BKU Ekta-Ugrahan

BKU ਉਗਰਾਹਾਂ ਵੱਲੋਂ ਅੰਦੋਲਨ ਦੇ ਦੂਜੇ ਦਿਨ ਪੰਜਾਬ ਦੇ ਸੱਤ ਜ਼ਿਲ੍ਹਿਆਂ ‘ਚ ਰੋਸ ਧਰਨੇ

ਚੰਡੀਗੜ੍ਹ, 13 ਅਪ੍ਰੈਲ, 2023: ਭਾਰੀ ਮੀਂਹਾਂ, ਤੂਫ਼ਾਨ ਤੇ ਗੜੇਮਾਰੀ ਨਾਲ ਕਣਕ ਦੇ ਝਾੜ ਵਿੱਚ ਹੋਈ ਭਾਰੀ ਕਮੀ ਦਾ ਪੂਰਾ ਮੁਆਵਜ਼ਾ ਦੇਣ ਦੀ ਬਜਾਏ ਦਾਗੀ ਦਾਣਿਆਂ ਦੇ ਬਹਾਨੇ ਬਾਕੀ ਬਚੀ ਕਣਕ ਦੇ ਐੱਮ ਐੱਸ ਪੀ ਵਿੱਚ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਕਟੌਤੀ ਵਿਰੁੱਧ ਅੰਦੋਲਨ ਦੇ ਦੂਜੇ ਦਿਨ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) (BKU Ugrahan) ਵੱਲੋਂ ਸੰਗਰੂਰ, ਤਰਨਤਾਰਨ, ਲੁਧਿਆਣਾ, ਮੁਕਤਸਰ, ਫਾਜ਼ਿਲਕਾ, ਫਰੀਦਕੋਟ, ਗੁਰਦਾਸਪੁਰ 7 ਜ਼ਿਲ੍ਹਿਆਂ ਵਿੱਚ ਡੀ ਸੀ/ਐੱਸ ਡੀ ਐਮ ਦਫ਼ਤਰਾਂ ਅੱਗੇ ਭਾਰੀ ਗਿਣਤੀ ਵਿੱਚ ਕਿਸਾਨਾਂ ਤੇ ਖੇਤ ਮਜ਼ਦੂਰਾਂ ਵੱਲੋਂ ਪ੍ਰਵਾਰਾਂ ਸਮੇਤ ਵਿਸ਼ਾਲ ਰੋਸ ਧਰਨੇ ਲਾ ਕੇ ਅਧਿਕਾਰੀਆਂ ਰਾਹੀਂ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਭੇਜੇ ਗਏ।

ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੋਸ ਧਰਨਿਆਂ ਦੀਆਂ ਮੰਗਾਂ ਵਿੱਚ ਦਾਗੀ ਜਾਂ ਪਿਚਕੇ ਦਾਣਿਆਂ ਦਾ ਦੋਸ਼ ਸਰਾਸਰ ਨਜਾਇਜ਼ ਕਿਸਾਨਾਂ ਸਿਰ ਮੜ੍ਹ ਕੇ ਕਣਕ ਦੇ ਰੇਟ ਵਿੱਚ ਕਟੌਤੀ ਕਰਨ ਦਾ ਫੈਸਲਾ ਤੁਰੰਤ ਵਾਪਸ ਲਓ; ਭਾਰੀ ਮੀਂਹ ਤੂਫ਼ਾਨ ਗੜੇਮਾਰੀ ਨੂੰ ਕੌਮੀ ਆਫ਼ਤ ਮੰਨ ਕੇ ਇਸ ਨਾਲ ਹੋਏ ਫ਼ਸਲੀ ਨੁਕਸਾਨ ਅਤੇ ਹੋਰ ਜਾਇਦਾਦ ਮਕਾਨਾਂ ਆਦਿ ਦੇ ਹੋਏ ਨੁਕਸਾਨ ਦੀ ਪੂਰੀ-ਪੂਰੀ ਭਰਪਾਈ ਦੀ ਅਦਾਇਗੀ ਕਾਸ਼ਤਕਾਰ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਔਰਤਾਂ ਸਮੇਤ ਤੁਰੰਤ ਕਰੋ; ਮਿਥੇ ਹੋਏ ਸਰਕਾਰੀ ਸਮਰਥਨ ਮੁੱਲ ਮੁਤਾਬਕ ਕਟੌਤੀ ਤੋਂ ਬਿਨਾਂ ਪੂਰੀ ਦੀ ਪੂਰੀ ਕਣਕ ਅਤੇ ਦੂਜੀਆਂ ਫ਼ਸਲਾਂ ਦੀ ਨਿਰਵਿਘਨ ਖਰੀਦ ਯਕੀਨੀ ਬਣਾਉਣ ਦੀਆਂ ਮੰਗਾਂ ਸ਼ਾਮਲ ਹਨ।

ਅੱਜ ਦੇ ਧਰਨਿਆਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਉਗਰਾਹਾਂ (BKU Ugrahan) ਤੋਂ ਇਲਾਵਾ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਜਗਤਾਰ ਸਿੰਘ ਕਾਲਾਝਾੜ, ਜਨਕ ਸਿੰਘ ਭੁਟਾਲ ਅਤੇ ਜ਼ਿਲ੍ਹਾ/ਬਲਾਕ ਪੱਧਰੇ ਆਗੂ ਸ਼ਾਮਲ ਸਨ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਕੇਂਦਰੀ ਭਾਜਪਾ ਹਕੂਮਤ ਨੇ ਕੁਦਰਤੀ ਕਹਿਰ ਨਾਲ਼ ਹੋਈ ਫ਼ਸਲੀ ਤਬਾਹੀ ਨੂੰ ਕੌਮੀ ਆਫ਼ਤ ਮੰਨ ਕੇ ਨੁਕਸਾਨ ਦੀ ਪੂਰੀ ਭਰਪਾਈ ਕਰਨ ਦੀ ਬਜਾਏ ਕਣਕ ਦੇ ਮਿਥੇ ਹੋਏ ਘਾਟੇਵੰਦੇ ਰੇਟ ਵਿੱਚ ਵੀ ਕਟੌਤੀ ਕਰਕੇ ਕਿਸਾਨਾਂ ਦੇ ਜ਼ਖਮਾਂ ‘ਤੇ ਲੂਣ ਭੁੱਕ ਦਿੱਤਾ ਹੈ।

ਬੇਸ਼ੱਕ ਪੰਜਾਬ ਦੀ ਆਪ ਸਰਕਾਰ ਨੇ ਇਹ ਕਟੌਤੀ ਨਾ ਕਰਨ ਦਾ ਹਾਂ ਪੱਖੀ ਐਲਾਨ ਕੀਤਾ ਹੈ, ਜਿਸਦੀ ਅਮਲਦਾਰੀ ਅਜੇ ਸਾਹਮਣੇ ਆਉਣੀ ਹੈ। ਪ੍ਰੰਤੂ ਇਸ ਵੱਲੋਂ ਕਣਕ ਦੀ 75 ਤੋਂ 100% ਯਾਨੀ ਮੁਕੰਮਲ ਤਬਾਹੀ ਦਾ ਮੁਆਵਜ਼ਾ ਸਿਰਫ਼ 15000 ਰੁਪਏ ਪ੍ਰਤੀ ਏਕੜ ਐਲਾਨ ਕਰ ਕੇ ਅਤੇ 33% ਤੱਕ ਤਬਾਹੀ ਨੂੰ ਮੁਆਵਜ਼ੇ ਦੇ ਦਾਇਰੇ ਵਿੱਚੋਂ ਬਾਹਰ ਕੱਢ ਕੇ ਕਿਸਾਨਾਂ ਨਾਲ਼ ਕੋਝਾ ਮਜ਼ਾਕ ਵੀ ਕੀਤਾ ਗਿਆ ਹੈ। ਕੁਦਰਤੀ ਆਫ਼ਤ ਰਾਹੀਂ ਹੋਈ ਇਸ ਮੁਕੰਮਲ ਤਬਾਹੀ ਦਾ ਮੁਆਵਜ਼ਾ ਤਾਂ ਘੱਟੋ ਘੱਟ 50000 ਤੋਂ 55000 ਰੁਪਏ ਪ੍ਰਤੀ ਏਕੜ ਬਣਦਾ ਹੈ।

ਪਹਿਲਾਂ ਹੀ ਘਾਟੇਵੰਦੇ ਰੇਟਾਂ ਰਾਹੀਂ ਕਰਜ਼ਿਆਂ ਥੱਲੇ ਕੁਚਲੇ ਜਾ ਰਹੇ ਕਿਸਾਨਾਂ ਉੱਤੇ ਇਸ ਤਬਾਹੀ ਦਾ ਹੋਰ ਭਾਰ ਪਾਉਣ ਦੀ ਥਾਂ ਸਰਕਾਰੀ ਖਜ਼ਾਨੇ ਰਾਹੀਂ ਪੂਰੇ ਦੇਸ਼ ਦੁਆਰਾ ਸਾਰੇ ਦਾ ਸਾਰਾ ਭਾਰ ਵੰਡਾਉਣਾ ਬਣਦਾ ਹੈ, ਕਿਉਂਕਿ ਕਿਸਾਨ ਪੂਰੇ ਦੇਸ਼ ਦੀ ਵਸੋਂ ਲਈ ਅੰਨ ਪੈਦਾ ਕਰਦਾ ਹੈ। ਬੁਲਾਰਿਆਂ ਨੇ ਅੰਦੋਲਨਕਾਰੀ ਕਿਸਾਨਾਂ ਨੂੰ ਇਹ ਸੱਦਾ ਵੀ ਦਿੱਤਾ ਕਿ ਰੇਟ ‘ਚ ਕਟੌਤੀ ਵਾਲਾ ਜੇ-ਫਾਰਮ ਕੱਟਣ ਵਾਲੇ ਅਧਿਕਾਰੀਆਂ ਦੇ ਥਾਂਓਂ-ਥਾਂਈਂ ਘਿਰਾਓ ਕੀਤੇ ਜਾਣ। ਮੁੱਖ ਬੁਲਾਰਿਆਂ ਨੇ ਦੋਸ਼ ਲਾਇਆ ਕਿ ਆਮ ਕਿਸਾਨਾਂ ਨੂੰ ਖੇਤੀ ਕਿੱਤੇ ‘ਚੋਂ ਬਾਹਰ ਧੱਕ ਕੇ ਅਤੇ ਰੁਜ਼ਗਾਰ ਦੇ ਵਸੀਲੇ ਖ਼ਤਮ ਕਰਕੇ ਕਾਰਪੋਰੇਟ ਖੇਤੀ ਮਾਡਲ ਮੜ੍ਹਨ ਦੀ ਨੀਤੀ ਤਹਿਤ ਹੀ ਸਰਕਾਰਾਂ ਵੱਲੋਂ ਅਜਿਹੇ ਭੁੱਖਮਰੀ ਵੱਲ ਲੈ ਜਾਣ ਵਾਲੇ ਕਿਸਾਨ ਮਾਰੂ ਫੈਸਲੇ ਕੀਤੇ ਜਾ ਰਹੇ ਹਨ। ਇਨ੍ਹਾਂ ਨੀਤੀਆਂ ਦੇ ਸਿੱਟੇ ਵਜੋਂ ਪਹਿਲਾਂ ਹੀ ਪਾਕਿਸਤਾਨ ਸਮੇਤ ਦੁਨੀਆਂ ਦੇ ਦਰਜਨਾਂ ਦੇਸ਼ਾਂ ਦੇ ਅਰਬਾਂ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ।

ਬੁਲਾਰਿਆਂ ਨੇ ਚਿਤਾਵਨੀ ਦਿੱਤੀ ਕਿ ਇਸ ਤਿੰਨ ਰੋਜ਼ਾ ਅੰਦੋਲਨ ਦੀ ਆਵਾਜ਼ ਅਣਸੁਣੀ ਕਰਨ ਦੀ ਸੂਰਤ ਵਿੱਚ ਅਗਲੇ ਦਿਨਾਂ ਵਿੱਚ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਵੱਲੋਂ ਸਮੂਹ ਕਿਸਾਨਾਂ ਮਜ਼ਦੂਰਾਂ ਅਤੇ ਕਿਰਤੀ ਲੋਕਾਂ ਨੂੰ ਇਨ੍ਹਾਂ ਦੇਸ਼ਧ੍ਰੋਹੀ ਫੈਸਲਿਆਂ ਵਿਰੁੱਧ ਪ੍ਰਵਾਰਾਂ ਸਮੇਤ ਸੰਘਰਸ਼ ਦੇ ਮੈਦਾਨ ਵਿੱਚ ਆਉਣ ਦਾ ਸੱਦਾ ਦਿੱਤਾ ਗਿਆ

Scroll to Top