ਚੰਡੀਗੜ੍ਹ, 25 ਅਗਸਤ 2024: ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਪੰਜ ਜ਼ੋਨਾਂ ‘ਚ ਚੈਕਿੰਗ ਮੁਹਿੰਮ ਚਲਾਈ, ਇਸ ਦੌਰਾਨ ਕੁੱਲ 28,487 ਬਿਜਲੀ ਕੁਨੈਕਸ਼ਨਾਂ ਦੀ ਚੈਕਿੰਗ ਕੀਤੀ ਗਿਆ | ਜਿਨ੍ਹਾਂ ‘ਚ ਬਿਜਲੀ ਚੋਰੀ ਦੇ ਕੁੱਲ 2,075 ਕੇਸ ਫੜੇ ਗਏ ਹਨ ਅਤੇ ਸੰਬੰਧਿਤ ਖਪਤਕਾਰਾਂ ‘ਤੇ 4.64 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ |
ਪੀਐਸਪੀਸੀਐਲ ਨੇ ਵਿਸ਼ੇਸ਼ ਚੈਕਿੰਗ ਮੁਹਿੰਮ ਅੰਮ੍ਰਿਤਸਰ, ਬਠਿੰਡਾ, ਲੁਧਿਆਣਾ, ਜਲੰਧਰ ਅਤੇ ਪਟਿਆਲਾ ‘ਚ ਚਲਾਈ ਹੈ | ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਚੈਕਿੰਗ ਮੁਹਿੰਮ PSPCL ਦੇ ਡਿਸਟ੍ਰੀਬਿਊਸ਼ਨ ਅਤੇ ਇਨਫੋਰਸਮੈਂਟ ਵਿੰਗ ਨੇ ਸਾਂਝੇ ਤੌਰ ’ਤੇ ਚਲਾਈ ਹੈ ।
ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਜ਼ੋਨ ‘ਚ ਬਿਜਲੀ ਚੋਰੀ ਦੇ 438 ਮਾਮਲੇ ਸਾਹਮਣੇ ਆਏ ਹਨ ਅਤੇ ਸੰਬੰਧਿਤ ਖਪਤਕਾਰਾਂ ਨੂੰ 1.10 ਕਰੋੜ ਰੁਪਏ ਦਾ ਜੁਰਮਾਨਾ ਕੀਤਾ। ਬਠਿੰਡਾ ਜ਼ੋਨ ‘ਚ 527 ਮਾਮਲੇ ਸਾਹਮਣੇ ਆਏ ਅਤੇ 1.41 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ । ਇਸੇ ਤਰ੍ਹਾਂ ਲੁਧਿਆਣਾ ਜ਼ੋਨ ‘ਚ 323 ਮਾਮਲੇ ਸਾਹਮਣੇ ਆਏ ਅਤੇ 90 ਲੱਖ ਰੁਪਏ ਦਾ ਜ਼ੁਰਮਾਨਾ ਕੀਤਾ । ਜਲੰਧਰ ਜ਼ੋਨ ‘ਚ 340 ਮਾਮਲੇ ਸਾਹਮਣੇ ਆਏ ਅਤੇ 50 ਲੱਖ ਰੁਪਏ ਦਾ ਜ਼ੁਰਮਾਨਾ ਕੀਤਾ । ਪਟਿਆਲਾ ਜ਼ੋਨ ‘ਚ 447 ਮਾਮਲੇ ਸਾਹਮਣੇ ਆਏ ਅਤੇ ਸਬੰਧਿਤ ਖਪਤਕਾਰਾਂ ਨੂੰ 74 ਲੱਖ ਰੁਪਏ ਦੇ ਜੁਰਮਾਨੇ ਕੀਤੇ । ਜੁਰਮਾਨਾ ਲਗਾਉਣ ਤੋਂ ਇਲਾਵਾ, ਐਫ.ਆਈ.ਆਰ ਦਰਜ ਕੀਤੀਆਂ ਹਨ ਅਤੇ ਸਬੰਧਿਤ ਖਪਤਕਾਰਾਂ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।