June 30, 2024 9:30 pm
ਖਰੜ

ਲੋਕ ਸੁਵਿਧਾ ਕੈਂਪਾਂ ਨੇ ਤੋੜੀ ਉਪ ਮੰਡਲ ਖਰੜ ਦੇ ਲੋਕਾਂ ਦੇ ਜਨਤਕ ਕੰਮਾਂ ‘ਚ ਆਈ ਖੜ੍ਹੋਤ

ਖਰੜ, 12 ਫਰਵਰੀ 2024: ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ “ਆਪ ਦੀ ਸਰਕਾਰ ਆਪ ਦੇ ਦੁਆਰ” ਮੁਹਿੰਮ ਤਹਿਤ ਲਗਾਏ ਗਏ ਜਾ ਰਹੇ ਕੈਂਪਾਂ ਦਾ ਆਮ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਦੇਣ ਲਈ ਸਰਕਾਰ ਵੱਲੋਂ ਵੱਖੋ ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਵੱਡੀ ਗਿਣਤੀ ਲੋਕ ਇਨ੍ਹਾਂ ਕੈਂਪਾਂ ਵਿੱਚ ਜਾ ਕੇ ਭਰਪੂਰ ਲਾਹਾ ਲੈ ਰਹੇ ਹਨ ਤੇ ਆਪਣੀਆਂ ਸ਼ਿਕਾਇਤਾਂ ਦਾ ਨਿਪਟਾਰਾ ਵੀ ਕਰਵਾ ਰਹੇ ਹਨ, ਜਿਸ ਨਾਲ ਕੈਂਪਾਂ ਨੂੰ ਕਾਮਯਾਬੀ ਮਿਲ ਰਹੀ ਹੈ।

ਪਿੰਡ ਸੁਹਾਲੀ ਵਿਖੇ ਲਾਏ ਕੈਂਪ ਵਿੱਚ ਪੁੱਜੇ ਇਸੇ ਪਿੰਡ ਦੇ ਨੌਜਵਾਨ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਆਪਣਾ ਆਧਾਰ ਕਾਰਡ ਅੱਪਡੇਟ ਕਰਵਾਉਣ ਸਬੰਧੀ ਦਿੱਕਤਾਂ ਦਰਪੇਸ਼ ਸਨ ਪਰ ਅੱਜ ਦੇ ਇਸ ਕੈਂਪ ਵਿੱਚ ਉਸ ਦਾ ਆਧਾਰ ਕਾਰਡ ਅਪਡੇਟ ਸਬੰਧੀ ਫਾਰਮ ਦਰੁਸਤ ਕਰਵਾ ਕੇ ਉਸ ਨੂੰ ਸਹੀ ਰਾਹ ਪਾ ਦਿੱਤਾ ਗਿਆ ਹੈ, ਜਿਸ ਨਾਲ ਉਸ ਦਾ ਕੰਮ ਬਣ ਜਾਵੇਗਾ।

ਇਸੇ ਪਿੰਡ ਦੇ ਜਗਤਾਰ ਸਿੰਘ ਨੇ ਦੱਸਿਆ ਕਿ ਉਹ ਆਪਣਾ ਲੇਬਰ ਕਾਰਡ ਨਾ ਬਣਨ ਕਰ ਕੇ ਲੰਮੇਂ ਸਮੇਂ ਤੋਂ ਪ੍ਰੇਸ਼ਾਨ ਸੀ। ਅੱਜ ਇਸ ਕੈਂਪ ਵਿੱਚ ਕਾਗਜ਼ਾਤ ਸਬੰਧੀ ਉਸ ਦੀ ਦਿੱਕਤ ਦੂਰ ਕਰ ਦਿੱਤੀ ਗਈ ਹੈ ਤੇ ਹੁਣ ਉਸ ਨੂੰ ਲੇਬਰ ਕਾਰਡ ਦੀ ਸਹੂਲਤ ਹਾਸਲ ਹੋ ਜਾਵੇਗੀ।ਇਸੇ ਤਰ੍ਹਾਂ ਪਿੰਡ ਸੁਹਾਲੀ ਦੇ ਹੀ ਜਗਮੇਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਆਪਣੀ ਧੀ ਦਾ ਵਿਆਹ ਕੀਤਾ ਸੀ ਪਰ ਸ਼ਗਨ ਸਕੀਮ ਦਾ ਲਾਭ ਉਹਨਾਂ ਨੂੰ ਨਹੀਂ ਸੀ ਮਿਲ ਰਿਹਾ। ਕਾਗਜ਼ਾਤ ਸਬੰਧੀ ਕੁਝ ਦਿੱਕਤਾਂ ਆ ਰਹੀਆਂ ਸਨ, ਜਿਹੜੀਆਂ ਕਿ ਇਸ ਕੈਂਪ ਵਿਚ ਹੱਲ ਹੋ ਗਈਆਂ ਹਨ। ਉਹ ਇਸ ਉਪਰਾਲੇ ਲਈ ਪੰਜਾਬ ਸਰਕਾਰ ਦੇ ਧੰਨਵਾਦੀ ਹਨ।

ਉਪ ਮੰਡਲ ਮੈਜਿਸਟਰੇਟ, ਖਰੜ, ਗੁਰਮੰਦਰ ਸਿੰਘ ਨੇ ਦੱਸਿਆ ਕਿ ਅੱਜ ਖਰੜ ਉਪ ਮੰਡਲ ਦੇ ਪਿੰਡ ਸਹੌੜਾਂ, ਲਖਨੌਰ, ਸੁਹਾਲੀ ਤੀਰਥਾਂ, ਮਾਮੂਪੁਰ, ਸਕਰੂਲਾਂਪੁਰ, ਰਾਮਪੁਰਾ ਅਤੇ ਧੰਗਤਾਣਾ ਵਿਖੇ ਲਾਏ ਕੈਂਪਾਂ ਵਿਚ ਲੋਕਾਂ ਨੇ ਵੱਡੀ ਗਿਣਤੀ ਵਿਚ ਪਹੁੰਚ ਕੇ ਸੇਵਾਵਾਂ ਦਾ ਲਾਭ ਲਿਆ ਹੈ।

ਉਹਨਾਂ ਦੱਸਿਆ ਕਿ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦੀ ਸੁਣਵਾਈ ਕਰ ਕੇ ਉਨ੍ਹਾਂ ਦਾ ਫੌਰੀ ਹੱਲ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਇਨ੍ਹਾਂ ਕੈਂਪਾਂ ਦਾ ਉਦੇਸ਼ ਆਮ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਅਤੇ ਇਕ ਛੱਤ ਹੇਠਾਂ ਵੱਖ-ਵੱਖ ਸਰਕਾਰੀ ਸੇਵਾਵਾਂ ਦਾ ਲਾਭ ਪਹੁੰਚਾਉਣਾ, ਲੋਕਾਂ ਦੀਆਂ ਮੁਸ਼ਕਲਾਂ ਸੁਣਨਾ ਅਤੇ ਉਨ੍ਹਾਂ ਦਾ ਮੌਕੇ ‘ਤੇ ਹੱਲ ਕਰਨਾ ਹੈ। ਇਨ੍ਹਾਂ ਕੈਂਪਾਂ ਵਿੱਚ ਲੋਕ 44 ਕਿਸਮ ਦੀਆਂ ਸੇਵਾਵਾਂ ਦਾ ਲਾਭ ਪ੍ਰਾਪਤ ਕਰ ਸਕਦੇ ਹਨ। ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸੇਵਾਵਾਂ ਹਾਸਲ ਕਰਨ ਲਈ ਹੈਲਪ ਲਾਈਨ 1076 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

ਇਸ ਮੌਕੇ ਨਤਾਸ਼ਾ ਜੋਸ਼ੀ, ਜਨਰਲ ਸਕੱਤਰ ਮਹਿਲਾ ਵਿੰਗ, ਆਪ ਸਮੇਤ ਪਤਵੰਤੇ ਤੇ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ। ਇਨ੍ਹਾਂ ਕੈਂਪਾਂ ਵਿੱਚ ਜਨਮ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਰਿਹਾਇਸ਼ ਸਰਟੀਫਿਕੇਟ, ਅਨੁਸੂਚਿਤ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਸਰਟੀਫਿਕੇਟ, ਬੁਢਾਪਾ, ਦਿਵਯਾਂਗ ਅਤੇ ਆਸ਼ਰਿਤ ਪੈਨਸ਼ਨ, ਜਨਮ ਸਰਟੀਫਿਕੇਟ ‘ਚ ਨਾਂ ਦੀ ਤਬਦੀਲੀ, ਬਿਜਲੀ ਦੇ ਬਿੱਲਾਂ ਦੇ ਭੁਗਤਾਨ, ਮਾਲ ਵਿਭਾਗ ਸਬੰਧੀ ਰਿਕਾਰਡ ਦੀ ਪੜਤਾਲ, ਵਿਆਹ ਦੀ ਰਜਿਸਟ੍ਰੇਸ਼ਨ, ਮੌਤ ਦੇ ਸਰਟੀਫਿਕੇਟ ਦੀ ਇਕ ਤੋਂ ਵੱਧ ਕਾਪੀਆਂ, ਪੇਂਡੂ ਖੇਤਰ ਸਰਟੀਫਿਕੇਟ, ਫਰਦ ਬਣਾਉਣੀ, ਸ਼ਗਨ ਸਕੀਮ, ਜ਼ਮੀਨ ਦੀ ਨਿਸ਼ਾਨਦੇਹੀ,ਐੱਨ.ਆਰ. ਆਈ. ਦੇ ਸਰਟੀਫਿਕੇਟਾਂ ਦੇ ਕਾਉਂਟਰ ਦਸਤਖ਼ਤ, ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇ ਕਾਉਂਟਰ ਦਸਤਖ਼ਤ, ਮੌਤ ਸਰਟੀਫਿਕੇਟ ‘ਚ ਤਬਦੀਲੀ ਆਦਿ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।