Site icon TheUnmute.com

ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਸੌਂਪੇ ਤਰੱਕੀ ਪੱਤਰ 

ਚੰਡੀਗੜ੍ਹ, 29 ਨਵੰਬਰ :ਮੁਲਾਜ਼ਮਾਂ ਨੂੰ ਬਣਦਾ ਲਾਭ ਦੇਣ ਦੀ ਵਚਨਬੱਧਤਾ ਪੂਰੀ ਕਰਦਿਆਂ ਪੰਜਾਬ ਸਰਕਾਰ ਵੱਲੋਂ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ 25 ਸਿਖਲਾਈ ਅਫਸਰਾਂ ਨੂੰ ਤਰੱਕੀ ਦਿੱਤੀ ਗਈ ਹੈ। ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਨੇ ਅੱਜ ਇੱਥੇ ਇੱਕ ਸੰਖੇਪ ਸਮਾਗਮ ਦੌਰਾਨ ਤਰੱਕੀਯਾਫ਼ਤਾ ਅਧਿਕਾਰੀਆਂ ਨੂੰ ਪ੍ਰਮੋਸ਼ਨ ਪੱਤਰ ਸੌਂਪੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਣਾ ਗੁਰਜੀਤ ਸਿੰਘ ਨੇ ਦੱਸਿਆ ਕਿ ਵਿਭਾਗ ਵਿੱਚ ਲੰਬੇ ਸਮੇਂ ਤੋਂ ਸੇਵਾਵਾਂ ਨਿਭਾਅ ਰਹੇ 25 ਟਰੇਨਿੰਗ ਅਫਸਰਾਂ ਨੂੰ ਟਰੇਨਿੰਗ ਅਫਸਰ ਤੋਂ ਪ੍ਰਿੰਸੀਪਲ (ਗਰੁੱਪ-ਬੀ) ਵਜੋਂ ਤਰੱਕੀ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪਹਿਲਾਂ ਵਿਭਾਗ ਕੋਲ ਪ੍ਰਿੰਸੀਪਲ (ਗਰੁੱਪ-ਬੀ) ਦੀਆਂ 05 ਅਸਾਮੀਆਂ ਸਨ ਅਤੇ ਮੌਜੂਦਾ ਸਰਕਾਰ ਦੌਰਾਨ ਇਹ ਅਸਾਮੀਆਂ 5 ਤੋਂ ਵਧਾ ਕੇ 47 ਕਰ ਦਿੱਤੀਆਂ ਗਈਆਂ ਹਨ ਅਤੇ ਇਹ ਸਾਰੀਆਂ ਅਸਾਮੀਆਂ ਤਰੱਕੀ ਕੋਟੇ ਤੋਂ ਭਰੀਆਂ ਜਾਣਗੀਆਂ। ਹੁਣ 27 ਅਸਾਮੀਆਂ ‘ਤੇ ਤਰੱਕੀਆਂ ਕੀਤੀਆਂ ਗਈਆਂ ਹਨ ਅਤੇ ਬਾਕੀ ਤਰੱਕੀਆਂ ਵੀ ਜਲਦ ਹੀ ਕਰ ਦਿੱਤੀਆਂ ਜਾਣਗੀਆਂ।
ਉਹਨਾਂ ਤਰੱਕੀ ਹਾਸਲ ਕਰਨ ਵਾਲੇ ਅਧਿਕਾਰੀਆਂ ਨੂੰ ਨਿੱਘੀ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਉਹ ਆਪਣੀ ਜ਼ਿੰਮੇਵਾਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਦੇ ਵਧੀਕ ਡਾਇਰੈਕਟਰ  ਦਲਜੀਤ ਕੌਰ ਸਿੱਧੂ, ਅਧੀਨ ਸਕੱਤਰ ਚਰਨਜੀਤ ਕੌਰ, ਸੰਯੁਕਤ ਡਾਇਰੈਕਟਰ ਅਵਨੀਤ ਕੌਰ ਅਤੇ ਡਿਪਟੀ ਡਾਇਰੈਕਟਰ  ਰੁਪਿੰਦਰ ਸਿੰਘ ਸਧਰਾਓ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।
ਰਾਣਾ ਗੁਰਜੀਤ ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਪਿਛਲੇ ਲਗਭੱਗ ਸਾਢੇ ਚਾਰ ਸਾਲਾਂ ਦੌਰਾਨ 62,748 ਉਮੀਦਵਾਰਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ ਜਦਕਿ 9,54,110 ਉਮੀਦਵਾਰਾਂ ਨੂੰ ਪ੍ਰਾਈਵੇਟ ਖੇਤਰ `ਚ ਨੌਕਰੀਆਂ ਦਿੱਤੀਆਂ ਗਈਆਂ ਹਨ। ਇਸੇ ਤਰ੍ਹਾਂ 12,78,178 ਲੋਕਾਂ ਨੂੰ ਵੱਖ-ਵੱਖ ਵਸੀਲਿਆਂ ਰਾਹੀਂ ਸਵੈ-ਰੋਜ਼ਗਾਰ ਸ਼ੁਰੂ ਕਰਨ `ਚ ਮਦਦ ਕੀਤੀ ਹੈ।
Exit mobile version