PSPCL

PSPCL ਵੱਲੋਂ ਬਿਜਲੀ ਚੋਰੀ ਤੇ ਹੋਰ ਉਲੰਘਣਾਵਾਂ ਲਈ 110 ਬਿਜਲੀ ਖਪਤਕਾਰਾਂ ਨੂੰ ਲਾਇਆ 40.04 ਲੱਖ ਰੁਪਏ ਦਾ ਜ਼ੁਰਮਾਨਾ

ਪਟਿਆਲਾ, 29 ਜੂਨ, 2023: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਪੰਜਾਬ ਵਿੱਚ ਬਿਜਲੀ ਚੋਰੀ ਵਿਰੁੱਧ ਚਲਾਈ ਜਾ ਰਹੀ ਜ਼ੋਰਦਾਰ ਮੁਹਿੰਮ ਦਿਨੋ-ਦਿਨ ਤੇਜ਼ ਹੁੰਦੀ ਜਾ ਰਹੀ ਹੈ ਅਤੇ ਇਸ ਦੇ ਬਹੁਤ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਇਹ ਦਾ ਪ੍ਰਗਟਾਵਾ ਅੱਜ ਇੱਥੇ ਪੀ.ਐਸ.ਪੀ.ਸੀ.ਐਲ. (PSPCL) ਦੇ ਬੁਲਾਰੇ ਨੇ ਪ੍ਰੈਸ ਨੋਟ ਵਿੱਚ ਕੀਤਾ।

ਪੀਐਸਪੀਸੀਐਲ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਵਿੱਚੋਂ ਬਿਜਲੀ ਚੋਰੀ ਦੀ ਲਾਹਨਤ ਨੂੰ ਜੜ੍ਹੋਂ ਪੁੱਟਣ ਲਈ ਇਹ ਵਿਸ਼ੇਸ਼ ਮੁਹਿੰਮ ਗਰਮੀਆਂ/ਝੋਨੇ ਦੇ ਸੀਜ਼ਨ ਦੌਰਾਨ ਵੀ ਜਾਰੀ ਰਖਿਆ ਜਾਵੇਗੀ । ਬੁਲਾਰੇ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਪੀ.ਐਸ.ਪੀ.ਸੀ.ਐਲ ਵੱਲੋਂ ਬਿਜਲੀ ਚੋਰੀ ਕਰਨ ਵਾਲੇ ਸਾਰੀਆਂ ਸ਼੍ਰੇਣੀਆਂ ਦੇ ਬਿਜਲੀ ਖਪਤਕਾਰਾਂ ਵਿਰੁਧ ਜੁਰਮਾਨੇ ਤੋਂ ਇਲਾਵਾ ਬਿਜਲੀ ਐਕਟ ਹੇਠ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ।

ਬੁਲਾਰੇ ਨੇ ਇਹ ਵੀ ਸਪੱਸ਼ਟ ਕੀਤਾ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਅਫਸਰਾਂ/ਕਰਮਚਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਇਮਾਨਦਾਰ ਬਿਜਲੀ ਖਪਤਕਾਰਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

ਬੁਲਾਰੇ ਨੇ ਦੱਸਿਆ ਕਿ ਅੰਮ੍ਰਿਤਸਰ, ਬਠਿੰਡਾ, ਜਲੰਧਰ, ਲੁਧਿਆਣਾ ਅਤੇ ਪਟਿਆਲਾ ਸਰਕਲਾਂ ਦੀਆਂ ਪੀ.ਐਸ.ਪੀ.ਸੀ.ਐਲ ਇਨਫੋਰਸਮੈਂਟ ਟੀਮਾਂ ਦੇ ਨਾਲ ਪੁਲਿਸ ਅਧਿਕਾਰੀਆਂ ਨੇ ਛਾਪੇਮਾਰੀ ਦੌਰਾਨ 1191 ਖਪਤਕਾਰਾਂ ਦੇ ਘਰਾਂ ਦੀ ਚੈਕਿੰਗ ਕੀਤੀ ਹੈ ਅਤੇ ਪਿਛਲੇ ਦੋ ਦਿਨਾਂ ਵਿੱਚ 110 ਖਪਤਕਾਰਾਂ ਨੂੰ ਬਿਜਲੀ ਚੋਰੀ ਕਰਨ ਤੇ ਬਿਜਲੀ ਦੀ ਅਣਅਧਿਕਾਰਤ ਵਰਤੋਂ ਲਈ 40.04 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ।

ਪੀਐਸਪੀਸੀਐਲ (PSPCL) ਦੇ ਬੁਲਾਰੇ ਨੇ ਖੁਲਾਸਾ ਕੀਤਾ ਕਿ ਬਠਿੰਡਾ ਸਰਕਲ ਦੀਆਂ ਵੱਖ-ਵੱਖ ਇਨਫੋਰਸਮੈਂਟ ਟੀਮਾਂ ਨੇ ਝੋਕ, ਹਰੀ ਹਰ, ਸ੍ਰੀ ਮੁਕਤਸਰ ਸਾਹਿਬ (ਸਿਟੀ) ਦੇ 169 ਖਪਤਕਾਰਾਂ ਦੇ ਅਹਾਤਿਆਂ ਦੇ ਬਿਜਲੀ ਕੁਨੈਕਸ਼ਨਾਂ ਦੀ ਚੈਕਿੰਗ ਕੀਤੀ ਤੇ ਬਿਜਲੀ 20 ਖਪਤਕਾਰਾਂ ਨੂੰ 8.40 ਲੱਖ ਰੁਪਏ ਜੁਰਮਾਨਾ ਕੀਤਾ ਹੈ। ਬੁਲਾਰੇ ਨੇ ਇਹ ਵੀ ਦੱਸਿਆ ਕਿ ਬਿਜਲੀ ਚੋਰੀ ਦੀ ਚੈਕਿੰਗ ਦੌਰਾਨ ਲੁਧਿਆਣਾ ਸਰਕਲ ਦੀਆਂ ਇਨਫੋਰਸਮੈਂਟ ਟੀਮਾਂ ਨੇ ਜਨਤਾ ਨਗਰ ਯੂਨਿਟ ਨੰਬਰ 3, ਲੁਧਿਆਣਾ ਸਬ-ਡਿਵੀਜ਼ਨ ਦੇ 131 ਖਪਤਕਾਰਾਂ ਦੇ ਅਹਾਤਿਆਂ ਦੀ ਚੈਕਿੰਗ ਕੀਤੀ ਅਤੇ ਬਿਜਲੀ ਚੋਰੀ ਅਤੇ ਹੋਰ ਉਲੰਘਣਾ ਕਰਨ ਵਾਲੇ 8 ਖਪਤਕਾਰਾਂ ਨੂੰ 8.28 ਲੱਖ ਰੁਪਏ ਦੇ ਜੁਰਮਾਨੇ ਕੀਤੇ। ਪਟਿਆਲਾ ਸਰਕਲ ਦੀਆਂ ਇਨਫੋਰਸਮੈਂਟ ਟੀਮਾਂ ਨੇ ਧੂਰੀ (ਦਿਹਾਤੀ), ਮਲੇਰਕੋਟਲਾ (ਸਿਟੀ 2) ਸਹਿਣਾ, ਰੰਗੀਆਂ, ਤਪਾ 1 ਤਪਾ 2, ਧੂਆਂਵਾਲਾ 2 ਟੈੱਕ 1 ਮੁਹਾਲੀ ਸਬ ਡਵੀਜ਼ਨ ਦੇ 510 ਖਪਤਕਾਰਾਂ ਦੇ ਘਰਾਂ ਦੀ ਚੈਕਿੰਗ ਕਰਕੇ ਬਿਜਲੀ ਚੋਰੀ ਤੇ ਹੋਰ ਉਲੰਘਣਾਵਾਂ ਲਈ 9.11 ਲੱਖ ਰੁਪਏ ਜ਼ੁਰਮਾਨਾ ਕੀਤਾ ।

ਬੁਲਾਰੇ ਨੇ ਇਹ ਵੀ ਦੱਸਿਆ ਕਿ ਜਲੰਧਰ ਸਰਕਲ ਦੀਆਂ ਇਨਫੋਰਸਮੈਂਟ ਟੀਮਾਂ ਨੇ ਸ਼ਾਹਕੋਟ ਅਤੇ ਮਲਸੀਆਂ ਦੇ 126 ਖਪਤਕਾਰਾਂ ਦੇ ਅਹਾਤਿਆਂ ਦੀ ਚੈਕਿੰਗ ਕੀਤੀ ਹੈ ਅਤੇ 21 ਖਪਤਕਾਰਾਂ ਨੂੰ ਬਿਜਲੀ ਚੋਰੀ ਤੇ ਹੋਰ ਉਲੰਘਣਾਵਾਂ ਲਈ 9.47 ਲੱਖ ਰੁਪਏ ਜੁਰਮਾਨਾ ਕੀਤਾ ਹੈ। ਜਦੋਂ ਕਿ ਅੰਮ੍ਰਿਤਸਰ ਸਰਕਲ ਦੀਆਂ ਇਨਫੋਰਸਮੈਂਟ ਟੀਮਾਂ ਨੇ ਇਸਲਾਮਾਬਾਦ ਅਤੇ ਮਾਡਲ ਟਾਊਨ ਬਟਾਲਾ ਸਬ ਡਵੀਜ਼ਨ ਦੇ 255 ਖਪਤਕਾਰਾਂ ਦੇ ਘਰਾਂ ਵਿੱਚ ਛਾਪੇਮਾਰੀ ਕਰਕੇ 13 ਖਪਤਕਾਰਾਂ ਨੂੰ 4.78 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ। ਪੀ.ਐੱਸ.ਪੀ.ਸੀ.ਐੱਲ. ਨੇ ਆਪਣੇ ਸਾਰੇ ਵਡਮੁੱਲੇ ਖਪਤਕਾਰਾਂ/ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਬਿਜਲੀ ਚੋਰੀ ਨੂੰ ਕੰਟਰੋਲ ਕਰਨ ਲਈ ਪੀ.ਐੱਸ.ਪੀ.ਸੀ.ਐੱਲ. ਦੇ ਵਟਸਐਪ ਨੰਬਰ 96461-75770 ‘ਤੇ ਬਿਜਲੀ ਚੋਰੀ ਬਾਰੇ ਸਹੀ ਜਾਣਕਾਰੀ ਦੇ ਕੇ ਬਿਜਲੀ ਚੋਰੀ ਨੂੰ ਰੋਕਣ ਲਈ ਸ਼ੁਰੂ ਕੀਤੀ ਮੁਹਿੰਮ ਵਿਚ ਯੋਗਦਾਨ ਪਾ ਸਕਦੇ ਹਨ।ਪੀਐਸਪੀਸੀਐਲ ਨੇ ਆਪਣੇ ਖਪਤਕਾਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਜਾਵੇਗਾ।

Scroll to Top