
ਸੰਸਦ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਹਰ ਵਾਰ ਮੇਰੇ ਸਵਾਲਾਂ ਦਾ ਜਵਾਬ ਨਿੱਜੀ ਤਾਅਨੇ ਨਾਲ ਦਿੰਦੇ ਹਨ – ਕਈ ਵਾਰ ਉਹ ਕਹਿੰਦੇ ਹਨ ਕਿ ਮੈਂ ਚਾਰਟਰਡ ਅਕਾਊਂਟੈਂਟ ਨਹੀਂ ਹਾਂ, ਕਈ ਵਾਰ ਉਹ ਮੇਰੀ ਡਿਗਰੀ ‘ਤੇ ਸਵਾਲ ਉਠਾਉਂਦੇ ਹਨ। ਮੈਂ ਉਨ੍ਹਾਂ ਦੀ ਇੱਜ਼ਤ ਕਰਦਾ ਹਾਂ, ਉਹ ਤਜਰਬੇ, ਅਹੁਦੇ ਅਤੇ ਉਮਰ ‘ਚ ਮੇਰੇ ਤੋਂ ਵੱਡੇ ਹਨ। ਪਰ ਅੱਜ, ਉਸ ਡਿਗਰੀ ਨੂੰ ਪਾਸੇ ਰੱਖ ਕੇ, ਮੈਂ ਇੱਕ ਆਮ ਆਦਮੀ ਵਜੋਂ ਇਹ ਦਿਖਾਉਣਾ ਚਾਹੁੰਦਾ ਹਾਂ ਕਿ ਸਰਕਾਰ ਜਨਮ ਤੋਂ ਲੈ ਕੇ ਮੌਤ ਤੱਕ ਹਰ ਪੜਾਅ ‘ਤੇ ਟੈਕਸ ਇਕੱਠਾ ਕਰਦੀ ਹੈ, ਇਸ ਬਾਰੇ ਸੋਚੇ ਬਿਨਾਂ ਕਿ ਆਮ ਆਦਮੀ ਨੂੰ ਇਸ ਦੇ ਬਦਲੇ ਕਿਹੜੀਆਂ ਸਹੂਲਤਾਂ ਮਿਲ ਰਹੀਆਂ ਹਨ।
ਟੈਕਸ ਦੇ ਬਦਲੇ ਦੇਸ਼ ਵਾਸੀਆਂ ਨੂੰ ਕੀ ਮਿਲਦਾ ਹੈ ?
ਇਸ ਮੌਕੇ ਸੰਸਦ ਮੈਂਬਰ ਰਾਘਵ ਚੱਢਾ ਨੇ ਸਵਾਲ ਉਠਾਇਆ ਕਿ ਇਸ ਟੈਕਸ ਦੇ ਬਦਲੇ ਦੇਸ਼ ਵਾਸੀਆਂ ਨੂੰ ਕੀ ਮਿਲ ਰਿਹਾ ਹੈ? ਉਨ੍ਹਾ ਨੇਪੁੱਛਿਆ – “ਕੀ ਸਰਕਾਰ ਸਾਨੂੰ ਮੁਫਤ ਜਾਂ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਦੀ ਹੈ? ਕੀ ਸਾਡੇ ਕੋਲ ਬਿਹਤਰ ਸੜਕਾਂ, ਸਸਤੀ ਸਿੱਖਿਆ ਜਾਂ ਸੁਰੱਖਿਅਤ ਜਨਤਕ ਆਵਾਜਾਈ ਹੈ ?”
ਉਨ੍ਹਾਂ ਨੇ ਵਿਅੰਗਮਈ ਢੰਗ ‘ਚ ਕਿਹਾ, “ਅਸੀਂ ਭਾਰਤ ‘ਚ ਵਿਕਸਤ ਦੇਸ਼ਾਂ ਵਾਂਗ ਟੈਕਸ ਦਿੰਦੇ ਹਾਂ, ਪਰ ਸਹੂਲਤਾਂ ਪਛੜੇ ਦੇਸ਼ਾਂ ਵਰਗੀਆਂ ਹਨ।” ਸੰਸਦ ਮੈਂਬਰ ਰਾਘਵ ਚੱਢਾ ਨੇ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਸਰਕਾਰ ਹਰ ਕਦਮ ‘ਤੇ ਟੈਕਸ ਇਕੱਤਰ ਕਰਦੀ ਹੈ, ਪਰ ਬਦਲੇ ‘ਚ ਆਮ ਜਨਤਾ ਨੂੰ ਮੁੱਢਲੀਆਂ ਸਹੂਲਤਾਂ ਵੀ ਸਹੀ ਢੰਗ ਨਾਲ ਨਹੀਂ ਮਿਲਦੀਆਂ।
ਜਨਮ ਤੋਂ ਲੈ ਕੇ ਮਰਨ ਤੱਕ ਟੈਕਸ ਦੀ ਮਾਰ
ਐੱਮ.ਪੀ ਰਾਘਵ ਚੱਢਾ ਨੇ ਆਪਣੇ ਭਾਸ਼ਣ ‘ਚ ਜੀਵਨ ਦੇ ਹਰ ਪੜਾਅ ‘ਤੇ ਟੈਕਸ ਦੇ ਪ੍ਰਭਾਵ ਬਾਰੇ ਵਿਸਥਾਰ ਨਾਲ ਦੱਸਦੇ ਹੋਏ ਕਿਹਾ, “ਬੱਚੇ ਦੇ ਜਨਮ ਤੋਂ ਹੀ ਸਰਕਾਰ ਟੈਕਸ ਇਕੱਠਾ ਕਰਨ ਲਈ ਤਿਆਰ ਹੈ | ਜਦੋਂ ਕੋਈ ਪਰਿਵਾਰ ਉਸ ਦੀ ਮੌਤ ਦਾ ਸੋਗ ਮਨਾ ਰਿਹਾ ਹੁੰਦਾ ਹੈ ਤਾਂ ਵੀ ਸਰਕਾਰ ਟੈਕਸ ਇਕੱਠਾ ਕਰਨ ‘ਚ ਪਿੱਛੇ ਨਹੀਂ ਹਟਦੀ।”
ਰਾਘਵ ਚੱਢਾ ਨੇ ਨੇ ਦੱਸਿਆ ਕਿ ਸਾਡੀ ਮਿਹਨਤ ਦੀ ਕਮਾਈ ਦਾ ਵੱਡਾ ਹਿੱਸਾ ਟੈਕਸ ਦੇਣ ‘ਚ ਚਲਾ ਜਾਂਦਾ ਹੈ। ਸਵਾਲ ਇਹ ਹੈ ਕਿ ਟੈਕਸਾਂ ਦੇ ਬਦਲੇ ਲੋਕਾਂ ਨੂੰ ਕੀ ਮਿਲ ਰਿਹਾ ਹੈ?” ਰਾਘਵ ਚੱਢਾ ਨੇ ਦੇਸ਼ ਦੀ ਮੌਜੂਦਾ ਟੈਕਸ ਪ੍ਰਣਾਲੀ ਨੂੰ ”ਲਾਈਫ ਸਾਈਕਲ ਟੈਕਸੇਸ਼ਨ ਮਾਡਲ” ਕਰਾਰ ਦਿੱਤਾ ਅਤੇ ਜੀਵਨ ਦੇ 8 ਪੜਾਵਾਂ ‘ਤੇ ਲਗਾਏ ਜਾਣ ਵਾਲੇ ਟੈਕਸਾਂ ਦਾ ਵੇਰਵਾ ਸੰਸਦ ਦੇ ਸਾਹਮਣੇ ਪੇਸ਼ ਕੀਤਾ ਗਿਆ।
1. ਬੇਬੀ ਕੇਅਰ ਆਈਟਮਾਂ ‘ਤੇ GST
ਰਾਘਵ ਚੱਢਾ ਨੇ ਕਿਹਾ, “ਜਦੋਂ ਬੱਚੇ ਦਾ ਜਨਮ ਹੁੰਦਾ ਹੈ ਤਾਂ ਉਸ ਦੀ ਅੱਖ ਖੁੱਲ੍ਹਣ ਤੋਂ ਪਹਿਲਾਂ ਹੀ ਟੈਕਸ ਲੱਗਣੇ ਸ਼ੁਰੂ ਹੋ ਜਾਂਦੇ ਹਨ। ਨਵਜੰਮੇ ਬੱਚੇ ਦੇ ਟੀਕਾਕਰਨ ‘ਤੇ 5 ਫੀਸਦੀ ਜੀ.ਐੱਸ.ਟੀ. ਉਨ੍ਹਾਂ ਨੇ ਹਲਕੇ ਲਹਿਜੇ ‘ਚ ਕਿਹਾ, ”ਜੇਕਰ ਜਨਮਦਿਨ ਮਨਾਉਣ ਲਈ ਮਠਿਆਈਆਂ ਜਾਂ ਬ੍ਰਾਂਡੇਡ ਚਾਕਲੇਟਾਂ ਵੰਡੀਆਂ ਜਾਂਦੀਆਂ ਹਨ ਤਾਂ ਉਸ ‘ਤੇ ਵੀ 5 ਤੋਂ 28 ਫੀਸਦੀ ਤੱਕ ਜੀ.ਐੱਸ.ਟੀ. ਲੱਗਦਾ ਹੈ|
2. GST ਨੇ ਬੱਚਿਆਂ ਦੇ ਬਚਪਨ ਨੂੰ ਵੀ ਮਾਰਿਆ
ਚੱਢਾ ਨੇ ਆਪਣੇ ਭਾਸ਼ਣ ‘ਚ ਜਨਮ ਤੋਂ ਬਾਅਦ ਬਚਪਨ ਦੇ ਪੜਾਅ ਦਾ ਵੀ ਜ਼ਿਕਰ ਕਰਦਿਆਂ ਕਿਹਾ, “ਜਦੋਂ ਮਾਤਾ-ਪਿਤਾ ਬੇਬੀ ਫੂਡ ਖਰੀਦਦੇ ਹਨ, ਤਾਂ ਇਸ ‘ਤੇ 18% ਤੱਕ ਜੀ.ਐੱਸ.ਟੀ.ਹੈ। ਡਾਇਪਰ ‘ਤੇ 12% ਜੀ.ਐੱਸ.ਟੀ.। ਬੇਬੀ ਸਟ੍ਰੋਲਰ ‘ਤੇ 5% ਤੋਂ 12% ਜੀ.ਐੱਸ.ਟੀ.। ਬੱਚਿਆਂ ਦੇ ਖਿਡੌਣਿਆਂ ‘ਤੇ ਵੀ 12% ਜੀ.ਐੱਸ.ਟੀ., ਚਾਹੇ ਉਹ ਪੈਡਲ ਦੇ ਖਿਡੌਣੇ ਹੋਣ।” ਉਨ੍ਹਾਂ ਨੇ ਕਿਹਾ, “ਬੱਚੇ ਦੇ ਪਹਿਲੇ ਹੇਅਰ ਕਟਵਾਉਣ ਜਾਂ ਟੌਂਸਰ – ਸੈਲੂਨ ‘ਚ 18% ਜੀ.ਐੱਸ.ਟੀ.। ਪਹਿਲੇ ਜਨਮਦਿਨ ਦੇ ਫੋਟੋਸ਼ੂਟ ‘ਤੇ 18% GST। ਜਨਮ ਦਿਨ ਦੀ ਪਾਰਟੀ ‘ਤੇ ਕੇਟਰਿੰਗ ‘ਤੇ 18% ਜੀ.ਐੱਸ.ਟੀ.। ਜਨਮਦਿਨ ਦੇ ਕੇਕ ‘ਤੇ ਵੀ 18% ਜੀ.ਐੱਸ.ਟੀ. ਹੈ।”
ਉਨ੍ਹਾਂ ਕਿਹਾ ਕਿ ਜਦੋਂ ਬੱਚਾ ਸਕੂਲ ਜਾਣਾ ਸ਼ੁਰੂ ਕਰਦਾ ਹੈ ਤਾਂ ਵੀ ਟੈਕਸ ਉਸ ਦਾ ਪਿੱਛਾ ਨਹੀਂ ਛੱਡਦਾ। ਵਰਦੀ, ਜੁੱਤੀ, ਸਕੂਲ ਬੈਗ, ਲੰਚ ਬਾਕਸ – ਇਸ ਸਭ ‘ਤੇ ਜੀ.ਐੱਸ.ਟੀ. ਸਟੇਸ਼ਨਰੀ ਵਰਗੀਆਂ ਸਕੂਲੀ ਵਸਤਾਂ ‘ਤੇ 18% ਜੀ.ਐੱਸ.ਟੀ. ਲਾਈ ਜਾਦੀ ਹੈ।
3. ਕਿਸ਼ੋਰ ਅਵਸਥਾ ਦੌਰਾਨ ਟੈਕਸ ਦਾ ਬੋਝ ਵੱਧ
ਸੰਸਦ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਕਿਸ਼ੋਰ ਅਵਸਥਾ ‘ਚ ਟੈਕਸ ਦਾ ਬੋਝ ਹੋਰ ਵਧ ਜਾਂਦਾ ਹੈ। ਰਾਘਵ ਨੇ ਕਿਹਾ, ਇਹ ਜ਼ਿੰਦਗੀ ਦਾ ਸਭ ਤੋਂ ਮਜ਼ੇਦਾਰ ਅਤੇ ਅਹਿਮ ਸਮਾਂ ਹੈ। ਇਸ ਉਮਰ ‘ਚ ਬੱਚਾ ਪਹਿਲਾ ਸਮਾਰਟਫੋਨ ਖਰੀਦਦਾ ਹੈ- ਇਸ ‘ਤੇ ਜੀ.ਐੱਸ.ਟੀ. ਜੇਕਰ ਫੋਨ ਮਹਿੰਗਾ ਹੋਵੇ ਜਾਂ ਵਿਦੇਸ਼ੀ, ਤਾਂ ਇੰਪੋਰਟ ਡਿਊਟੀ ਲੱਗਦੀ ਹੈ। ਫੋਨ ਰੀਚਾਰਜ ‘ਤੇ ਜੀ.ਐੱਸ.ਟੀ. ਬ੍ਰਾਡਬੈਂਡ ਇੰਟਰਨੈੱਟ ‘ਤੇ ਜੀ.ਐੱਸ.ਟੀ. ਨੇਟਫਲਿਕਸ, ਸਪੋਰਟੀਫਾਈ, ਵੀਡੀਓ ਗੇਮਾਂ ਦੀ ਗਾਹਕੀ ‘ਤੇ ਜੀ.ਐੱਸ.ਟੀ. ਦੋਸਤਾਂ ਨਾਲ ਫਿਲਮ ਦੇਖਣ ਜਾਓ- ਜੀ.ਐੱਸ.ਟੀ., ਮਨੋਰੰਜਨ ਟੈਕਸ, ਪੌਪਕੌਰਨ ਅਤੇ ਕੋਲਡ ਡਰਿੰਕਸ ‘ਤੇ ਜੀ.ਐੱਸ.ਟੀ. ਲੱਗਦਾ ਹੈ |
ਰਾਘਵ ਚੱਢਾ ਨੇ ਕਿਹਾ, “ਜੇਕਰ ਤੁਸੀਂ 18 ਸਾਲ ਦੀ ਉਮਰ ‘ਚ ਆਪਣਾ ਪਹਿਲਾ ਮੋਟਰਸਾਈਕਲ ਜਾਂ ਸਕੂਟਰ ਖਰੀਦਦੇ ਹੋ, ਤਾਂ ਤੁਹਾਨੂੰ ਇਸ ‘ਤੇ ਜੀਐਸਟੀ, ਰੋਡ ਟੈਕਸ, ਰਜਿਸਟ੍ਰੇਸ਼ਨ ਫੀਸ ਅਤੇ ਵਾਹਨਾਂ ਦੇ ਉਪਕਰਣਾਂ ‘ਤੇ ਵੀ ਜੀਐਸਟੀ ਅਦਾ ਕਰਨਾ ਪਵੇਗਾ।”
4. ਉੱਚ ਸਿੱਖਿਆ ਲਈ ਲੋਨ ‘ਤੇ ਵੀ ਜੀਐਸਟੀ ਦਾ ਬੋਝ
ਐੱਮਪੀ ਰਾਘਵ ਚੱਢਾ ਨੇ ਕਿਹਾ, ਚੌਥੇ ਪੜਾਅ ‘ਚ ਉੱਚ ਸਿੱਖਿਆ ਦੌਰਾਨ ਵੀ ਟੈਕਸ ਦਾ ਬੋਝ ਹੈ। “ਪ੍ਰਾਈਵੇਟ ਕਾਲਜ ਦੀ ਟਿਊਸ਼ਨ ਫੀਸ ‘ਤੇ ਜੀ.ਐੱਸ.ਟੀ. ਜੇਕਰ ਤੁਸੀਂ ਹੋਸਟਲ ਜਾਂ ਪੀ.ਜੀ. ਦਾ ਕਿਰਾਇਆ ਦੇ ਰਹੇ ਹੋ, ਤਾਂ ਇਸ ‘ਤੇ ਜੀਐੱਸਟੀ ਲੱਗਦਾ ਹੈ, ਇਸਦੇ ਨਾਲ ਹੀ ਵਿਦਿਆਰਥੀ ਲੋਨ ਪ੍ਰੋਸੈਸਿੰਗ ਫੀਸ ‘ਤੇ ਜੀਐੱਸਟੀ, ਕਿਤਾਬਾਂ ਤੋਂ ਲੈ ਕੇ ਲੈਪਟਾਪ ਤੱਕ, ਹਰ ਚੀਜ਼ ‘ਤੇ ਜੀਐੱਸਟੀ ਦੇਣਾ ਪੈਂਦਾ ਹੈ |
ਉਨ੍ਹਾਂ ਕਿਹਾ ਕਿ ਜਦੋਂ ਤੁਸੀਂ ਗ੍ਰੈਜੂਏਟ ਹੋ ਜਾਂਦੇ ਹੋ, ਤੁਹਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਸਰਕਾਰ ਤੁਹਾਨੂੰ ਤੁਹਾਡੀ ਮਿਹਨਤ ਦੀ ਕਮਾਈ ਰੱਖਣ ਨਹੀਂ ਦਿੰਦੀ। ਜੇਕਰ ਤੁਸੀਂ ਵਿਦੇਸ਼ ‘ਚ ਪੜ੍ਹਦੇ ਹੋ, ਤਾਂ ਤੁਹਾਨੂੰ ਵਿਦੇਸ਼ੀ ਰੈਮਿਟੈਂਸ ‘ਤੇ TCS (ਟੈਕਸ ਕਲੈਕਟਡ ਐਟ ਸੋਰਸ) ਦਾ ਭੁਗਤਾਨ ਕਰਨਾ ਪੈਂਦਾ ਹੈ
5. ਕਰੀਅਰ ਦੀ ਸ਼ੁਰੂਆਤ ‘ਚ ਟੈਕਸ
ਐੱਮਪੀ ਰਾਘਵ ਚੱਢਾ ਨੇ ਕਿਹਾ, “ਇਹ ਡਾਇਰੈਕਟ ਟੈਕਸ ਦੀ ਗੜਬੜ ਹੈ। ਜਦੋਂ ਤੁਸੀਂ ਪਹਿਲੀ ਵਾਰ ਨੌਕਰੀ ਕਰਦੇ ਹੋ, ਤਾਂ ਸਲੈਬ ਰੇਟ ਦੇ ਅਨੁਸਾਰ ਟੀਡੀਐਸ ਕੱਟਿਆ ਜਾਂਦਾ ਹੈ। ਆਮਦਨੀ ਟੈਕਸ ਇਕੱਠਾ ਕੀਤਾ ਜਾਂਦਾ ਹੈ। ਜਦੋਂ ਤੁਸੀਂ ਪਹਿਲੀ ਤਨਖਾਹ ਲੈਂਦੇ ਹੋ, ਜੇ ਤੁਸੀਂ ਆਪਣੇ ਮਾਤਾ-ਪਿਤਾ ਜਾਂ ਦੋਸਤਾਂ ਨੂੰ ਰਾਤ ਦੇ ਖਾਣੇ ਜਾਂ ਫਿਲਮ ਦੇਖਣ ਲਈ ਬਾਹਰ ਲੈ ਜਾਂਦੇ ਹੋ, ਤਾਂ ਉਸ ਬਿੱਲ ‘ਤੇ ਵੀ ਜੀਐਸਟੀ ਹੁੰਦਾ ਹੈ। ਤਨਖਾਹ ਵਧਣ ਦੇ ਨਾਲ-ਨਾਲ ਆਮਦਨ ਟੈਕਸ ਵਧਦਾ ਹੈ। ਇਨ੍ਹਾਂ ਸਾਰਿਆਂ ‘ਤੇ ਜੀ.ਐੱਸ.ਟੀ. ਲੱਗਦਾ ਹੈ |
“ਜੇਕਰ ਤੁਸੀਂ ਨਿਵੇਸ਼ ਕਰਦੇ ਹੋ, ਤਾਂ ਤੁਹਾਨੂੰ ਵਿੱਤੀ ਸਾਧਨਾਂ ਦੀ ਖਰੀਦ ‘ਤੇ ਸੁਰੱਖਿਆ ਲੈਣ-ਦੇਣ ਟੈਕਸ, ਦਲਾਲੀ ‘ਤੇ GST, ਵਿੱਤੀ ਸਲਾਹ ‘ਤੇ ਜੀਐਸਟੀ, ਮੁਨਾਫੇ ‘ਤੇ ਪੂੰਜੀ ਲਾਭ ਟੈਕਸ। ਤੁਹਾਨੂੰ ਸਿਹਤ ਅਤੇ ਜੀਵਨ ਬੀਮਾ ਪ੍ਰੀਮੀਅਮਾਂ ‘ਤੇ ਵੀ ਜੀਐਸਟੀ ਦਾ ਭੁਗਤਾਨ ਕਰਨਾ ਪੈਂਦਾ ਹੈ।”
6. ਉਮਰ ਦੇ ਅੱਧ ‘ਚ ਆਮਦਨ ਅਤੇ ਟੈਕਸ ਦੋਵੇਂ ਸਿਖਰ ‘ਤੇ
ਰਾਘਵ ਚੱਢਾ ਨੇ ਕਿਹਾ, “ਪ੍ਰਮੋਸ਼ਨ ਜਾਂ ਮੁਲਾਂਕਣ ਕਾਰਨ ਤਨਖਾਹ ਵਧਦੀ ਹੈ, ਟੈਕਸ ਸਲੈਬ ਵਧਦਾ ਹੈ, ਪ੍ਰਦਰਸ਼ਨ ਬੋਨਸ ‘ਤੇ ਵੀ ਟੈਕਸ, ਕਾਰ ਖਰੀਦਣਾ – ਜੀਐਸਟੀ, ਰੋਡ ਟੈਕਸ, ਬੀਮਾ, ਰਜਿਸਟ੍ਰੇਸ਼ਨ ਫੀਸ, ਪੈਟਰੋਲ ਅਤੇ ਡੀਜ਼ਲ ‘ਤੇ ਵੈਟ, ਐਕਸਾਈਜ਼ ਡਿਊਟੀ ਅਤੇ ਸੈੱਸ, ਬਾਈਕ ਦੇ ਬੀਮੇ ‘ਤੇ ਜੀਐਸਟੀ ਅਤੇ ਸੜਕ ‘ਤੇ ਗੱਡੀ ਚਲਾਉਣ ਲਈ ਟੋਲ ਟੈਕਸ।
ਉਨ੍ਹਾਂ “ਟੈਕਸ ਨਾਲ ਮਕਾਨ ਖਰੀਦਣ ਦੀ ਪ੍ਰਕਿਰਿਆ ਵੀ ਪ੍ਰਭਾਵਿਤ ਹੁੰਦੀ ਹੈ। “ਸਟੈਂਪ ਡਿਊਟੀ, ਰਜਿਸਟ੍ਰੇਸ਼ਨ ਫੀਸ, ਉਸਾਰੀ ਸੇਵਾਵਾਂ ‘ਤੇ ਜੀ.ਐੱਸ.ਟੀ., ਸੀਮੈਂਟ, ਮਾਰਬਲ, ਸਟੀਲ ਵਰਗੀਆਂ ਸਮੱਗਰੀਆਂ ‘ਤੇ ਜੀ.ਐੱਸ.ਟੀ. ਸਾਲਾਨਾ ਜਾਇਦਾਦ ਟੈਕਸ ਅਤੇ ਹਾਊਸ ਟੈਕਸ। ਜੇਕਰ ਤੁਸੀਂ ਘਰ ਵੇਚਦੇ ਹੋ, ਤਾਂ ਪੂੰਜੀ ਲਾਭ ਟੈਕਸ.” ਵਿਆਹ ਦੇ ਮੌਕੇ ‘ਤੇ ਵੀ ਕੋਈ ਟੈਕਸ ਰਾਹਤ ਨਹੀਂ ਹੈ। “ਬੈਂਕਵੇਟ ਹਾਲ ਦੀ ਬੁਕਿੰਗ, ਕੇਟਰਿੰਗ ਸੇਵਾਵਾਂ, ਸੋਨੇ ਦੇ ਗਹਿਣੇ, ਕੱਪੜੇ, ਵਿਆਹ ਦੇ ਸੱਦਾ ਪੱਤਰ ਤੋਂ ਲੈ ਕੇ ਵਿਆਹ ਦੇ ਮੇਕਅਪ ਅਤੇ ਹਨੀਮੂਨ ਦੀ ਯਾਤਰਾ ਤੱਕ – ਹਰ ਚੀਜ਼ ‘ਤੇ ਜੀਐਸਟੀ.”
7. ਰਿਟਾਇਰਮੈਂਟ ‘ਚ ਵੀ ਟੈਕਸ ਦਾ ਬੋਝ
ਰਾਘਵ ਚੱਢਾ ਨੇ ਸੇਵਾਮੁਕਤੀ ਤੋਂ ਬਾਅਦ ਵੀ ਲਗਾਏ ਜਾਣ ਵਾਲੇ ਟੈਕਸ ਦਾ ਜ਼ਿਕਰ ਕਰਦਿਆਂ ਕਿਹਾ, ”ਇਸ ਉਮਰ ‘ਚ ਲੋਕ ਆਰਾਮਦਾਇਕ ਜ਼ਿੰਦਗੀ ਚਾਹੁੰਦੇ ਹਨ, ਪਰ ਪੈਨਸ਼ਨ ‘ਤੇ ਟੈਕਸ ਲਗਾਇਆ ਜਾਂਦਾ ਹੈ। ਵਿਆਜ ਦੀ ਆਮਦਨ ‘ਤੇ ਟੈਕਸ ਦੇਣਾ ਪੈਂਦਾ ਹੈ। ਦਵਾਈਆਂ ਅਤੇ ਸਿਹਤ ਸੰਭਾਲ ਸੇਵਾਵਾਂ ‘ਤੇ ਟੈਕਸ ਦਾ ਭੁਗਤਾਨ ਕਰੋ। ਜੀਵਨ ਅਤੇ ਸਿਹਤ ਬੀਮਾ ਪ੍ਰੀਮੀਅਮਾਂ ‘ਤੇ ਜੀਐਸਟੀ ਦਾ ਭੁਗਤਾਨ ਕਰਨਾ ਪੈਂਦਾ ਹੈ। ਜਾਇਦਾਦ ਲਈ ਵਸੀਅਤ ਤਿਆਰ ਕਰਨ ‘ਤੇ ਕਾਨੂੰਨੀ ਫੀਸ ਅਤੇ ਜੀ.ਐੱਸ.ਟੀ. ਵਸੀਅਤ ਦੀ ਰਜਿਸਟ੍ਰੇਸ਼ਨ ‘ਤੇ ਵੀ ਸਟੈਂਪ ਡਿਊਟੀ ਅਦਾ ਕਰਨੀ ਪੈਂਦੀ ਹੈ।”
8. ਮੌਤ ਤੋਂ ਬਾਅਦ ਵੀ ਟੈਕਸ
ਰਾਘਵ ਚੱਢਾ ਨੇ ਕਿਹਾ, “ਮੌਤ ਤੋਂ ਬਾਅਦ ਵੀ ਟੈਕਸ ਸਾਡਾ ਸਾਥ ਨਹੀਂ ਛੱਡਦੇ। ਅਖਬਾਰਾਂ ‘ਚ ਸ਼ੋਕ ਸੰਦੇਸ਼ ਪ੍ਰਕਾਸ਼ਿਤ ਕਰਨ ‘ਤੇ ਜੀ.ਐੱਸ.ਟੀ. ਅੰਤਿਮ ਸਸਕਾਰ ‘ਤੇ ਦੇਸੀ ਘਿਓ, ਚੰਦਨ, ਨਾਰੀਅਲ ਆਦਿ ‘ਤੇ ਜੀ.ਐੱਸ.ਟੀ. ਜ਼ਮੀਨ ਜਾਂ ਜਾਇਦਾਦ ‘ਤੇ ਟੈਕਸ।” “ਜਦੋਂ ਜਾਇਦਾਦ ਪਰਿਵਾਰ ਨੂੰ ਟਰਾਂਸਫਰ ਕੀਤੀ ਜਾਂਦੀ ਹੈ ਤਾਂ ਕਾਨੂੰਨੀ ਫੀਸ ਅਤੇ ਜੀ.ਐੱਸ.ਟੀ. ਇਸ ਤੋਂ ਇਲਾਵਾ ਕਈ ਸੂਬਿਆਂ ‘ਚ ਜ਼ਮੀਨ ਜਾਂ ਜਾਇਦਾਦ ਦੇ ਇੰਤਕਾਲ ‘ਤੇ ਸਟੈਂਪ ਡਿਊਟੀ ਵੀ ਅਦਾ ਕਰਨੀ ਪੈਂਦੀ ਹੈ।
ਟੈਕਸ ਦੇ ਬਦਲੇ ਕੀ ਦੇ ਰਹੀ ਹੈ ਸਰਕਾਰ ?
ਐੱਮਪੀ ਰਾਘਵ ਚੱਢਾ ਨੇ ਵੀ ਸੰਸਦ ‘ਚ ਟੈਕਸ ਦੀ ਅਰਥਵਿਵਸਥਾ ‘ਤੇ ਪੈਣ ਵਾਲੇ ਪ੍ਰਭਾਵਾਂ ‘ਤੇ ਸਵਾਲ ਕੀਤਾ, “ਇੰਨੇ ਟੈਕਸ ਦੇਣ ਤੋਂ ਬਾਅਦ ਕੇਂਦਰ ਸਰਕਾਰ ਸਾਨੂੰ ਕੀ ਦਿੰਦੀ ਹੈ? ਸਰਕਾਰ ਲਈ ਟੈਕਸ ਜ਼ਰੂਰੀ ਹਨ, ਪਰ ਸਵਾਲ ਇਹ ਹੈ ਕਿ ਕੀ ਇਹ ਟੈਕਸ ਸਾਡੀ ਆਰਥਿਕਤਾ ਨੂੰ ਵਧਾ ਰਹੇ ਹਨ ਜਾਂ ਇਸ ਨੂੰ ਖਾ ਰਹੇ ਹਨ? ਕੀ ਸਾਡੀ ਜ਼ਿੰਦਗੀ ਬਿਹਤਰ ਹੋ ਰਹੀ ਹੈ ਜਾਂ ਖਰਾਬ ਹੋ ਰਹੀ ਹੈ? ਟੈਕਸਾਂ ਕਾਰਨ ਆਮਦਨ ਘਟ ਰਹੀ ਹੈ, ਖਪਤ ਘਟ ਰਹੀ ਹੈ, ਮੰਗ ਨਹੀਂ ਵਧ ਰਹੀ, ਉਤਪਾਦਨ ਘਟ ਰਿਹਾ ਹੈ। ਅਰਥਚਾਰੇ ਦਾ ਪਹੀਆ ਧੀਮਾ ਹੋ ਗਿਆ ਹੈ।”
ਚੱਢਾ ਨੇ ਕਿਹਾ, “ਇਸ ਦੇਸ਼ ‘ਚ 80 ਕਰੋੜ ਲੋਕ 5 ਕਿੱਲੋ ਮੁਫਤ ਰਾਸ਼ਨ ਦੇ ਆਧਾਰ ‘ਤੇ ਗੁਜ਼ਾਰਾ ਕਰ ਰਹੇ ਹਨ, ਪਰ ਉਨ੍ਹਾਂ ਤੋਂ ਜੀਐਸਟੀ ਵੀ ਲਿਆ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗਰੀਬ ਤੋਂ ਗਰੀਬ ਵੀ ਜੀਐਸਟੀ ਅਦਾ ਕਰਦਾ ਹੈ। ਟੈਕਸ ਕਾਰਨ ਐਫਐਮਸੀਜੀ ਦੀ ਵਿਕਰੀ ਘਟ ਰਹੀ ਹੈ, ਸਟਾਕ ਘਟ ਰਹੇ ਹਨ, ਖਪਤ ਘਟ ਰਹੀ ਹੈ, ਨਵੇਂ ਵਾਹਨਾਂ ਦੀ ਵਿਕਰੀ ਸੁੰਗੜ ਰਹੀ ਹੈ।”
ਰਾਘਵ ਚੱਢਾ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ, “ਸਰਕਾਰ ਜੀਐਸਟੀ ਨੂੰ ਘਟਾਵੇ। ਜੇਕਰ ਅਸੀਂ ਜੀਐਸਟੀ ਘਟਾਵਾਂਗੇ ਤਾਂ ਪੈਸਾ ਜਨਤਾ ਦੀਆਂ ਜੇਬਾਂ ‘ਚ ਆਵੇਗਾ। ਜੇਕਰ ਪੈਸਾ ਆਵੇਗਾ, ਤਾਂ ਮੰਗ ਵਧੇਗੀ, ਖਪਤ ਵਧੇਗੀ ਅਤੇ ਆਰਥਿਕਤਾ ਵਧੇਗੀ।” ਰਾਘਵ ਚੱਢਾ ਨੇ ਆਪਣੇ ਭਾਸ਼ਣ ਵਿੱਚ ਟੈਕਸ ਪ੍ਰਣਾਲੀ ‘ਚ ਸੁਧਾਰ ਦੀ ਲੋੜ ‘ਤੇ ਜ਼ੋਰ ਦਿੱਤਾ ਅਤੇ ਸਰਕਾਰ ਤੋਂ ਮੱਧ ਵਰਗ ਨੂੰ ਰਾਹਤ ਦੇਣ ਦੀ ਮੰਗ ਕੀਤੀ ਹੈ ।
Read More: ਸੰਸਦ ‘ਚ ਕੇਂਦਰ ‘ਤੇ ਵਰ੍ਹੇ MP ਰਾਘਵ ਚੱਢਾ, ਕਿਹਾ-“ਮੱਧ ਵਰਗ ਸਰਕਾਰ ਲਈ ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ”