PSEB

PSEB ਵੱਲੋਂ 8ਵੀਂ ਤੋਂ 12ਵੀਂ ਲਈ ਦਾਖਲੇ ਸੰਬੰਧੀ ਸਕੂਲਾਂ ਨੂੰ ਸਖ਼ਤ ਹਦਾਇਤਾਂ ਜਾਰੀ

ਚੰਡੀਗੜ੍ਹ, 02 ਮਈ 2025: ਪੰਜਾਬ ਦੇ ਵਿਦਿਆਰਥੀਆਂ ਅਤੇ ਸਕੂਲਾਂ ਲਈ ਇੱਕ ਮਹੱਤਵਪੂਰਨ ਜਾਣਕਾਰੀ ਸਾਹਮਣੇ ਆਈ ਹੈ। ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 8ਵੀਂ ਤੋਂ 12ਵੀਂ ਜਮਾਤ ਲਈ ਨਵੇਂ ਸੈਸ਼ਨ ਲਈ ਦਾਖਲਾ ਪ੍ਰਕਿਰਿਆ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਸਿੱਖਿਆ ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਸਾਰੇ ਮਾਨਤਾ ਪ੍ਰਾਪਤ, ਸਹਾਇਤਾ ਪ੍ਰਾਪਤ ਅਤੇ ਐਸੋਸੀਏਟ ਸਕੂਲਾਂ ਨੂੰ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਦਾਖਲਾ ਪ੍ਰਕਿਰਿਆ ਪੂਰੀ ਕਰਨੀ ਪਵੇਗੀ।

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤੇ ਸ਼ਡਿਊਲ ਦੇ ਮੁਤਾਬਕ ਸਾਰੇ ਰੈਗੂਲਰ ਵਿਦਿਆਰਥੀਆਂ ਵਾਸਤੇ ਦਾਖਲੇ ਦੀ ਆਖਰੀ ਤਾਰੀਖ਼ 15 ਜੁਲਾਈ, 2025 ਨਿਰਧਾਰਤ ਕੀਤੀ ਹੈ। ਇਹ ਕਦਮ ਨਵੇਂ ਅਕਾਦਮਿਕ ਕੈਲੰਡਰ ਦੇ ਤਹਿਤ ਚੁੱਕਿਆ ਹੈ ਜੋ ਕਿ ਕੇਂਦਰੀ ਬੋਰਡਾਂ, ਸੀਬੀਐਸਈ ਅਤੇ ਆਈਸੀਐਸਈ ਦੀ ਤਰਜ਼ ‘ਤੇ ਪੀਐਸਈਬੀ ਦੁਆਰਾ ਖੁਦ ਤਿਆਰ ਕੀਤਾ ਹੈ। ਇਸ ਕੈਲੰਡਰ ਰਾਹੀਂ, ਦਾਖਲੇ ਤੋਂ ਲੈ ਕੇ ਪ੍ਰੀਖਿਆਵਾਂ ਤੱਕ ਦੀ ਪ੍ਰਕਿਰਿਆ ਸਮੇਂ ਸਿਰ ਕੀਤੀ ਜਾਵੇਗੀ।

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਸਾਰੇ ਸਕੂਲਾਂ ਨੂੰ ਸਪੱਸ਼ਟ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਿਸੇ ਵੀ ਸਕੂਲ ਵੱਲੋਂ ਸਮੇਂ ਸਿਰ ਦਾਖਲੇ ਨਹੀਂ ਕੀਤੇ ਜਾਂਦੇ ਹਨ, ਤਾਂ ਬੋਰਡ ਵੱਲੋਂ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਹੁਕਮ ਸੂਬੇ ਦੇ ਸਾਰੇ ਨਿੱਜੀ, ਸਰਕਾਰੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ ‘ਤੇ ਬਰਾਬਰ ਲਾਗੂ ਹੋਵੇਗਾ।

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦਾ ਕਹਿਣਾ ਹੈ ਕਿ ਨਵੇਂ ਅਕਾਦਮਿਕ ਕੈਲੰਡਰ ਨਾਲ ਵਿਦਿਆਰਥੀਆਂ ਨੂੰ ਸੈਸ਼ਨ ਦੌਰਾਨ ਕੋਈ ਅਸੁਵਿਧਾ ਨਹੀਂ ਹੋਵੇਗੀ। ਸਾਰੀਆਂ ਅਕਾਦਮਿਕ ਗਤੀਵਿਧੀਆਂ ਜਿਵੇਂ ਕਿ ਪ੍ਰੀਖਿਆ ਦੀਆਂ ਤਾਰੀਖਾਂ, ਛੁੱਟੀਆਂ ਅਤੇ ਨਤੀਜਾ ਜਾਰੀ ਕਰਨ ਦੀਆਂ ਸਮਾਂ-ਸੀਮਾਵਾਂ ਪਹਿਲਾਂ ਹੀ ਨਿਸ਼ਚਿਤ ਕਰ ਦਿੱਤੀਆਂ ਹਨ। ਇਸ ਨਾਲ ਸਿੱਖਿਆ ਪ੍ਰਣਾਲੀ ‘ਚ ਪਾਰਦਰਸ਼ਤਾ ਅਤੇ ਅਨੁਸ਼ਾਸਨ ਦੋਵਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ।

Read More: PSEB Result 2025: ਕਦੋਂ ਐਲਾਨੇ ਜਾਣਗੇ 10ਵੀਂ ਤੇ 12ਵੀਂ ਜਮਾਤ ਦੇ ਨਤੀਜੇ, ਪੜ੍ਹੋ ਪੂਰੇ ਵੇਰਵੇ

Scroll to Top