ਚੰਡੀਗੜ੍ਹ 07 ਫਰਵਰੀ, 2025: ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦਫ਼ਤਰ, ਪਿੰਡ ਬੜਿੰਗ, ਜਲੰਧਰ ਛਾਉਣੀ ਵਿਖੇ ਤਾਇਨਾਤ ਸ਼ਿਕਾਇਤ ਸੰਭਾਲ ਸ਼ਾਖਾ (CHB) ਦੇ ਸਹਾਇਕ ਚਰਨਜੀਤ ਸਿੰਘ ਨੂੰ 2 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।
ਮਾਮਲੇ ਸੰਬੰਧੀ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਰਾਕੇਸ਼ ਕੁਮਾਰ ਵਾਸੀ ਸੈਨਿਕ ਵਿਹਾਰ, ਪਿੰਡ ਢਿੱਲਵਾਂ (ਜਲੰਧਰ) ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਵਿਜੀਲੈਂਸ (Vigilance Bureau) ਮੁਤਾਬਕ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕੀਤੀ ਅਤੇ ਦੋਸ਼ ਲਗਾਇਆ ਕਿ ਉਕਤ ਮੁਲਜ਼ਮ ਨੇ ਜਲੰਧਰ ਦੇ ਪਿੰਡ ਬੜਿੰਗ, ਰੋਜ਼ ਕਲੋਨੀ ਵਿਖੇ ਸਥਿਤ ਆਪਣੇ ਰਿਸ਼ਤੇਦਾਰ ਦੇ ਘਰ ਘਰੇਲੂ ਬਿਜਲੀ ਸਪਲਾਈ ਲਈ ਨਵਾਂ ਮੀਟਰ ਲਗਾਉਣ ਦੇ ਬਦਲੇ ਸਬੰਧਤ ਜੂਨੀਅਰ ਇੰਜੀਨੀਅਰ (ਜੇਈ) ਸੁਰਜੀਤ ਸਿੰਘ ਲਈ 5,000 ਰੁਪਏ ਅਤੇ ਆਪਣੇ ਲਈ 500 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ।
ਸ਼ਿਕਾਇਤਕਰਤਾ ਮੁਤਾਬਕ ਉਕਤ ਮੁਲਜ਼ਮ ਸੀਐਚਬੀ ਨੇ 31 ਜਨਵਰੀ 2025 ਨੂੰ ਘਰ ‘ਚ ਬਿਜਲੀ ਦਾ ਮੀਟਰ ਲਗਾਉਂਦੇ ਸਮੇਂ 3500 ਰੁਪਏ ਪਹਿਲਾਂ ਤੋਂ ਲਏ ਸਨ ਅਤੇ ਬਾਕੀ ਰਕਮ ਬਾਅਦ ‘ਚ ਦੇਣ ਲਈ ਕਿਹਾ ਸੀ। ਹੁਣ ਉਕਤ ਮੁਲਜ਼ਮ ਸ਼ਿਕਾਇਤਕਰਤਾ ਅਤੇ ਖਪਤਕਾਰ ਤੋਂ ਬਾਕੀ ਬਚੀ 2000 ਰੁਪਏ ਦੀ ਮੰਗ ਕਰ ਰਿਹਾ ਸੀ ਅਤੇ ਧਮਕੀ ਦੇ ਰਿਹਾ ਸੀ ਕਿ ਜੇਕਰ ਰਕਮ ਨਾ ਦਿੱਤੀ ਗਈ ਤਾਂ ਮੀਟਰ ਹਟਾ ਦਿੱਤਾ ਜਾਵੇਗਾ।
ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਜਲੰਧਰ ਰੇਂਜ ਦੀ ਟੀਮ ਨੇ ਇੱਕ ਜਾਲ ਵਿਛਾਇਆ, ਜਿਸ ਤਹਿਤ ਸੀਐਚਬੀ ਸਹਾਇਕ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ‘ਚ ਸ਼ਿਕਾਇਤਕਰਤਾ ਤੋਂ 2000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਮੁਲਜ਼ਮ ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਜਲੰਧਰ ਰੇਂਜ ਥਾਣੇ ‘ਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
Read More: 50 ਹਜ਼ਾਰ ਰੁਪਏ ਰਿਸ਼ਵਤ ਲੈਂਦਾ PSPCL ਦਾ ਡਿਪਟੀ ਚੀਫ਼ ਇੰਜੀਨੀਅਰ ਤੇ ਲਾਈਨਮੈਨ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ