PSPCL

PSPCL: ਪੰਜਾਬ ‘ਚ ਪਿਛਲੇ ਸਾਲ ਨਾਲੋਂ ਬਿਜਲੀ ਸਪਲਾਈ ‘ਚ 13 ਫੀਸਦੀ ਵਾਧਾ ਦਰਜ

ਚੰਡੀਗੜ੍ਹ, 20 ਜਨਵਰੀ 2025: ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਐਲਾਨ ਕੀਤਾ ਹੈ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ 19 ਜਨਵਰੀ 2025 ਤੱਕ 66,914 ਮਿਲੀਅਨ ਯੂਨਿਟ ਦੀ ਰਿਕਾਰਡ ਬਿਜਲੀ ਸਪਲਾਈ ਕੀਤੀ ਹੈ | ਉਨ੍ਹਾਂ ਕਿਹਾ ਕਿ ਇਹ ਪਿਛਲੇ ਸਾਲ ਨਾਲੋਂ 13 ਫੀਸਦੀ ਵੱਧ ਹੈ |

ਹਰਭਜਨ ਸਿੰਘ ਈ.ਟੀ.ਓ. ਦਾ ਕਹਿਣਾ ਹੈ ਕਿ ਇਹ ਪੀਐਸਪੀਸੀਐਲ ਵੱਲੋਂ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਅਤੇ ਪੰਜਾਬ ਦੇ ਲੋਕਾਂ ਅਤੇ ਸਨਅਤਾਂ ਦੀਆਂ ਵਧਦੀਆਂ ਬਿਜਲੀ ਮੰਗਾਂ ਨੂੰ ਪੂਰਾ ਕਰਨ ਲਈ ਕੀਤੇ ਜਾ ਰਹੇ ਯਤਨਾਂ ਨੂੰ ਦਰਸਾਉਂਦਾ ਹੈ।

ਪੰਜਾਬ ਬਿਜਲੀ ਮੰਤਰੀ ਨੇ ਦੱਸਿਆ ਕਿ ਵਿੱਤੀ ਸਾਲ 2024-25 ਦੌਰਾਨ ਬਿਜਲੀ ਦੀ ਸਭ ਤੋਂ ਵੱਧ ਮੰਗ 16,058 ਮੈਗਾਵਾਟ ਪੂਰੀ ਕੀਤੀ ਗਈ, ਜੋ ਕਿ ਪਿਛਲੇ ਵਿੱਤੀ ਸਾਲ ਨਾਲੋਂ 5 ਫੀਸਦੀ ਵੱਧ ਹੈ। ਮੰਤਰੀ ਨੇ ਕਿਹਾ ਕਿ ਪੀ.ਐਸ.ਪੀ.ਸੀ.ਐਲ. (PSPCL) ਨੇ ਪੰਜਾਬ ਦੇ ਸਾਰੇ ਵਰਗਾਂ ਦੇ ਖਪਤਕਾਰਾਂ ਨੂੰ ਬਿਨਾਂ ਕਿਸੇ ਬਿਜਲੀ ਕੱਟ ਦੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਪੀ.ਐਸ.ਪੀ.ਸੀ.ਐਲ. ਦੁਆਰਾ ਕੀਤੀ ਗਈ ਹੈ। ਇਹ ਕਾਰਪੋਰੇਸ਼ਨ ਵੱਲੋਂ ਕੀਤੇ ਗਏ ਸਹੀ ਪ੍ਰਬੰਧਨ ਕਾਰਨ ਸੰਭਵ ਹੋਇਆ ਹੈ, ਜੋ ਕਿ ਭਰੋਸੇਯੋਗ ਬਿਜਲੀ ਸਪਲਾਈ ਪ੍ਰਦਾਨ ਕਰਨ ਪ੍ਰਤੀ ਕਾਰਪੋਰੇਸ਼ਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਬਿਜਲੀ ਮੰਤਰੀ ਹਰਭਜਨ ਸਿੰਘ ਨੇ ਕੋਲੇ ਦੀ ਉਪਲਬੱਧਤਾ ਬਾਰੇ ਕਿਹਾ ਕਿ ਪੀ.ਐਸ.ਪੀ.ਸੀ.ਐਲ. ਨਿਯਮਤ ਅਤੇ ਲੋੜੀਂਦੀ ਸਪਲਾਈ ਨੂੰ ਯਕੀਨੀ ਬਣਾ ਰਿਹਾ ਹੈ, ਜਿਸਦੇ ਨਤੀਜੇ ਵਜੋਂ ਤਿੰਨੋਂ ਸਰਕਾਰੀ ਥਰਮਲ ਪਾਵਰ ਪਲਾਂਟਾਂ ‘ਚ ਕੋਲਾ ਸਟਾਕ ਵਧੀਆ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਰੋਪੜ ਵਿਖੇ ਮੌਜੂਦਾ ਕੋਲੇ ਦਾ ਸਟਾਕ 42 ਦਿਨ, ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਵਿਖੇ 28 ਦਿਨ ਅਤੇ ਗੁਰੂ ਅਮਰਦਾਸ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਲਈ 40 ਦਿਨ ਹੈ। ਉਨ੍ਹਾਂ ਕਿਹਾ ਕਿ ਪੀ.ਐਸ.ਪੀ.ਸੀ.ਐਲ. (PSPCL) ਆਉਣ ਵਾਲੇ ਸਰਦੀਆਂ ਦੇ ਮੌਸਮ ਦੌਰਾਨ ਕੋਲੇ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।

ਹਰਭਜਨ ਸਿੰਘ ਨੇ ਕਿਹਾ ਕਿ ਪਛਵਾੜਾ ਕੋਲਾ ਖਾਨ ਉੱਚ ਗੁਣਵੱਤਾ ਵਾਲੇ ਕੋਲੇ ਦੀ ਨਿਰੰਤਰ ਸਪਲਾਈ ਪ੍ਰਦਾਨ ਕਰਕੇ ਰਾਜ ਦੇ ਬਿਜਲੀ ਖੇਤਰ ‘ਚ ਮਹੱਤਵਪੂਰਨ ਯੋਗਦਾਨ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਲ 2024-25 ਦੌਰਾਨ 19 ਜਨਵਰੀ, 2025 ਤੱਕ, ਇਸ ਖਾਨ ਤੋਂ 1,306 ਰੈਕਾਂ ਰਾਹੀਂ 56 ਲੱਖ ਟਨ ਕੋਲੇ ਦੀ ਸਪਲਾਈ ਕੀਤੀ ਹੈ।

Read More: PSPCL Calendar 2025: ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਸਾਲ 2025 ਲਈ ਪੀਐਸਪੀਸੀਐਲ ਤੇ ਪੀਐਸਟੀਸੀਐਲ ਕੈਲੰਡਰ ਜਾਰੀ

Scroll to Top