paddy

ਮੋਹਾਲੀ ਜ਼ਿਲ੍ਹੇ ‘ਚ ਸ਼ਾਮ 7.00 ਵਜੇ ਤੋਂ ਲੈ ਕੇ ਸਵੇਰੇ 09:00 ਵਜੇ ਤੱਕ ਕੰਬਾਇਨਾਂ ਨਾਲ ਝੋਨੇ ਦੀ ਫਸਲ ਕੱਟਣ ‘ਤੇ ਪਾਬੰਦੀ

ਐਸ.ਏ.ਐਸ.ਨਗਰ, 29 ਸਤੰਬਰ 2023: ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀਮਤੀ ਆਸ਼ਿਕਾ ਜੈਨ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਝੋਨੇ (paddy) ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋਣ ਦੇ ਮੱਦੇਨਜ਼ਰ, ਫਸਲ ਦੀ ਕਟਾਈ ਲਈ ਰਾਤ ਨੂੰ ਕੰਬਾਈਨਾਂ ਚਲਾਉਣ ਨਾਲ ਹਾਦਸੇ ਵਾਪਰਨ ਦੇ ਖਤਰੇ ਨੂੰ ਮੁੱਖ ਰੱਖਦਿਆਂ ਅਤੇ ਝੋਨੇ ਦੀ ਫਸਲ ‘ਤੇ ਰਾਤ ਨੂੰ ਤਰੇਲ ਪੈਣ ਅਤੇ ਬੇਮੌਸਮੀ ਬਰਸਾਤ ਕਾਰਨ ਝੋਨਾ ਸਿੱਲਾ ਹੋਣ ਦੀ ਸੰਭਾਵਨਾ ਵਧਣ ਕਾਰਨ ਜ਼ਿਲ੍ਹੇ ਚ ਸ਼ਾਮ 7.00 ਵਜੇ ਤੋਂ ਲੈ ਕੇ ਸਵੇਰੇ 09:00 ਵਜੇ ਤੱਕ ਕੰਬਾਇਨਾਂ ਨਾਲ ਝੋਨੇ ਦੀ ਫਸਲ ਕੱਟਣ ‘ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।

ਜ਼ਿਲ੍ਹਾ ਮੈਜਿਸਟ੍ਰੇਟ ਅਨੁਸਾਰ ਇਹ ਕੰਬਾਈਨਾਂ ਜਦੋਂ ਰਾਤ ਵੇਲੇ ਝੋਨੇ ਦੀ ਕਟਾਈ ਕਰਦੀਆਂ ਹਨ ਤਾਂ ਜਿਹੜੀ ਫਸਲ ਚੰਗੀ ਤਰ੍ਹਾਂ ਸੁੱਕੀ ਨਹੀਂ ਹੁੰਦੀ, ਭਾਵ ਦਾਣਾ ਕੱਚਾ ਅਤੇ ਹਰਾ ਹੁੰਦਾ ਹੈ ਅਤੇ ਅਜਿਹਾ ਕਰਨ ਨਾਲ ਝੋਨੇ ਵਿੱਚ ਵੱਧ ਨਮੀ ਹੋਣ ਕਾਰਨ ਸਿੱਧਾ ਨੁਕਸਾਨ ਕਿਸਾਨਾਂ ਨੂੰ ਹੁੰਦਾ ਹੈ ਅਤੇ ਉਸ ਦਾ ਦੇਸ਼ ਦੇ ਉਤਪਾਦਨ ‘ਤੇ ਵੀ ਅਸਰ ਪੈਂਦਾ ਹੈ।

ਇਸ ਤਰ੍ਹਾਂ ਝੋਨੇ (paddy) ਵਿੱਚ ਨਮੀ ਸਰਕਾਰ ਦੀਆਂ ਨਿਰਧਾਰਿਤ ਕੀਤੀਆਂ ਸਪੈਸੀਫਿਕੇਸ਼ਨਜ਼ ਤੋਂ ਉਪਰ ਹੁੰਦੀ ਹੈ ਅਤੇ ਖਰੀਦ ਏਜੰਸੀਆ ਉਸ ਝੋਨੇ ਨੂੰ ਖਰੀਦਣ ਤੋਂ ਅਸਮਰਥ ਹੁੰਦੀਆਂ ਹਨ। ਜਿਸ ਕਰਨ ਕਿਸਾਨਾਂ ਦੀ ਮੰਡੀਆਂ ਵਿਚ ਖਜਲ ਖੁਆਰੀ ਤੋਂ ਇਲਾਵਾ ਅਮਨ ਕਾਨੂੰਨ ਦੀ ਸਥਿਤੀ ਦੇ ਵਿਗੜਨ ਦੇ ਆਸਾਰ ਵੱਧ ਜਾਂਦੇ ਹਨ। ਇਸ ਤੋਂ ਇਲਾਵਾ ਕੰਬਾਈਨਾਂ ਦਾ ਮਾਲਕ ਬਿਨ੍ਹਾਂ ਐਸ.ਐਮ.ਐਸ. ਲਗਾਏ ਝੋਨੇ ਦੀ ਕਟਾਈ ਕਰਦੇ ਹਨ, ਜਿਸ ਨਾਲ ਪ੍ਰਦੂਸ਼ਣ ਫੈਲਦਾ ਹੈ, ਇਸ ਲਈ ਬਿਨਾਂ ਐਸ.ਐਮ.ਐਸ. ਲਗਾਏ ਝੋਨੇ ਦੀ ਕਟਾਈ ਕਰਨ ਦੀ ਵੀ ਕੰਬਾਈਨ ਹਾਰਵੈਸਟਰ ਤੇ ਮਨਾਹੀ ਹੋਵੇਗੀ।

ਇਸ ਤੋਂ ਇਲਾਵਾ ਝੋਨੇ ਦੀ ਕਟਾਈ ਤੋਂ ਬਾਅਦ ਕਿਸਾਨਾਂ ਵੱਲੋਂ ਇਸ ਦੀ ਰਹਿੰਦ ਨੂੰ ਅੱਗ ਲਗਾ ਕੇ ਸਾੜਿਆ ਜਾਂਦਾ ਹੈ, ਜਿਸ ਦੇ ਫਲਸਰੂਪ ਇਸ ਵਿੱਚੋਂ ਨਿਕਲਣ ਵਾਲੀਆਂ ਗੈਸਾਂ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਦੀਆਂ ਹਨ ਅਤੇ ਮਿੱਟੀ ਦੀ ਉਪਜਾਊ ਤਾਕਤ ਦਾ ਨੁਕਸਾਨ ਵੀ ਹੁੰਦਾ ਹੈ। ਇਸ ਸਬੰਧ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸਿਵਲ ਰਿੱਟ ਪਟੀਸ਼ਨ ਨੰਬਰ 10158/16 ਕੈਪਟਨ ਸਰਬਜੀਤ ਸਿੰਘ ਬਨਾਮ ਪੰਜਾਬ ਸਰਕਾਰ ਨੂੰ ਮੁੱਖ ਰੱਖਦੇ ਹੋਏ ਇਨ੍ਹਾਂ ਹੁਕਮਾਂ ਦੀ ਪਾਲਣਾ ਅਧੀਨ ਬਣਾਈ ਗਈ ਕਮੇਟੀ ਦੀ ਸਿਫਾਰਿਸ਼ ਲਾਗੂ ਕਰਨ ਲਈ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਝੋਨੇ ਦੀ ਕਟਾਈ ਤੋਂ ਬਾਅਦ ਫਸਲਾਂ ਦੀ ਰਹਿੰਦ-ਖੂਹੰਦ ਨੂੰ ਸਾੜਨ ਤੇ ਪਾਬੰਦੀ ਲਗਾਈ ਜਾਵੇ ਤਾਂ ਜੋ ਇਸ ਵਿਚੋਂ ਨਿਕਲਣ ਵਾਲੀਆਂ ਹਾਨੀਕਾਰਕ ਗੈਸਾਂ ਤੋਂ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।

ਉਕਤ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟ੍ਰੇਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਜ਼ਿਲ੍ਹੇ ਦੀ ਹਦੂਦ ਅੰਦਰ ਫੌਜਦਾਰੀ ਜ਼ਾਬਤਾ ਸੰਘਤਾ 1973 (2 ਆਫ 1974) ਦੀ ਧਾਰਾ 144 ਅਧੀਨ ਸ਼ਾਮ 7.00 ਵਜੇ ਤੋਂ ਲੈ ਕੇ ਸਵੇਰੇ 09:00 ਵਜੇ ਤੱਕ ਕੰਬਾਇਨਾਂ ਨਾਲ ਝੋਨੇ ਦੀ ਫਸਲ ਕੱਟਣ ‘ਤੇ, ਝੋਨੇ ਦੀ ਫਸਲ ਦੀ ਕਟਾਈ ਤੋਂ ਬਾਅਦ ਉਸ ਦੀ ਰਹਿੰਦ-ਖੂਹੰਦ ਨੂੰ ਸਾੜਨ ‘ਤੇ ਅਤੇ ਕੰਬਾਈਨਾਂ ਦੇ ਬਿਨ੍ਹਾਂ ਐਸ.ਐਮ.ਐਸ. ਲਗਾਏ ਝੋਨੇ ਦੀ ਕਟਾਈ ਕਰਨ ‘ਤੇ ਪੂਰਨ ਤੌਰ ਤੇ ਪਾਬੰਦੀ ਲਗਾਉਣ ਦਾ ਹੁਕਮ ਜਾਰੀ ਕੀਤਾ ਹੈ। ਇਹ ਹੁਕਮ ਮਿਤੀ 26-09-2023 ਤੋਂ ਮਿਤੀ 25-11-2023 ਤੱਕ ਜ਼ਿਲ੍ਹੇ ਵਿੱਚ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗਾ।

Scroll to Top