June 30, 2024 3:15 am
passport office

ਕਿਸਾਨ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਪਾਸਪੋਰਟ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ, ਜਾਣੋ ਪੂਰਾ ਮਾਮਲਾ

ਅੰਮ੍ਰਿਤਸਰ, 9 ਜਨਵਰੀ 2024: ਪਿਛਲੇ ਕਈ ਮਹੀਨਿਆਂ ਤੋਂ ਪਾਸਪੋਰਟ ਦਫਤਰਾਂ (passport office) ਦੇ ਬਾਹਰ ਪਾਸਪੋਰਟ ਬਣਾਉਣ ਵਾਲਿਆਂ ਦੀਆਂ ਲੰਮੀਆਂ-ਲੰਮੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਹਨ ਅਤੇ ਜੇਕਰ ਆਨਲਾਈਨ ਵੀ ਪਾਸਪੋਰਟ ਅਪਲਾਈ ਕਰਦੇ ਹਨ ਤਾਂ ਛੇ ਮਹੀਨੇ ਤੋਂ ਬਾਅਦ ਦਾ ਸਮਾਂ ਮਿਲ ਰਿਹਾ ਹੈ | ਇਹ ਸਾਰੀ ਪ੍ਰਕਿਰਿਆ ਪੂਰੀ ਕਰਨ ਦੇ ਬਾਅਦ ਜਦੋਂ ਇੱਕ ਵਿਅਕਤੀ ਪਾਸਪੋਰਟ ਬਣਵਾਉਂਦਾ ਹੈ ਤਾਂ ਉਸ ਦਾ ਪਾਸਪੋਰਟ ਫਿਰ ਵੀ ਨਹੀਂ ਮਿਲ ਰਿਹਾ |

ਜਿਸ ਦੇ ਰੋਸ ਵਜੋਂ ਪੰਜਾਬ ਦੇ ਵੱਖ ਵੱਖ ਹਿੱਸਿਆਂ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਪਾਸਪੋਰਟ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਧਰਨਾ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਇੱਥੇ ਪਾਸਪੋਰਟ ਅਪਲਾਈ ਕੀਤੇ ਗਏ ਸਨ ਅਤੇ ਪਾਸਪੋਰਟ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਪਾਸਪੋਰਟ ਨਹੀਂ ਮਿਲ ਰਹੇ |

ਕੁਝ ਕਿਸਾਨ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਇਸ ਦਫਤਰ (passport office) ਵਿੱਚ ਕਿਸੇ ਨੂੰ ਰਿਸ਼ਵਤ ਦਈਏ ਤਾਂ ਪਾਸਪੋਰਟ ਛੇਤੀ ਨਾਲ ਬਣ ਜਾਂਦਾ ਹੈ, ਲੇਕਿਨ ਜੇਕਰ ਪਾਸਪੋਰਟ ਦਫਤਰ ਦੀਆਂ ਗਾਈਡਲਾਇਨਸ ਦੇ ਮੁਤਾਬਕ ਪਾਸਪੋਰਟ ਅਪਲਾਈ ਕਰੀਏ ਤਾਂ ਦੋ ਦੋ ਮਹੀਨੇ ਸਮਾਂ ਬੀਤ ਜਾਣ ਤੋਂ ਬਾਅਦ ਵੀ ਪਾਸਪੋਰਟ ਨਹੀਂ ਮਿਲ ਰਹੇ | ਉਹਨਾਂ ਕਿਹਾ ਕਿ ਪਾਸਪੋਰਟ ਦਫਤਰਾਂ ਦੇ ਬਾਹਰ ਕੁਝ ਏਜੰਟ ਵੀ ਘੁੰਮਦੇ ਹਨ ਜੋ ਕਿ ਪਾਸਪੋਰਟ ਦਿਵਾਉਣ ਦੇ ਲਈ 20 ਤੋਂ 30 ਹਜ਼ਾਰ ਰੁਪਏ ਦੀ ਮੰਗ ਵੀ ਕਰਦੇ ਹਨ। ਜਿਸ ਕਰਕੇ ਰੋਸ ਵਜੋਂ ਅੱਜ ਉਹ ਇੱਥੇ ਪਾਸਪੋਰਟ ਦਫਤਰ ਦੇ ਬਾਹਰ ਬੈਠ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ ਅਤੇ ਕੇਂਦਰ ਸਰਕਾਰ ਖ਼ਿਲਾਫ਼ ਆਪਣੀ ਭੜਾਸ ਕੱਢ ਰਹੇ ਹਨ।

ਦੂਜੇ ਪਾਸੇ ਇਸ ਸਬੰਧੀ ਜਦੋਂ ਪਾਸਪੋਰਟ ਦਫਤਰ ਦੇ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਪਾਸਪੋਰਟ ਦਫਤਰ ਵਿੱਚ ਦੋ ਤਰੀਕੇ ਨਾਲ ਲੋਕਾਂ ਨੂੰ ਡੀਲ ਕੀਤਾ ਜਾਂਦਾ ਇੱਕ ਤਰੀਕੇ ਨਾਲ ਲੋਕ ਆਨਲਾਈਨ ਵਿਧੀ ਲੈ ਕੇ ਆਉਂਦੇ ਹਨ ਤੇ ਦੂਜੇ ਤਰੀਕੇ ਲੋਕ ਸਿੱਧਾ ਵੀ ਪਾਸਪੋਰਟ ਦਫਤਰ ਆਉਂਦੇ ਹਨ | ਦੋਵਾਂ ਵਿੱਚੋਂ ਕਿਸ ਨੂੰ ਪਹਿਲ ਦੇਣੀ ਹੈ ਇਸ ਚੀਜ਼ ਨੂੰ ਲੈ ਕੇ ਕਿਸੇ ਵੇਲੇ ਬਹਿਸ ਹੋ ਜਾਂਦੀ ਹੈ ਲੇਕਿਨ ਜਿੰਨੇ ਵੀ ਲੋਕ ਧਰਨਾ ਪ੍ਰਦਰਸ਼ਨ ਕਰ ਰਹੇ ਹਨ, ਉਹਨਾਂ ਸਾਰਿਆਂ ਦੀਆਂ ਮੁਸ਼ਕਲਾਂ ਸੁਣ ਲਈਆਂ ਗਈਆਂ ਹਨ ਤੇ ਉਹਨਾਂ ਨੂੰ ਹੱਲ ਵੀ ਕਰਵਾ ਦਿੱਤਾ ਗਿਆ ਹੈ |

ਪ੍ਰਦਰਸ਼ਨਕਾਰੀਆਂ ਨੇ ਖੁਸ਼ੀ-ਖੁਸ਼ੀ ਆਪਣਾ ਧਰਨਾ ਵੀ ਖ਼ਤਮ ਕਰ ਦਿੱਤਾ। ਉਹਨਾਂ ਦੱਸਿਆ ਕਿ ਧਰਨਾ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਦੇ ਵਿੱਚੋਂ ਕਈਆਂ ਦੇ ਡਾਕੂਮੈਂਟ ਪੂਰੇ ਨਹੀਂ ਹਨ ਅਤੇ ਕਈਆਂ ਦੀ ਪੁਲਿਸ ਪੁੱਛਗਿੱਛ ਹੋਈ ਹੈ ਤੇ ਪੁਲਿਸ ਵੱਲੋਂ ਉਹਨਾਂ ਨੂੰ ਕੋਈ ਜਵਾਬ ਨਹੀਂ ਮਿਲਿਆ। ਉਸ ਸਬੰਧੀ ਛੇਤੀ ਹੀ ਉਹਨਾਂ ਦੀਆਂ ਮੁਸ਼ਕਿਲਾਂ ਵੀ ਹੱਲ ਕੀਤੀਆਂ ਜਾਣਗੀਆਂ ਅਤੇ ਫਿਲਹਾਲ ਜਿੰਨੇ ਲੋਕ ਪ੍ਰਦਰਸ਼ਨ ਕਰ ਰਹੇ ਸਨ ਸਭ ਦੀਆਂ ਮੁਸ਼ਕਿਲਾਂ ਹੱਲ ਕਰ ਦਿੱਤੀਆਂ ਗਈਆਂ ਹਨ।