PSPCL ਕੰਟਰੋਲ ਰੂਮ

PSPCL ਵੱਲੋਂ ਪੰਜਾਬ ‘ਚ ਕਣਕ ਦੀ ਵਾਢੀ ਦੇ ਸੀਜ਼ਨ ਲਈ ਕੰਟਰੋਲ ਰੂਮ ਸਥਾਪਤ

ਚੰਡੀਗੜ੍ਹ, 04 ਅਪ੍ਰੈਲ 2025: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਚੱਲ ਰਹੇ ਵਾਢੀ ਦੇ ਸੀਜ਼ਨ ਦੌਰਾਨ ਕਣਕ ਦੀ ਫਸਲ ਨੂੰ ਅੱਗ ਲੱਗਣ ਦੀਆਂ ਸੰਭਾਵਿਤ ਘਟਨਾਵਾਂ ਨਾਲ ਨਜਿੱਠਣ ਲਈ ਇੱਕ ਸਮਰਪਿਤ ਕੰਟਰੋਲ ਰੂਮ ਸਥਾਪਤ ਕੀਤਾ ਹੈ।

ਇਸ ਸੰਬੰਧੀ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਇਹ ਕੰਟਰੋਲ ਰੂਮ ਢਿੱਲੀਆਂ ਜਾਂ ਲਟਕਦੀਆਂ ਬਿਜਲੀ ਦੀਆਂ ਤਾਰਾਂ ਅਤੇ ਜੀਓ ਸਵਿੱਚਾਂ ਨਾਲ ਨਜਿੱਠਣ ਲਈ ਸਥਾਪਤ ਕੀਤਾ ਗਿਆ ਹੈ ਜੋ ਸਪਾਰਕਿੰਗ ਕਾਰਨ ਕਣਕ ਦੇ ਖੇਤਾਂ ‘ਚ ਅੱਗ ਦਾ ਕਾਰਨ ਬਣ ਸਕਦੇ ਹਨ।

ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਬਿਜਲੀ ਖਤਰਿਆਂ ਦੌਰਾਨ ਤੁਰੰਤ ਨਜ਼ਦੀਕੀ ਸਬ-ਡਵੀਜ਼ਨਲ ਦਫ਼ਤਰ, ਸ਼ਿਕਾਇਤ ਕੇਂਦਰ ਜਾਂ ਕੰਟਰੋਲ ਰੂਮ (96461-06835, 96461-06836) ਜਾਂ ਟੋਲ-ਫ੍ਰੀ ਨੰਬਰ 1912 ‘ਤੇ ਰਿਪੋਰਟ ਕਰਨ ਤਾਂ ਜੋ ਸਮੇਂ ਸਿਰ ਹੱਲ ਕੀਤਾ ਜਾ ਸਕੇ। ਕੈਬਨਿਟ ਮੰਤਰੀ ਨੇ ਕਿਹਾ ਕਿ ਢਿੱਲੀਆਂ ਜਾਂ ਲਟਕਦੀਆਂ ਤਾਰਾਂ ਜਾਂ ਸਪਾਰਕਿੰਗ ਦੀਆਂ ਘਟਨਾਵਾਂ ਦੀਆਂ ਤਸਵੀਰਾਂ, ਸਥਾਨ ਦੇ ਵੇਰਵਿਆਂ ਦੇ ਨਾਲ, ਵਟਸਐਪ ਰਾਹੀਂ 96461-06836 ‘ਤੇ ਭੇਜੀਆਂ ਜਾ ਸਕਦੀਆਂ ਹਨ।

ਕੈਬਨਿਟ ਮੰਤਰੀ ਨੇ ਸਲਾਹ ਦਿੱਤੀ ਕਿ ਵੱਢੀ ਹੋਈ ਕਣਕ ਨੂੰ ਬਿਜਲੀ ਦੀਆਂ ਤਾਰਾਂ ਹੇਠਾਂ ਜਾਂ ਟ੍ਰਾਂਸਫਾਰਮਰਾਂ ਅਤੇ ਜੀਓ ਸਵਿੱਚਾਂ ਦੇ ਨੇੜੇ ਨਾ ਰੱਖਿਆ ਜਾਵੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਟਰਾਂਸਫਾਰਮਰਾਂ ਦੇ ਆਲੇ-ਦੁਆਲੇ ਇੱਕ ਮਰਲੇ ‘ਚ ਬੀਜੀ ਗਈ ਕਣਕ ਦੀ ਵਾਢੀ ਪਹਿਲਾਂ ਹੀ ਕਰ ਲੈਣ ਅਤੇ ਖੇਤਾਂ ‘ਚ ਟਰਾਂਸਫਾਰਮਰਾਂ ਦੇ ਆਲੇ-ਦੁਆਲੇ 10 ਮੀਟਰ ਦੇ ਖੇਤਰ ਨੂੰ ਗਿੱਲਾ ਰੱਖਣ, ਤਾਂ ਜੋ ਚੰਗਿਆੜੀਆਂ ਕਾਰਨ ਅੱਗ ਲੱਗਣ ਦੀਆਂ ਸੰਭਾਵੀ ਘਟਨਾਵਾਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਣਕ ਦੇ ਖੇਤਾਂ ਦੇ ਨੇੜੇ ਸਿਗਰਟ ਜਾਂ ਬੀੜੀ ਨਾ ਪੀਣ ਦੀ ਸਲਾਹ ਵੀ ਦਿੱਤੀ।

ਕੈਬਨਿਟ ਮੰਤਰੀ ਨੇ ਬਾਂਸ ਦੇ ਖੰਭਿਆਂ ਜਾਂ ਸੋਟੀਆਂ ਦੀ ਮੱਦਦ ਨਾਲ ਬਿਜਲੀ ਦੀਆਂ ਲਾਈਨਾਂ ਨਾਲ ਛੇੜਛਾੜ ਕਰਨ ਵਿਰੁੱਧ ਚੇਤਾਵਨੀ ਦਿੱਤੀ ਅਤੇ ਕਿਹਾ ਕਿ ਅਣਅਧਿਕਾਰਤ ਵਿਅਕਤੀਆਂ ਨੂੰ ਜੀਓ ਸਵਿੱਚਾਂ ਨੂੰ ਚਲਾਉਣ ਦੀ ਆਗਿਆ ਨਹੀਂ ਹੋਣੀ ਚਾਹੀਦੀ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਦੂਸ਼ਣ ਨੂੰ ਰੋਕਣ ਲਈ ਕਣਕ ਦੀ ਪਰਾਲੀ ਜਾਂ ਰਹਿੰਦ-ਖੂੰਹਦ ਨੂੰ ਨਹੀਂ ਸਾੜਨਾ ਚਾਹੀਦਾ।

ਹਰਭਜਨ ਸਿੰਘ ਈਟੀਓ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕੰਬਾਈਨ ਹਾਰਵੈਸਟਰ ਸਿਰਫ਼ ਦਿਨ ਵੇਲੇ ਹੀ ਚਲਾਉਣ ਅਤੇ ਕੰਬਾਈਨ ਦੇ ਹਿੱਸਿਆਂ ਤੋਂ ਨਿਕਲਣ ਵਾਲੀਆਂ ਚੰਗਿਆੜੀਆਂ ਤੋਂ ਸਾਵਧਾਨ ਰਹਿਣ। ਉਨ੍ਹਾਂ ਕਿਸਾਨਾਂ ਨੂੰ ਬਿਜਲੀ ਦੇ ਖੰਭਿਆਂ ਅਤੇ ਤਾਰਾਂ ਨਾਲ ਕੰਬਾਈਨਾਂ ਦੇ ਟਕਰਾਉਣ ਬਾਰੇ ਵੀ ਸਾਵਧਾਨ ਕੀਤਾ। ਕੈਬਨਿਟ ਮੰਤਰੀ ਨੇ ਵਿਸ਼ੇਸ਼ ਤੌਰ ‘ਤੇ ਕਿਹਾ ਕਿ ਕਣਕ ਦੀ ਫ਼ਸਲ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਸ਼ਰਾਰਤੀ ਅਨਸਰਾਂ ‘ਤੇ ਨਜ਼ਰ ਰੱਖਣੀ ਜ਼ਰੂਰੀ ਹੈ।

ਉਨ੍ਹਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਬਿਜਲੀ ਲਾਈਨ ਵਿੱਚ ਸਪਾਰਕਿੰਗ ਹੁੰਦੀ ਹੈ ਤਾਂ ਤੁਰੰਤ ਸਬੰਧਤ ਪੀਐਸਪੀਸੀਐਲ ਸਟਾਫ, ਜੂਨੀਅਰ ਇੰਜੀਨੀਅਰ, ਸਬ-ਡਿਵੀਜ਼ਨਲ ਅਧਿਕਾਰੀ ਜਾਂ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਜਾਵੇ।

Read More: PSPCL ਨੇ ਵਿੱਤੀ ਸਾਲ 2024-25 ‘ਚ ਪਛਵਾੜਾ ਕੋਲਾ ਖਾਨ ਵਿੱਚ ਉੱਚ ਦਰਜੇ ਦੀ ਸਮਰੱਥਾ ਪ੍ਰਾਪਤ ਕੀਤੀ: ਹਰਭਜਨ ਸਿੰਘ ਈ.ਟੀ.ਓ.

Scroll to Top