ਹਾਈ ਸਪੀਡ ਰੇਲ ਕਾਰੀਡੋਰ

ਦਿੱਲੀ-ਚੰਡੀਗੜ੍ਹ-ਅੰਮ੍ਰਿਤਸਰ ਹਾਈ ਸਪੀਡ ਰੇਲ ਕਾਰੀਡੋਰ ਲਈ ਪਬਲਿਕ ਕੰਸਲਟੇਸ਼ਨ ਬੈਠਕ ਹੋਈ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 29 ਜਨਵਰੀ, 2024: ਪ੍ਰਸਤਾਵਿਤ ਦਿੱਲੀ-ਚੰਡੀਗੜ੍ਹ-ਅੰਮ੍ਰਿਤਸਰ ਹਾਈ ਸਪੀਡ ਰੇਲ ਕਾਰੀਡੋਰ ਦੇ ਵਾਤਾਵਰਣ ਅਤੇ ਸਮਾਜਿਕ ਪ੍ਰਭਾਵਾਂ ਤੋਂ ਜਨਤਾ ਨੂੰ ਜਾਣੂ ਕਰਵਾਉਣ ਦੇ ਮਕਸਦ ਨਾਲ ਨੈਸ਼ਨਲ ਹਾਈ ਸਪੀਡ ਰੇਲ ਕਾਰਪੋਰੇਸ਼ਨ ਲਿਮਟਿਡ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਐਸ.ਏ.ਐਸ ਨਗਰ, ਮੋਹਾਲੀ ਦੇ ਬੈਠਕ ਹਾਲ ਵਿਖੇ ਅੱਜ ਇੱਕ ਜਨਤਕ ਸਲਾਹ-ਮਸ਼ਵਰਾ ਬੈਠਕ ਕੀਤੀ ਗਈ। ਬੈਠਕ ਦੀ ਪ੍ਰਧਾਨਗੀ ਜ਼ਿਲ੍ਹਾ ਮਾਲ ਅਫ਼ਸਰ ਅਮਨਦੀਪ ਚਾਵਲਾ ਨੇ ਕੀਤੀ ਜਦਕਿ ਐਨਐਚਐਸਆਰਸੀਐਲ ਦੇ ਨੁਮਾਇੰਦੇ ਅਨਿਲ ਕੁਮਾਰ ਵੱਲੋਂ ਪ੍ਰਸਤਾਵ ਦੇ ਵੇਰਵੇ ਸਾਂਝੇ ਕੀਤੇ ਗਏ।

ਅਨਿਲ ਕੁਮਾਰ ਨੇ ਕਿਸਾਨਾਂ ਨੂੰ ਇਸ ਪ੍ਰੋਜੈਕਟ ਬਾਰੇ ਜਾਣਕਾਰੀ ਦਿੱਤੀ ਜਿਸ ਨਾਲ ਜ਼ਿਲ੍ਹੇ ਦੇ 43 ਪਿੰਡਾਂ ਦੀ 117.17 ਹੈਕਟੇਅਰ ਜ਼ਮੀਨ ਐਕੁਆਇਰ ਹੋ ਸਕਦੀ ਹੈ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ 474.772 ਕਿਲੋਮੀਟਰ ਲੰਬੇ ਪ੍ਰੋਜੈਕਟ ਦੀ ਕੁੱਲ ਲੰਬਾਈ 55.613 ਕਿਲੋਮੀਟਰ ਹੈ। ਇਸ ਪ੍ਰੋਜੈਕਟ ਵਿੱਚ ਚੰਡੀਗੜ੍ਹ ਨੇੜੇ ਪ੍ਰਸਤਾਵਿਤ ਸਟੇਸ਼ਨ ਦਿਆਲਪੁਰ, ਬਾਕਰਪੁਰ, ਸ਼ਫੀਪੁਰ ਅਤੇ ਰੁੜਕਾ ਪਿੰਡਾਂ ਤੇ ਅਧਾਰਿਤ ਹੋ ਸਕਦਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਇਲੈਕਟ੍ਰਿਕ ਪ੍ਰੋਜੈਕਟ ਹੋਣ ਕਾਰਨ ਵਾਤਾਵਰਣ ਪ੍ਰਦੂਸ਼ਣ ਰਹਿਤ ਹੋਣ ਦੇ ਨਾਲ-ਨਾਲ ਵਾਈਬ੍ਰੇਸ਼ਨ ਪ੍ਰਭਾਵ ਨੂੰ ਜ਼ੀਰੋ ‘ਤੇ ਰੱਖਿਆ ਗਿਆ ਹੈ। ਪੂਰਾ ਪ੍ਰੋਜੈਕਟ 13 ਮੀਟਰ ਚੌੜਾਈ ਵਾਲੇ 10 ਤੋਂ 15 ਮੀਟਰ ਉੱਚੇ ਪਿੱਲਰਾਂ ‘ਤੇ ਬਣਾਇਆ ਜਾਵੇਗਾ ਅਤੇ ਪ੍ਰੋਜੈਕਟ ਦੇ ਹੇਠਾਂ 4 ਮੀਟਰ ਸੜਕ ਦੇ ਰੱਖ-ਰਖਾਅ ਦੇ ਉਦੇਸ਼ਾਂ ਲਈ ਹੋਵੇਗੀ। ਉਨ੍ਹਾਂ ਨੇ ਰੀਅਲਟਰਾਂ ਦੁਆਰਾ ਪ੍ਰਸਤਾਵਿਤ ਜ਼ਮੀਨ ਦੀ ਮੁਨਾਫ਼ੇ ਲਈ ਖ੍ਰੀਦ-ਵੇਚ ਦੇ ਮੱਦੇਨਜ਼ਰ ਕਿਸਾਨਾਂ ਨੂੰ ਸਾਵਧਾਨ ਕੀਤਾ ਕਿਉਂਕਿ ਇਹ ਪ੍ਰੋਜੈਕਟ ਸਿਰਫ਼ ਇੱਕ ਪ੍ਰਸਤਾਵ ਹੈ ਅਤੇ ਕੇਂਦਰੀ ਮੰਤਰੀ ਮੰਡਲ ਦੀ ਮਨਜ਼ੂਰੀ ਤੋਂ ਪਹਿਲਾਂ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਦੀ ਜ਼ਮੀਨ ਐਕੁਆਇਰ ਕਰਨ ਦੀ ਕੋਈ ਗਾਰੰਟੀ ਨਹੀਂ ਹੈ।

ਉਨ੍ਹਾਂ ਅੱਗੇ ਕਿਹਾ ਕਿ ਮੁਢਲੇ ਤੌਰ ‘ਤੇ ਸਰਵੇਖਣ ਅਨੁਸਾਰ ਇਸ ਪ੍ਰੋਜੈਕਟ ਦੇ ਰਾਹ ਵਿੱਚ ਜ਼ਿਲ੍ਹੇ ਵਿੱਚ ਕੋਈ ਧਾਰਮਿਕ ਸਥਾਨ, ਵਿੱਦਿਅਕ ਸੰਸਥਾ, ਹਸਪਤਾਲ, ਪੁਰਾਤੱਤਵ ਸਮਾਰਕ, ਰਾਸ਼ਟਰੀ ਪਾਰਕ/ਜੰਗਲੀ ਜੀਵ, ਜੰਗਲ ਆਦਿ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨੂੰ ਰੇਲ ਦੀ 350 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤਿਆਰ ਕੀਤਾ ਗਿਆ ਹੈ ਜਦਕਿ ਰੇਲ ਗੱਡੀ 320 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੇਗੀ। ਉਨ੍ਹਾਂ ਅੱਗੇ ਕਿਹਾ ਕਿ ਪ੍ਰਸਤਾਵਿਤ 10 ਸਟੇਸ਼ਨਾਂ ‘ਤੇ ਰੁਕਣ ਸਮੇਤ ਔਸਤ ਗਤੀ ਦਾ ਮੁਲਾਂਕਣ 250 ਕਿਲੋਮੀਟਰ ਪ੍ਰਤੀ ਘੰਟਾ ਕੀਤਾ ਗਿਆ ਹੈ।

ਜਿਨ੍ਹਾਂ ਪਿੰਡਾਂ ਦੀ ਜ਼ਮੀਨ ਐਕੁਆਇਰ ਕਰਨ ਦੀ ਤਜਵੀਜ਼ ਹੈ, ਉਨ੍ਹਾਂ ਵਿੱਚ ਖੇਲਾਂ, ਰਾਜਪੁਰ ਜਾਂ ਰਜ਼ਾਪੁਰ, ਮਾਹਲਾਂ, ਜੋਧਪੁਰ, ਨਗਲਾ, ਸਾਰੰਗਪੁਰ, ਹੰਡੇਸਰਾ, ਸੀਹਾਪੁਰ, ਬਰਾਨਾ ਜਾਂ ਬਡਾਣਾ, ਜੌਲਾ ਕਲਾਂ, ਮੀਆਂਪੁਰ, ਬਗਵਾਸੀ, ਮੂਸੇਪੁਰ ਜਾਂ ਮੂਸਾਪੁਰ, ਜਵਾਹਰਪੁਰ, ਜਨੇਤਪੁਰ, ਦੇਵੀ ਨਗਰ, ਬੀੜ ਬਾਕਰਪੁਰ, ਮੁਹੰਮਦਪੁਰਾ , ਧਨੌਨੀ , ਪਰਾਗਪੁਰ, ਬੈਰਾਗਪੁਰ , ਸੀਤਾਬਗੜ੍ਹ , ਛੱਤ , ਦਿਆਲਪੁਰਾ , ਬਾਕਰਪੁਰ, ਰੁੜਕਾ, ਕੰਬਾਲਾ, ਚਿੱਲਾ, ਮਨੌਲੀ, ਰਾਏਪੁਰ ਖੁਰਦ , ਦੁਰਾਲੀ, ਸਨੇਟਾ , ਰਾਏਪੁਰ ਕਲਾਂ, ਸ਼ਾਮਪੁਰ, ਭਰਤਪੁਰ, ਗਿਦੜ੍ਹਪੁਰ, ਮੱਛਲੀ ਛੋਟੀ, ਚੂਹੜ ਮਾਜਰਾ , ਮੱਛਲੀ ਕਲਾਂ, ਮਕੜਾ, ਟੋਡਰ ਮਾਜਰਾ, ਮਜਾਤ ਅਤੇ ਚੁੰਨੀ ਖੁਰਦ ਸ਼ਾਮਲ ਹਨ।

ਜ਼ਿਲ੍ਹਾ ਮਾਲ ਅਫ਼ਸਰ ਅਮਨਦੀਪ ਚਾਵਲਾ ਨੇ ਹਾਜ਼ਰ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਕੋਲ ਕੋਈ ਸੁਝਾਅ ਜਾਂ ਇਤਰਾਜ਼ ਹਨ, ਤਾਂ ਉਹ ਲਿਖਤੀ ਰੂਪ ਵਿੱਚ ਦੇਣ ਤਾਂ ਜੋ ਸਬੰਧਤ ਏਜੰਸੀ ਨੂੰ ਵਿਚਾਰਨ ਲਈ ਪੇਸ਼ ਕੀਤਾ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਇਸ ਤਜਵੀਜ਼ ਦੇ ਆਧਾਰ ‘ਤੇ ਅੱਗੇ ਵਧਣ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ; ਜ਼ਮੀਨ ਦੀ ਪ੍ਰਾਪਤੀ ਪੰਜਾਬ ਸਰਕਾਰ ਵੱਲੋਂ ਨਿਰਧਾਰਿਤ ਐਕਟ ਦੇ ਤਹਿਤ ਕੀਤੀ ਜਾਵੇਗੀ।

Scroll to Top