ਅੰਮ੍ਰਿਤਸਰ, 29 ਮਈ 2023: ਪਿਛਲੇ 35 ਦਿਨਾਂ ਤੋਂ ਦਿੱਲੀ ਦੇ ਜੰਤਰ ਮੰਤਰ ਵਿਖੇ ਭਲਵਾਨ ਬੀਬੀਆਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਬੀਤੇ ਦਿਨੀਂ ਇਸ ਤਰੀਕੇ ਨਾਲ ਜੰਤਰ ਮੰਤਰ ਦੇ ਬਾਹਰ ਪੁਲਿਸ ਵੱਲੋਂ ਧਰਨਾ ਪ੍ਰਦਰਸ਼ਨ ਕਰ ਰਹੇ ਭਲਵਾਨ ਬੀਬੀਆਂ ਨੂੰ ਖਦੇੜਿਆ ਗਿਆ | ਇਸ ਕਾਰਵਾਈ ਦੀ ਪੂਰੇ ਦੇਸ਼ ਵਿੱਚ ਨਿੰਦਾ ਹੋ ਰਹੀ ਹੈ ਅਤੇ ਭਲਵਾਨਾਂ ਦੇ ਹੱਕ ਵਿੱਚ ਕਿਸਾਨ ਜਥੇਬੰਦੀਆਂ ਤੇ ਕਾਮਰੇਡ ਜਥੇਬੰਦੀਆਂ ਆਵਾਜ਼ ਬੁਲੰਦ ਕਰ ਰਹੀਆਂ ਹਨ |
ਅੰਮ੍ਰਿਤਸਰ (Amritsar) ਦੇ ਵਿੱਚ ਵੀ ਕਾਮਰੇਡ ਜਥੇਬੰਦੀਆਂ ਵੱਲੋਂ ਪਹਿਲਵਾਨਾਂ ਦੇ ਹੱਕ ਵਿੱਚ ਅੱਜ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ | ਕਾਮਰੇਡ ਜਥੇਬੰਦੀਆਂ ਦੇ ਵਲੰਟੀਅਰਾਂ ਨੇ ਭੰਡਾਰੀ ਪੁਲ ਉੱਪਰ ਇਕੱਠੇ ਹੋ ਕੇ ਹਾਲ ਗੇਟ ਤੱਕ ਰੋਸ ਮਾਰਚ ਕੀਤਾ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਮਰੇਡ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਦੇਸ਼ ਦੀਆਂ ਭਲਵਾਨ ਬੇਟੀਆ ਕੁਸ਼ਤੀ ਸੰਘ ਦੇ ਪ੍ਰਧਾਨ ਦੇ ਸ਼ੋਸ਼ਨ ਵਿਰੁੱਧ ਇਨਸਾਫ ਦੀ ਮੰਗ ਕਰਦਿਆ ਪਿਛਲੇ 35 ਦਿਨਾਂ ਤੋਂ ਲਗਾਤਾਰ ਦਿੱਲੀ ਵਿੱਚ ਜੰਤਰ ਮੰਤਰ ਵਿਖੇ ਧਰਨਾ ਲਗਾ ਕੇ ਬੈਠੀਆਂ ਹਨ, ਲੇਕਿਨ ਕੇਂਦਰ ਦੀ ਸਰਕਾਰ ਸ਼ੋਸ਼ਣਕਾਰੀ ਨੂੰ ਬਚਾਉਣ ਉੱਪਰ ਲੱਗੀ ਹੋਈ ਹੈ।
ਮਾਣਯੋਗ ਸੁਪਰੀਮ ਕੋਰਟ ਦੇ ਦਖ਼ਲ ਨਾਲ ਐੱਫ.ਆਈ.ਆਰ ਦਰਜ ਹੋ ਗਈ ਹੈ ਅਤੇ ਪੋਕਸ ਐਕਟ ਵੀ ਲੱਗ ਗਿਆ ਹੈ, ਲੇਕਿਨ ਮੁਲਜ਼ਮ ਪਾਰਲੀਮੈਂਟ ਦਾ ਮੈਂਬਰ ਹੈ ਅਤੇ ਹਾਕਮ ਧਿਰ ਨਾਲ ਸੰਬੰਧਿਤ ਹੋਣ ਕਰਕੇ ਉਸਨੂੰ ਬਚਾਇਆ ਜਾ ਰਿਹਾ ਹੈ। ਕੇਂਦਰ ਸਰਕਾਰ ਦੇ ਕਹਿਣ ਉੱਪਰ ਜੰਤਰ ਮੰਤਰ ਵਿਖੇ ਪੁਰ ਅਮਨ ਬੈਠੇ ਪਹਿਲਵਾਨਾ ਨੂੰ ਜਾਲਮਾਨਾ ਢੰਗ ਨਾਲ ਜਬਰ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ | ਉਨ੍ਹਾਂ ਨਾਲ ਤਸ਼ੱਦਦ ਕੀਤਾ ਗਿਆ ਹੈ | ਬੁਲਾਰਿਆ ਨੇ ਅੱਗੇ ਕਿਹਾ ਕਿ ਦੇਸ਼ ਦੇ ਲੋਕ ਭਲਵਾਨ ਬੀਬੀਆਂ ਦੇ ਨਾਲ ਖੜੇ ਹਨ। ਕਿਸਾਨਾ, ਮਜ਼ਦੂਰਾਂ, ਮੁਲਾਜ਼ਮਾਂ, ਸਿਆਸੀ ਪਾਰਟੀਆਂ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਲੋਕ ਕਾਫਲਿਆਂ ਦੇ ਰੂਪ ਵਿੱਚ ਰੋਜ਼ਾਨਾ ਹੀ ਉਹਨਾਂ ਦੇ ਸੰਘਰਸ਼ ਵਿੱਚ ਸ਼ਾਮਿਲ ਹੋ ਰਹੇ ਹਨ। ਲੇਕਿਨ ਦੁੱਖ ਦੀ ਗੱਲ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਕਿਸੇ ਦੀ ਪ੍ਰਵਾਹ ਨਹੀਂ ਕਰ ਰਹੀ ।ਕਮਿਊਨਿਸਟ ਪਾਰਟੀ ਦੇ ਆਗੂਆਂ ਨੇ ਮੰਗ ਕੀਤੀ ਕਿ ਭਲਵਾਨ ਬੇਟੀਆਂ ਨੂੰ ਇਨਸਾਫ ਦਿੱਤਾ ਜਾਵੇ ਅਤੇ ਬ੍ਰਿਜ ਭੂਸ਼ਣ ਸ਼ਰਨ ਨੂੰ ਫੌਰੀ ਤੌਰ ‘ਤੇ ਗ੍ਰਿਫਤਾਰ ਕੀਤਾ ਜਾਵੇ |