ਚੰਡੀਗੜ੍ਹ,25 ਅਪ੍ਰੈਲ 2023: ਮੋਰਿੰਡਾ ਦੇ ਗੁਰਦੁਆਰਾ ਕੋਤਵਾਲੀ ਸਾਹਿਬ (Gurdwara Kotwali Sahib) ਵਿਖੇ ਹੋਈ ਬੇਅਦਬੀ ਦੀ ਘਟਨਾ ਨੂੰ ਲੈ ਕੇ ਅੱਜ ਵੀ ਧਰਨਾ ਜਾਰੀ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ: ਚਰਨਜੀਤ ਸਿੰਘ ਵੀ ਧਰਨੇ ਵਿੱਚ ਪਹੁੰਚੇ। ਸੰਗਤਾਂ ਵੱਲੋਂ ਧਰਨੇ ਦੌਰਾਨ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ ਹੈ। ਹੌਲੀ-ਹੌਲੀ ਧਰਨੇ ਵਿੱਚ ਲੋਕਾਂ ਦਾ ਇਕੱਠ ਵਧਦਾ ਜਾ ਰਿਹਾ ਹੈ। ਧਰਨਾਕਾਰੀ ਗੁਰਦੁਆਰਾ ਸਾਹਿਬ ਦੇ ਮੁਖੀ ਅਤੇ ਪ੍ਰਬੰਧਕਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਹਨ। ਉਨ੍ਹਾਂ ਨੂੰ ਆਹਮੋ-ਸਾਹਮਣੇ ਲਿਆਂਦਾ ਜਾਵੇ ਤਾਂ ਜੋ ਮਾਮਲੇ ਦੀ ਸੱਚਾਈ ਸਾਹਮਣੇ ਆ ਸਕੇ।
ਬੀਤੇ ਦਿਨ ਗੁਰਦੁਆਰਾ ਸਾਹਿਬ ਵਿੱਚ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲਾ ਵਿਅਕਤੀ ਪੁਲਿਸ ਹਿਰਾਸਤ ਵਿੱਚ ਹੈ। ਮੁਲਜ਼ਮਾਂ ਖ਼ਿਲਾਫ਼ ਐਫ.ਆਈ.ਆਰ ਦਰਜ ਕੀਤੀ ਗਈ ਹੈ। ਦੋਸ਼ੀਆਂ ‘ਤੇ ਧਾਰਮਿਕ ਭਾਵਨਾਵਾਂ ਭੜਕਾਉਣ, ਕਤਲ ਦੀ ਕੋਸ਼ਿਸ਼, ਬੇਅਦਬੀ ਅਤੇ ਹੋਰ ਕਈ ਗੰਭੀਰ ਧਾਰਾਵਾਂ ਲਗਾਈਆਂ ਗਈਆਂ ਹਨ। ਪਰ ਹੁਣ ਤੱਕ ਘਟਨਾ ਦੇ ਕਾਰਨਾਂ ਦਾ ਖ਼ੁਲਾਸਾ ਨਹੀਂ ਹੋਇਆ ਹੈ। ਮੁਲਜ਼ਮਾਂ ਖ਼ਿਲਾਫ਼ ਧਾਰਾ 295ਏ, 307, 323 ਅਤੇ 306 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਜਿਕਰਯੋਗ ਕਿ ਬੀਤੇ ਦਿਨ ਮੁਲਜ਼ਮ ਜੁੱਤੀ ਪਾ ਕੇ ਗੁਰੂਘਰ ਕੋਤਵਾਲੀ ਸਾਹਿਬ ਵਿੱਚ ਦਾਖ਼ਲ ਹੋਇਆ ਸਨ। ਫਿਰ ਉਸ ਨੇ ਪਾਠ ਕਰਨ ਵਾਲੇ ਗ੍ਰੰਥੀਆਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਦੀ ਪੱਗ ਤੱਕ ਉਤਰ ਗਈ। ਇਸ ਦੌਰਾਨ ਸੰਗਤ ਨੇ ਦੋਸ਼ੀ ਨੂੰ ਫੜ ਲਿਆ ਅਤੇ ਉਸ ਦੀ ਕਾਫੀ ਕੁੱਟਮਾਰ ਕੀਤੀ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਗੁਰੂਘਰ ‘ਚ ਵਾਪਰੀ ਘਟਨਾ ਦੀ ਸਾਰਿਆਂ ਨੇ ਨਿੰਦਾ ਕੀਤੀ ਹੈ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ 12 ਅਕਤੂਬਰ 2015 ਨੂੰ ਬਰਗਾੜੀ, 13 ਸਤੰਬਰ 2021 ਸ੍ਰੀ ਕੇਸਗੜ੍ਹ ਸਾਹਿਬ, 19 ਦਸੰਬਰ 2021 ਨਿਜ਼ਾਮਪੁਰ ਕਪੂਰਥਲਾ, 18 ਦਸੰਬਰ 2021 ਨੂੰ ਸ੍ਰੀ ਹਰਿਮੰਦਰ ਸਾਹਿਬ ਅਤੇ ਬੀਤੇ ਦਿਨ 24 ਅਪ੍ਰੈਲ 2023, ਮੋਰਿੰਡਾ (Gurdwara Kotwali Sahib) ਵਿਖੇ ਇਹ ਮੰਦਭਾਗੀ ਘਟਨਾ ਵਾਪਰੀ |