ਚੰਡੀਗੜ੍ਹ, 27 ਜੁਲਾਈ 2023: ਯੂਥ ਅਕਾਲੀ ਦਲ (Youth Akali Dal) ਦੇ ਵਰਕਰਾਂ ਨੇ ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫਤਰ ਤੋਂ ਨਵੇਂ ਬਣੇ ਆਪਿੰਕਾ (ਆਮ ਆਦਮੀ ਪਾਰਟੀ ਅਤੇ ਇੰਡੀਅਨ ਨੈਸ਼ਨਲ ਕਾਂਗਰਸ) ਗਠਜੋੜ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਦੀ ਰਿਹਾਇਸ਼ ਅਤੇ ਨਾਮਜ਼ਦ ਉਪ ਮੁੱਖ ਮੰਤਰੀ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਵੜਿੰਗ ਨੂੰ ਮੰਗ ਪੱਤਰ ਦੇ ਕੇ ਹੜ੍ਹ ਪੀੜ੍ਹਤਾਂ ਲਈ ਮੁਆਵਜ਼ਾ ਮੰਗਣ ਵਾਸਤੇ ਰੋਸ ਮਾਰਚ ਕੱਢਿਆ।
ਇਸ ਮਾਰਚ ਦੀ ਅਗਵਾਈ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਰਬਜੀਤ ਸਿੰਘ ਝਿੰਜਰ ਨੇ ਕੀਤੀ।
ਯੂਥ ਅਕਾਲੀ ਦਲ (Youth Akali Dal) ਦੇ ਸੈਂਕੜੇ ਪ੍ਰਤੀਨਿਧ ਚੰਡੀਗੜ੍ਹ ਪੁਲਿਸ ਨਾਲ ਜੂਝਦੇ ਨਜ਼ਰ ਆਏ ਕਿਉਂਕਿ ਪੁਲਿਸ ਸਵੇਰੇ 11.00 ਵਜੇ ਤੋਂ ਹੀ ਯੂਥ ਵਰਕਰਾਂ ਨੂੰ ਪਾਰਟੀ ਦੇ ਮੁੱਖ ਦਫਤਰ ਵਿਚੋਂ ਨਿਕਲਣ ਤੋਂ ਰੋਕ ਰਹੀ ਸੀ। ਵਰਕਰ ਨੇ ਪੁਲਿਸ ਦੀਆਂ ਭਾਰੀ ਰੋਕਾਂ ਦੀ ਪਰਵਾਹ ਨਾ ਕਰਦਿਆਂ ਸਰਵਿਸ ਲੇਨ ਤੇ ਸਲਿਪ ਰੋਡਾਂ ਰਾਹੀਂ ਮੱਧ ਮਾਰਗ ਤੱਕ ਪਹੁੰਚ ਗਏ।
ਉਹਨਾਂ ਨੂੰ ਫਿਰ ਚੰਡੀਗੜ੍ਹ ਪੁਲਿਸ ਦੀ ਭਾਰੀ ਟੁਕੜੀ ਨੇ ਰੋਕਣ ਦਾ ਯਤਨ ਕੀਤਾ ਤਾਂ ਅਕਾਲੀ ਦਲ ਦੇ ਵਰਕਰ ਪੈਟਰੋਲ ਪੰਪ ਦੇ ਨੇੜੇ ਹੀ ਧਰਨੇ ’ਤੇ ਬਹਿ ਗਏ ਤੇ ਮੰਗ ਕੀਤੀ ਕਿ ਜਾਂ ਤਾਂ ਉਹਨਾਂ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਤੱਕ ਜਾਂ ਫਿਰ ਕਾਂਗਰਸ ਪਾਰਟੀ ਦੇ ਸੂਬਾ ਮੁੱਖ ਦਫਤਰ ਤੱਕ ਜਾਣ ਦੀ ਆਗਿਆ ਦਿੱਤੀ ਜਾਵੇ ਤਾਂ ਜੋ ਉਹ ਪੰਜਾਬ ਵਿਚ ਫੇਲ੍ਹ ਸਾਬਤ ਹੋਏ ਆਪ-ਕਾਂਗਰਸ ਗਠਜੋੜ ਸਰਕਾਰ ਨੂੰ ਆਪਣਾ ਮੰਗ ਪੱਤਰ ਦੇ ਸਕਣ। ਵਰਕਰਾਂ ਨੇ ਕਿਹਾ ਕਿ ਉਹ ਆਪਿੰਕਾ ਸਰਕਾਰ ਦੇ ਆਗੂਟਾਂ ਭਗਵੰਤ ਮਾਨ, ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਵੜਿੰਗ ਨੂੰ ਇਕੱਠੇ ਹੋਣ ਤੇ 117 ਮੈਂਬਰੀ ਪੰਜਾਬ ਵਿਧਾਨ ਸਭਾ ਵਿਚ 110 ਮੈਂਬਰ ਜੁਟਾ ਲੈਣ ਲਈ ਵਧਾਈ ਵੀ ਦੇਣਾ ਚਾਹੁੰਦੇ ਹਨ।
ਰੋਸ ਵਿਖਾਵਾਕਾਰੀਆਂ ਨੇ ਬਾਜਵਾ ਤੇ ਵੜਿੰਗ ਨੂੰ ਉਹਨਾਂ ਦੀ ਗਠਜੋੜ ਸਰਕਾਰ ਵਿਚ ਉਪ ਮੁੱਖ ਮੰਤਰੀ ਨਾਮਜ਼ਦ ਹੋਣ ਦੀ ਵਧਾਈ ਵੀ ਦਿੱਤੀ ਪਰ ਨਾਲ ਹੀ ਸ੍ਰੀ ਬਾਜਵਾ ਨਾਲ ਹਮਦਰਦੀ ਪ੍ਰਗਟ ਕੀਤੀ ਕਿ ਉਹ ਆਪਣੀ ਸੀਨੀਆਰਟੀ ਦੇ ਕਾਰਨ ਗਠਜੋੜ ਸਰਕਾਰ ਵਿਚ ਇਸ ਤੋਂ ਚੰਗੀ ਥਾਂ ਦੇ ਹੱਕਦਾਰ ਸਨ ਪਰ ਉਹਨਾਂ ਨੂੰ ਆਪਣੇ ਕੱਟੜ ਵਿਰੋਧੀ ਰਹੇ ਭਗਵੰਤ ਮਾਨ ਦੇ ਅਧੀਨ ਕੰਮ ਕਰਨ ਲਈ ਜ਼ਲਾਲਤ ਸਹਿਣੀ ਪੈ ਰਹੀ ਹੈ।
ਚੰਡੀਗੜ੍ਹ ਪ੍ਰਸ਼ਾਸਨ ਨੇ ਅਖੀਰ ਰੋਸ ਵਿਖਾਵਾ ਕਰਨ ਵਾਲਿਆਂ ਨੂੰ ਆਪਣਾ ਮੰਗ ਪੱਤਰ ਉਹਨਾਂ ਰਾਹੀਂ ਦੇਣ ਲਈਰਾਜ਼ੀ ਕਰ ਲਿਆ ਤੇ ਵਾਅਦਾ ਕੀਤਾ ਕਿ ਉਹ ਵਰਕਰਾਂ ਦੇ ਇਸ ਮੰਗ ਪੱਤਰ ਨੂੰ ਸਬੰਧਤ ਆਗੂਆਂ ਨੂੰ ਇਕ ਆਪਸੀ ਸਹਿਮਤੀ ਵਾਲੀ ਤਾਰੀਕ ’ਤੇ ਦੇਣ ਦਾ ਮੌਕਾ ਦੇਣਗੇ।
ਯੂਥ ਅਕਾਲੀ ਆਗੂਆਂ ਨੇ ਮੰਗ ਕੀਤੀ ਕਿ ਕਾਂਗਰਸ ਦੇ ਆਗੂਆਂ ਵੜਿੰਗ ਤੇ ਬਾਜਵਾ ਨੂੰ ਇਸ ਗੱਲ ਲਈਰਾਜ਼ੀ ਕੀਤਾ ਜਾਵੇ ਕਿ ਉਹ ਆਪਣੀ ਗਠਜੋੜ ਸਰਕਾਰ ਦੇ ਭਾਈਵਾਲਾਂ ਨੂੰ ਇਸ ਗੱਲ ਲਈ ਰਾਜ਼ੀ ਕਰਨ ਕਿ ਪਬਲੀਸਿਟੀ ਤੇ ਫੋਕੀ ਸ਼ੋਹਰਤ ਵਾਸਤੇ ਪੈਸਾ ਬਰਬਾਦ ਨਾ ਕੀਤਾ ਜਾਵੇ ਬਲਕਿ ਇਹ ਪੈਸਾ ਮੁਸੀਬਤ ਮਾਰੇ ਹੜ੍ਹ ਪੀੜ੍ਹਤਾਂ ਨੂੰ ਰਾਹਤ ਦੇਣ ਵਾਸਤੇ ਵਰਤਿਆ ਜਾਵੇ।
ਉਹਨਾਂ ਮੰਗ ਕੀਤੀ ਕਿ ਝੋਨਾ ਲਾਉਣ ਵਾਲੇ ਕਿਸਾਨਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ, ਖੇਤ ਮਜ਼ਦੂਰਾਂ ਨੂੰ 20-20 ਹਜ਼ਾਰ ਰੁਪਏ, ਕਿਸਾਨਾਂ ਨੂੰ ਚਾਰੇ ਲਈ 5000 ਰੁਪਏ ਤੇ ਮਰੇ ਪਸ਼ੂਆਂ ਵਾਸਤੇ ਇਕ ਲੱਖ ਰੁਪਏ ਪ੍ਰਤੀ ਪਸ਼ੂ ਦਿੱਤਾ ਜਾਵੇ। ਉਹਨਾਂ ਇਹ ਵੀ ਮੰਗ ਕੀਤੀ ਕਿ ਮਨੁੱਖੀ ਜਾਨਾਂ ਦੇ ਨੁਕਸਾਨ ਲਈ 25 ਲੱਖ ਰੁਪਏ ਪ੍ਰਤੀ ਵਿਅਕਤੀ ਦਿੱਤਾ ਜਾਵੇ।
ਇਸ ਮੌਕੇ ਝਿੰਜਰ ਤੋਂ ਇਲਾਵਾ ਤੇਜਿੰਦਰ ਸਿੰਘ ਨਿੱਝਰ, ਆਕਾਸ਼ਦੀਪ ਸਿੰਘ ਮਿੱਡੂਖੇੜਾ, ਲੱਪੀ ਏਨਾ ਖੇੜਾ, ਪ੍ਰਭਜੋਤ ਸਿੰਘ ਧਾਲੀਵਾਲ, ਤਾਜੀ ਫਾਜ਼ਿਲਕਾ, ਮਨਜੀਤ ਸਿੰਘ ਮਲਕਪੁਰ, ਮਨਵੀਰ ਸਿੰਘ ਵਡਾਲਾ, ਰਵਿੰਦਰ ਸਿੰਘ ਖੇੜਾ, ਸੁਖਜੀਤ ਸਿੰਘ ਮਾਹਲਾ, ਮਨਦੀਪ ਸਿੰਘ ਮੰਨਾ, ਆਕਾਸ਼ਦੀਪ ਸਿੰਘ ਭੱਠਲ, ਰਮਨਦੀਪ ਸਿੰਘ ਥਿਆੜਾ, ਵਰਿੰਦਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਚਹਿਲ, ਜੱਗੀ ਦੋਰਾਹਾ, ਰਖਵਿੰਦਰ ਸਿੰਘ ਗਾਬੜੀਆ, ਗੁਰਮੀਤ ਸਿੰਘ ਸੋਨੂੰ ਚੀਮਾ ਤੇ ਹਨੀ ਤੋਂਸਾ ਬਲਾਚੌਰ ਵੀ ਸ਼ਾਮਲ ਸਨ।