Prof. Prem Singh Chandumajra

ਸੁਖਬੀਰ ਬਾਦਲ ਖਿਲਾਫ਼ ਖੁੱਲ ਕੇ ਬੋਲੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਧੜਿਆਂ ‘ਚ ਕਿਉਂ ਵੰਡਿਆ ਅਕਾਲੀ ਦਲ ?

ਲੋਕ ਸਭਾ ਚੋਣਾਂ 2024 ‘ਚ ਹਾਰ ਮਿਲਣ ਤੋ ਬਾਅਦ ਸ਼੍ਰੋਮਣੀ ਅਕਾਲੀ ਦਲ ‘ਚ ਬਗਾਵਤ ਸ਼ੁਰੂ ਗਈ ਹੈ। ਪਾਰਟੀ ਧੜਿਆਂ ‘ਚ ਵੰਡੀ ਗਈ ਹੈ। ਇੱਕ ਧੜਾ ਸੁਖਬੀਰ ਸਿੰਘ ਬਾਦਲ ਹੁਣਾਂ ਨਾਲ ਤੇ ਦੂਜਾ ਧੜਾ ਪ੍ਰੇਮ ਸਿੰਘ ਚੰਦੂਮਾਜਰਾ ਹੁਣਾਂ ਦਾ ਹੈ, ਜਿਸ ‘ਚ ਕਈ ਸੀਨੀਅਰ ਆਗੂ ਹਨ। ਇਸੇ ਨੂੰ ਲੈ ਕੇ ਸਾਡੇ (ਦ ਅਨਮਿਊਟ) ਮੁੱਖ ਸੰਪਾਦਕ ਤੇਜਿੰਦਰ ਸਿੰਘ ਫ਼ਤਿਹਪੁਰ ਨੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ (Prof. Prem Singh Chandumajra) ਹੁਣਾਂ ਨਾਲ ਗੱਲਬਾਤ ਕੀਤੀ ਕਿ ਆਖਿਰ ਅਕਾਲੀ ਦਲ ‘ਚ ਬਗਾਵਤ ਕਿਉਂ ਹੈ ਅਕਾਲੀ ਦਲ ਧੜਿਆਂ ‘ਚ ਕਿਉਂ ਵੰਡਿਆ ਹੋਇਆ ਸੀ।

ਸਵਾਲ: ਅਕਾਲੀ ਦਲ ਦੇ ਵੱਖਰੇ ਧੜੇ ਵੱਲੋਂ ਜਲੰਧਰ ‘ਚ ਬੈਠਕ ਕਰਨ ਦਾ ਕੀ ਕਾਰਨ ਸੀ ?

ਜਵਾਬ: ਜੋ ਲੰਮੇ ਸਮੇਂ ਪਾਰਟੀ ਨਾਲ ਜੁੜੇ ਹਨ ਅਤੇ ਦੇਸ਼ ਦੇ ਸੂਬੇ ‘ਚ ਰਾਜ ਕਰਨ ਦੇ ਯੋਗ ਬਣਾਇਆ ਹੈ | ਅੱਜ ਉਨ੍ਹਾਂ ਪਰਿਵਾਰਾਂ ਨੂੰ ਮਹਿਸੂਸ ਹੋ ਰਿਹਾ ਹੈ ਕਿ ਅੱਜ ਅਕਾਲੀ ਦਲ ਅਰਸ ਤੋਂ ਫਰਸ਼ ਤੱਕ ਆ ਗਿਆ | ਪਾਰਟੀ ਨੂੰ ਕਿਵੇਂ ਬੁਲੰਦੀਆਂ ‘ਤੇ ਲਿਆਂਦਾ ਜਾਵੇ, ਕਿਵੇਂ ਪਾਰਟੀ ‘ਚ ਆਈਆਂ ਖਾਮੀਆਂ ਨੂੰ ਦੂਰ ਕੀਤਾ ਜਾਵੇ | ਇਸ ਸੰਬੰਧੀ ਹੀ ਜਲੰਧਰ ‘ਚ ਬੈਠ ਕੇ ਵਿਚਾਰ-ਵਟਾਂਦਰਾ ਕੀਤਾ ਗਿਆ ਹੈ |

ਜਲੰਧਰ ਬੈਠਕ ‘ਚ ਫੈਸਲਾ ਲਿਆ ਗਿਆ ਕਿ ਜੋ ਗਲਤੀਆਂ ਅਤੇ ਖਾਮੀਆਂ ਹਨ, ਉਨ੍ਹਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਜਾ ਕੇ ਮੁਆਫ਼ੀ ਮੰਗੀ ਜਾਵੇ | ਅਜਿਹੀਆਂ ਗਲਤੀਆਂ ਦੁਬਾਰਾ ਨਾ ਹੋਣ ਅਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਬੁਲੰਦੀਆਂ ਛੂਹ ਸਕੇ ਇਸ ਨੂੰ ਲੈ ਕੇ ਅਰਦਾਸ ਕੀਤੀ ਜਾਵੇ, ਇਨ੍ਹੀ ਗੱਲ ‘ਤੇ ਸੁਖਬੀਰ ਬਾਦਲ ਦੇ ਕੁਝ ਗੈਰ-ਅਕਾਲੀ ਸਲਾਹਕਾਰ ਤੜਪ ਉਠੇ |

ਸਵਾਲ: ਜਿਵੇਂ ਤੁਸੀਂ ਕਿਹਾ ਕਿ ਗੈਰ-ਅਕਾਲੀ ਸਲਾਹਕਾਰ, ਉਹ ਕਿਹੜੇ ਗੈਰ-ਅਕਾਲੀ ਸਲਾਹਕਾਰ ਹਨ ਜੋ ਤੁਹਾਡਾ ਵਿਰੋਧ ਕਰ ਰਹੇ ਹਨ ?

ਜਵਾਬ:  ਭੂੰਦੜ ਸਾਹਿਬ ਨੂੰ ਛੱਡ ਕੇ ਬਾਕੀ ਜੋ ਸੁਖਬੀਰ ਬਾਦਲ ਦੇ ਸੱਜੇ-ਖੱਬੇ ਬੈਠੇ ਸਨ, ਇਨ੍ਹਾਂ ‘ਚੋਂ ਤਾਂ ਕਿਸੇ ਪੰਜ ਮਿੰਟ ਦੀ ਜੇਲ੍ਹ ਨਹੀਂ ਕੱਟੀ | ਇਨ੍ਹਾਂ ਨੇ ਕਿਸੇ ਅਕਾਲੀ ਮੋਰਚੇ ਅਤੇ ਅਕਾਲੀ ਸੰਘਰਸ਼ ‘ਚ ਵੀ ਪੰਜ ਮਿੰਟ ਨਹੀਂ ਲਾਏ | ਅੱਜ ਉਹ ਉਨਾਂ ‘ਤੇ ਉਂਗਲ ਚੁੱਕ ਰਹੇ ਨੇ ਜਿਨ੍ਹਾਂ ਨੇ ਤਸ਼ੱਦਦ ਝੱਲੇ ਅਤੇ ਸਮੇਂ ਦੀਆਂ ਸਰਕਾਰਾਂ ‘ਚ ਜੇਲ੍ਹਾਂ ਕੱਟੀਆਂ | ਮਾਸਟਰ ਤਾਰਾ ਸਿੰਘ ਦਾ ਪਰਿਵਾਰ, ਮੋਹਨ ਸਿੰਘ ਤੁੜ ਦਾ ਪਰਿਵਾਰ, ਜਗਦੇਵ ਸਿੰਘ ਤਲਵੰਡੀ, ਗੁਰਚਰਨ ਸਿੰਘ ਟੋਹੜਾ ਦਾ ਪਰਿਵਾਰ, ਗੁਲਸ਼ਨ, ਅਮਰੀਕ ਸਿੰਘ, ਸੰਤ ਕਰਤਾਰ ਸਿੰਘ ਖਾਲਸਾ ਦੇ ਪਰਿਵਾਰ ਸਮੇਤ ਕਈ ਪਰਿਵਾਰ, ਉਨ੍ਹਾਂ ਨੂੰ ਕਾਂਗਰਸ ਜਾਂ ਭਾਜਪਾ ਦਾ ਏਜੰਟ ਕਹਿਣਾ ਸ਼ੋਭਾ ਨਹੀਂ ਦਿੰਦਾ |

ਉਨ੍ਹਾਂ ਵਲੋਂ ਜਿਨ੍ਹਾਂ ਨੇ ਭਾਜਪਾ ਨਾਲ ਰਲ੍ਹ ਕੇ ਸੱਤਾ ਹੰਢਾਈ ਹੋਵੇ ਅਤੇ ਜਿਨ੍ਹਾਂ ਨੇ ਭਾਜਪਾ ਦੇ ਤਰਲੇ ਕੀਤੇ ਹੋਣ ਉਹ ਅੱਜ ਇਹ ਗੱਲਾਂ ਕਰ ਰਹੇ ਹਨ | ਪਿਛਲੀਆਂ ਲੋਕ ਸਭਾ ਚੋਣਾਂ ‘ਚ ਲਈ ਸੀਟਾਂ ਦੀ ਵੰਡ ਇੱਛਾ ਅਨੁਸਾਰ ਨਾ ਹੋਈ ਹੋਵੇ , ਉਨ੍ਹਾਂ ਵੱਲੋਂ ਇਹ ਗੱਲਾਂ ਕਰਨੀਆਂ ਠੀਕ ਨਹੀਂ ਸਨ |

ਸਵਾਲ: ਅਕਾਲੀ ਦਲ ਵੱਲੋਂ ਕਿਹਾ ਗਿਆ ਕਿ ਸਾਡੇ ਕੋਲ 96 ਹਲਕਾ ਇੰਚਾਰਜ ਮੌਜੂਦ ਹਨ, ਵਰਕਿੰਗ ਕਮੇਟੀ ਨੇ ਵੀ ਸੁਖਬੀਰ ਬਾਦਲ ਨੂੰ ਪਾਰਟੀ ਪ੍ਰਧਾਨ ਵਜੋਂ ਸਹਿਮਤੀ ਦਿੱਤੀ ਹੈ , ਇਹ ਵੀ ਕਿਹਾ ਗਿਆ ਕਿ ਜੋ ਪਾਰਟੀ ਦਾ ਨੁਕਸਾਨ ਕਰ ਰਹੇ ਹਨ ਕਿਤੇ ਵੀ ਜਾ ਸਕਦੇ ਹਨ ਉਹ ਆਜ਼ਾਦ ਹਨ, ਤੁਹਾਨੂੰ ਲੱਗਦੈ ਕਿ ਅਸਿੱਧੇ ਰੂਪ ‘ਚ ਕਹਿ ਦਿੱਤਾ ਗਿਆ ਕਿ ਪਾਰਟੀ ਛੱਡ ਦੋ ?

ਜਵਾਬ: ਪ੍ਰੋ. ਚੰਦੂਮਾਜਰਾ ਨੇ ਕਿਹਾ ਜੇਕਰ ਕੋਈ ਮਹਿਸੂਸ ਕਰਦਾ ਹੈ ਕਿ ਪਾਰਟੀ ‘ਚ ਕੋਈ ਕਮੀ ਅਤੇ ਇਸਨੂੰ ਦੂਰ ਕਰਨਾ ਚਾਹੀਦਾ ਤਾਂ ਉਸਦੀ ਕਦਰ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਉਥੇ ਪੰਜ-ਛੇ ਦਰਜਨ ਅਜਿਹੇ ਬੰਦੇ ਸਨ, ਜਿਨ੍ਹਾਂ ‘ਚ ਕੋਈ SGPC ਮੈਂਬਰ, ਸਾਬਕਾ ਵਿਧਾਇਕ, ਸਾਬਕਾ ਐੱਮਪੀ ਜਾਂ ਕਿਸੇ ਕੌਰ ਕਮੇਟੀ ਦੇ ਮੈਂਬਰ ਰਹੇ ਸੀ | ਉਨ੍ਹਾਂ ਕਿਹਾ ਜੋ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਮੂਹਰਲੀ ਕਤਾਰ ‘ਚ ਰਹੇ ਅਤੇ ਪਾਰਟੀ ਲਈ ਕੁਰਬਾਨੀ ਅਤੇ ਸੇਵਾ ਕੀਤੀ, ਉਨ੍ਹਾਂ ਦੇ ਵਿਚਾਰਾਂ ‘ਤੇ ਸਵਾਲ ਕਰਨਾ ਅਤੇ ਕਿਸੇ ਪਾਰਟੀ ਦਾ ਏਜੰਟ ਜਾਂ ਪਾਰਟੀ ਗਤੀਵਿਧੀਆਂ ਗਿਣਨਾ ਹੈ ਤਾਂ ਫਿਰ ਰੱਬ ਹੀ ਰਾਖਾ ਹੈ | ਚੰਗੀ ਸਲਾਹ ਦੇਣ ਵਾਲੇ ਦੀ ਪਾਰਟੀ ਨੂੰ ਕਦਰ ਕਰਨੀ ਚਾਹੀਦੀ ਹੈ |

ਲੋਕਾਂ ਦਾ ਪੰਜ ਵਾਰ ਉਲਟ ਫਤਵਾ ਦੇਣਾ ਅਤੇ ਪਾਰਟੀ ਦਾ ਲਗਾਤਾਰ ਹੇਠਾਂ ਜਾਣਾ ਚਿੰਤਾ ਵਾਲੀ ਗੱਲ ਹੈ | ਇਸ ਲਈ ਅਸੀਂ ਵਾਰ-ਵਾਰ ਸੁਖਬੀਰ ਸਿੰਘ ਬਾਦਲ ਨੂੰ ਕਹਿੰਦੇ ਰਹੇ ਕਿ ਸਾਨੂੰ ਵਿਚਾਰ-ਵਟਾਂਦਰਾ ਕਰਨਾ ਚਾਹੀਦਾ ਹੈ | ਤੁਸੀਂ ਚਾਰ ਬੰਦਿਆ ਤੋਂ ਮਤਾ ਪਵਾ ਕੇ ਉਸ ‘ਤੇ ਸੰਤੁਸ਼ਟੀ ਜ਼ਾਹਿਰ ਕਰਨਾ ਚੰਗੀ ਗੱਲ ਨਹੀਂ |

ਸਵਾਲ: ਲੋਕ ਸਭਾ ਚੋਣਾਂ ਦੀ ਹਾਰ ਤੋਂ ਬਾਅਦ ਕੌਰ ਕਮੇਟੀ ਦੀ ਬੈਠਕ ਹੋਈ, ਜਿਸ ‘ਚ ਤੁਹਾਡੇ ਸਮੇਤ ਕਈ ਲੀਡਰਾਂ ਨੇ ਸੁਖਬੀਰ ਬਾਦਲ ਦੀ ਚੋਣ ਪ੍ਰਚਾਰ ਲਈ ਪ੍ਰਸ਼ੰਸਾਂ ਕੀਤੀ ਸੀ, ਇਸ ‘ਤੇ ਕੀ ਕਹੋਗੇ ?

ਜਵਾਬ:  ਇਹ ਹੀ ਤਾਂ ਗਲਤ ਗੱਲ ਹੈ, ਬਲਕਿ ਉਲਟ ਗੱਲ ਹੋਈ ਹੈ | ਲੋਕ ਸਭਾ ਦੀ ਹਾਰ ਤੋਂ ਬਾਅਦ ਕੌਰ ਕਮੇਟੀ ਦੀ ਬੈਠਕ ‘ਚ ਮੈ ਕਿਹਾ ਕਿ ਸੀ ਕਿ ਪਾਰਟੀ ਦੇ ਨਿਘਾਰ ‘ਤੇ ਬੜੀ ਗੰਭੀਰਤਾ ਨਾਲ ਵਿਚਾਰ-ਚਰਚਾ ਕਰਨ ਦੀ ਲੋੜ ਹੈ | ਉਹ ਵਿਚਾਰ ਪਾਰਟੀ ਪ੍ਰਧਾਨ ਨੂੰ ਕੱਲੇ-ਕੱਲੇ ਗਰੁੱਪ ‘ਚ ਦੇਣ ਦੀ ਲੋੜ ਹੈ ਅਤੇ ਫਿਰ ਅੱਗੇ ਦੀ ਰਣਨੀਤੀ ਬਣਾਉਣ ਦੀ ਲੋੜ ਹੈ | ਜਦੋਂ ਮਤਾ ਪਾਉਣ ਦੀ ਗੱਲ ਆਈ ਉਸ ਵੇਲੇ ਹਰਚਰਨ ਸਿੰਘ ਬੈਂਸ ਨੇ ਸੁਖਬੀਰ ਬਾਦਲ ਨੂੰ ਪੁੱਛਿਆ ਕਿ ਭਰੋਸੇ ਦਾ ਮਤਾ ਪਾਉਣਾ ਹੈ ? ਤਾਂ ਸੁਖਬੀਰ ਬਾਦਲ ਨੇ ਕਿਹਾ ਕਿ ਬੈਠਕ ਹੋ ਗਈ ਤਾਂ ਮਤੇ ਦੀ ਜ਼ਰੂਰਤ ਨਹੀਂ | ਮੈਂ ਖ਼ੁਦ ਵੀ ਇਸ ਪੱਖ ‘ਚ ਸੀ ਕਿ ਮਤਾ ਪਾਉਣ ਦੀ ਲੋੜ ਨਹੀਂ, ਭੂੰਦੜ ਸਾਹਿਬ ਵੀ ਇਸਦੇ ਪੱਖ ‘ਚ ਸਨ | ਇਸਦੇ ਬਾਵਜੂਦ ਵੀ ਭਰੋਸਾ ਮਤਾ ਪ੍ਰੈਸ ਨੂੰ ਦਿੱਤਾ ਗਿਆ | ਜਿਸ ‘ਤੇ ਮੈਂ ਖੁਦ ਅਤੇ ਬਹੁਤ ਸਾਰੇ ਆਕਲੀ ਆਗੂਆਂ ਨੇ ਇਤਰਾਜ਼ ਕੀਤਾ | ਪਰ ਸੁਖਬੀਰ ਸਿੰਘ ਬਾਦਲ ਨੇ ਇਸ ‘ਤੇ ਕੋਈ ਨੋਟਿਸ ਨਹੀਂ ਲਿਆ | ਪਰ ਜੇਕਰ ਉਨ੍ਹਾਂ ਨੂੰ ਕੋਈ ਚੰਗੀ ਸਲਾਹ ਦਿੰਦਾ ਹੈ ਤਾਂ ਵੀ ਉਸਦਾ ਨੋਟਿਸ ਲੈ ਲੈਂਦੇ ਹਨ |

ਸਵਾਲ: 1997 ‘ਚ ਜਦੋਂ ਅਕਾਲੀ ਦਲ ਦੀ ਸਰਕਾਰ ਬਣਦੀ ਹੈ, ਤਾਂ ਉਸ ਤੋਂ ਕੁਝ ਸਮੇ ਬਾਅਦ ਗੁਰਚਰਨ ਸਿੰਘ ਟੋਹੜਾ ਅਕਾਲੀ ਦਲ ਤੋਂ ਵੱਖ ਹੋ ਜਾਂਦੇ ਹਨ | ਤੁਸੀਂ ਵੀ ਉਨ੍ਹਾਂ ਨਾਲ ਰਹੇ ਹੋ | ਉਸ ਵੇਲੇ ਵੀ ਗੁਰਚਰਨ ਟੋਹੜਾ ਨੂੰ ਸ਼ਮੂਲੀਅਤ ਕਰਨੀ ਪਈ | ਤੁਸੀਂ ਵੀ ਸ਼੍ਰੋਮਣੀ ਅਕਾਲੀ ਦਲ ਲੌਂਗੋਵਾਲ ਬਣਾਇਆ, ਫਿਰ ਉਸਨੂੰ ਛੱਡ ਅਕਾਲੀ ਦਲ ‘ਚ ਆਉਣਾ ਪਿਆ | ਤੁਹਾਨੂੰ ਲੱਗਦੈ ਕਿ ਸੁਖਬੀਰ ਬਾਦਲ ਖ਼ਿਲਾਫ਼ ਖੜੇ ਧੜੇ ਨੂੰ ਕਾਮਯਾਬੀ ਮਿਲੇਗੀ ?

ਜਵਾਬ: ਕਿਸੇ ਵੇਲੇ ਸਫਲਤਾ ਹੁੰਦੀ ਹੈ, ਕਿਸੇ ਵੇਲੇ ਨਹੀਂ ਹੁੰਦੀ | ਇਹ ਸਭ ਹਾਲਾਤਾਂ ‘ਤੇ ਨਿਰਭਰ ਕਰਦਾ ਹੈ | ਹੁਣ ਤਾਂ ਲੋਕਾਂ ਨੇ ਲਗਾਤਾਰ ਪੰਜ ਵਾਰ ਫਤਵਾ ਪਾਰਟੀ ਖ਼ਿਲਾਫ਼ ਦਿੱਤਾ | ਪਾਰਟੀ ਦਾ ਉਤਾਰ ਹੀ ਆਉਂਦਾ ਗਿਆ ਚੜਾਅ ਤਾਂ ਆਇਆ ਹੀ ਨਹੀਂ, ਇਹ ਵੱਡੀ ਚਿੰਤਾ ਹੈ |

ਸਵਾਲ: ਕੀ ਤੁਸੀਂ ਅਕਾਲੀ ਦਲ ਦੇ ਇੱਕੋ ਝੰਡੇ ਹੇਠ ਆਪਣੀ ਲੜਾਈ ਲੜੋਂਗੇ ਜਾਂ ਵੱਖਰਾ ਧੜਾ ਬਣਾ ਕੇ ?

ਜਵਾਬ: ਅਸੀਂ ਪਾਰਟੀ ਤੋਂ ਵੱਖ ਨਹੀਂ ਹਾਂ, ਪਾਰਟੀ ‘ਚ ਰਹਿ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਾਂਗੇ | ਇਸ ਲਈ ਕੋਈ ਸਾਨੂੰ ਬੁਲਾਵੇ ਜਾਂ ਨਾ ਬੁਲਾਏ |

ਸਵਾਲ: ਸ਼੍ਰੋਮਣੀ ਅਕਾਲੀ ਦਲ ਨੇ ਕਿਹੜੀਆਂ ਗਲਤੀਆਂ ਕੀਤੀਆਂ ਕਿ ਲੋਕਾਂ ਨੇ ਅਕਾਲੀ ਦਲ ਨੂੰ ਨਕਾਰ ਦਿੱਤਾ ?

ਜਵਾਬ: ਪਾਰਟੀ ਦੀ ਵੋਟਿੰਗ ਫੀਸਦੀ ਘਟਿਆ ਹੈ | ਜੇਕਰ ਤੁਸੀਂ ਪਿੰਡਾਂ ‘ਚ ਜਾ ਕੇ ਪੁੱਛਦੇ ਹੋਣ ਤਾਂ ਲੋਕ ਕਹਿਣਗੇ ਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਪਿੱਛੇ ਹਟਣਾ ਚਾਹੀਦਾ ਹੈ | ਝੂੰਦਾ ਕਮੇਟੀ ਨੇ ਪੂਰੇ ਪੰਜਾਬ ‘ਚ ਦੌਰਾ ਕੀਤਾ | ਝੂੰਦਾ ਕਮੇਟੀ ਨੇ ਲੋਕਾਂ ਨਾਲ ਗੱਲ ਕੀਤੀ ਅਤੇ ਵਰਕਰਾਂ ਦੀ ਸਲਾਹ ਲਈ | ਕਮੇਟੀ ਨੇ ਸਿੱਟਾ ਕੱਢਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਪਿੱਛੇ ਹਟਣਾ ਚਾਹੀਦਾ ਹੈ ਅਤੇ ਨਵੀਂ ਲੀਡਰਸ਼ਿਪ ਨੂੰ ਅੱਗੇ ਲਿਆਂਦਾ ਜਾਵੇ |

ਪਰ ਉਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ, ਨਤੀਜਾ ਇਹ ਨਿਕਲਿਆ ਕਿ ਲੋਕਾਂ ਨੇ ਫ਼ਤਵਾ ਪਾਰਟੀ ਦੇ ਉਲਟ ਦਿੱਤਾ | ਵਾਰ-ਵਾਰ ਲੋਕਾਂ ਦੇ ਫ਼ਤਵੇ ਨੂੰ ਨਜ਼ਰਅੰਦਾਜ ਕਰਨਾ ਕਿਤੇ ਨਾ ਕਿਤੇ ਲੋਕਾਂ ਨੂੰ ਵੀ ਚਿੜ ਆਉਂਦੀ ਹੈ | ਲੋਕਾਂ ਨਾਲ ਮੱਥਾ ਲੈ ਕੇ ਨਾ ਕੋਈ ਲੀਡਰ ਅਤੇ ਨਾ ਕੋਈ ਪਾਰਟੀ ਬਚੀ ਹੈ | ਇਹੀ ਕੁਝ ਸਾਡਾ ਸੁਖਬੀਰ ਸਿੰਘ ਬਾਦਲ ਨੂੰ ਕਹਿਣਾ ਸੀ | ਲੋਕਾਂ ਦੀ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ |

ਸਵਾਲ: ਅਕਾਲੀ ਦਲ ਦੇ ਕੁਝ ਆਗੂਆਂ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਆਪਣੇ ਪੱਲੇ ਤੋਂ ਪਾਰਟੀ ਲਈ ਖਰਚਾ ਕਰਦੇ ਹਨ , ਇਸ ਕਰਕੇ ਕੋਈ ਅੱਗੇ ਨਹੀਂ ਆ ਰਿਹਾ | ਇਸ ‘ਚ ਕਿੰਨੀ ਸਚਾਈ ਹੈ ?

ਜਵਾਬ: ਇਸ ‘ਚ ਕੋਈ ਸਚਾਈ ਨਹੀਂ, ਇਹ ਤਾਂ ਮਾੜੀ ਸੋਚ ਹੈ | ਇਸ ਨਾਲ ਤਾਂ ਫਿਰ ਕੋਈ ਆਮ ਵਰਕਰ ਵੀ ਅੱਗੇ ਨਹੀਂ ਆ ਸਕੇਗਾ | ਰਹੀ ਗੱਲ ਪਾਰਟੀ ਫ਼ੰਡ ਦੀ ਪਾਰਟੀ ਦੇ ਇਹ ਲੋਕਾਂ ਅਤੇ ਵਰਕਰਾਂ ਤੋਂ ਫ਼ੰਡ ਇਕੱਠੇ ਕੀਤੇ ਜਾਂਦੇ ਹਨ | ਕੁਝ ਵਰਕਰ ਆਪਣੀ ਕਮਾਈ ‘ਚੋਂ ਪਾਰਟੀ ਲਈ ਫੰਡ ਦਿੰਦੇ ਹਨ |

ਸਵਾਲ: ਕੀ ਅਕਾਲੀ ਦਲ ਸਰਕਾਰ ਵੱਲੋਂ ਸੁਮੇਧ ਸੈਣੀ ਨੂੰ ਪੰਜਾਬ ਦਾ ਡੀਜੀਪੀ ਲਗਾਉਣਾ ਅਕਾਲੀ ਦਲ ਦੀ ਗ਼ਲਤੀ ਸੀ ?

ਜਵਾਬ: ਅਕਾਲੀ ਦਲ ਸਰਕਾਰ ਵੱਲੋਂ ਸੁਮੇਧ ਸੈਣੀ ਨੂੰ ਪੰਜਾਬ ਦਾ ਡੀਜੀਪੀ ਲਗਾਉਣਾ ਵੱਡੀ ਗਲਤੀ ਸੀ | ਪਾਰਟੀ ‘ਚ ਰਹਿ ਕੇ ਵੀ ਅਸੀਂ ਕਹਿੰਦੇ ਰਹੇ ਹਾਂ | ਉਸ ਵੇਲੇ ਪਾਰਟੀ ਨੇ ਸਹੀ ਫੈਸਲੇ ਲਏ ਹੁੰਦੇ ਤਾਂ ਪਾਰਟੀ ਨੂੰ ਇਸ ਹੱਦ ਤੱਕ ਨੁਕਸਾਨ ਨਹੀਂ ਹੋਣਾ ਸੀ |

ਸਵਾਲ: ਜਦੋਂ ਡੇਰਾ ਮੁਖੀ ਰਾਮ ਰਹੀਮ ਨੂੰ ਮੁਆਫ਼ੀ ਦਿੱਤੀ ਗਈ ਤਾਂ ਪਾਰਟੀ ਨੂੰ ਕਿੰਨਾ ਨੁਕਸਾਨ ਹੋਇਆ ?

ਜਵਾਬ: ਡੇਰਾ ਮੁਖੀ ਨੂੰ ਮੁਆਫੀ ਦੇਣਾ ਅਕਾਲੀ ਦਲ ਦੇ ਮਾੜਾ ਅਸਰ ਪਿਆ | ਇਸ ਫੈਸਲੇ ਬਾਰੇ ਕਿਸੇ ਪਾਰਟੀ ਵਰਕਰਾਂ ਨਾਲ ਗੱਲਬਾਤ ਨਹੀਂ ਕੀਤੀ | ਜਦੋਂ ਫੈਸਲਾ ਆਇਆ ਸਭ ਨੂੰ ਉਸ ਵੇਲੇ ਹੀ ਪਤਾ ਲੱਗਿਆ |

ਸਵਾਲ: ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੋਈ ਬੇਅਦਬੀ ਦੇ ਮਾਮਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ?

ਜਵਾਬ: ਮੈਂ ਮਹਿਸੂਸ ਕਰਦਾ ਹਾਂ ਕਿ ਇਹ ਤਾਂ ਨਹੀਂ ਹੋ ਸਕਦਾ ਕਿ ਕੋਈ ਬੇਅਦਬੀ ਕਰਵਾਉਣ ‘ਚ ਹਿੱਸਾ ਹੋਵੇ ਜਾਂ ਪਤਾ ਹੋਵੇ | ਪਰ ਅਕਾਲੀ ਦਲ ਦੀ ਸਰਕਾਰ ਦੀ ਜ਼ਿੰਮੇਵਾਰੀ ਸੀ ਕਿ ਦੋਸ਼ੀਆਂ ਨੂੰ ਫੜਿਆ ਜਾਵੇ | ਅਕਾਲੀ ਸਰਕਾਰ ਇਸ ਮਾਮਲੇ ‘ਚ ਦੋਸ਼ੀਆਂ ਨੂੰ ਫੜਨ ‘ਚ ਨਾਕਾਮ ਰਹੀ ਹੈ, ਜਿਸਦਾ ਲੋਕਾਂ ਨੇ ਬੁਰਾ ਮਨਾਇਆ ਹੈ | ਕਿਤੇ ਨਾ ਕਿਤੇ ਕਮੀ ਜ਼ਰੂਰ ਰਹੀ ਹੈ |

ਸਵਾਲ: ਅਕਸਰ ਪੰਜਾਬ ‘ਚ ਸੋਸ਼ਲ ਮੀਡੀਆ ‘ਤੇ ਕਹਿੰਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਦਾ SGPC ਦੇ ਮਾਮਲਿਆਂ ‘ਚ ਸਿੱਧਾ ਦਖਲ ਹੈ, ਇਸ ਗੱਲ ‘ਚ ਕਿੰਨੀ ਸਚਾਈ ਹੈ ?

ਜਵਾਬ:ਇਹ ਜੱਗ ਜ਼ਾਹਿਰ ਹੈ ਤੇ, ਇਹ ਦੁਨੀਆ ਕਹਿੰਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ SGPC ਦੇ ਮਾਮਲਿਆਂ ‘ਚ ਦਖਲ ਹੈ | ਜਿਸ ਨਾਲ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਵੀ ਨੁਕਸਾਨ ਹੋਇਆ ਹੈ | SGPC ਅਤੇ ਸ੍ਰੀ ਅਕਾਲ ਤਖ਼ਤ ਵਰਗੀਆਂ ਸੰਸਥਾਵਾਂ ਨੂੰ ਫੈਸਲੇ ਲੈਣ ਲਈ ਸੁਤੰਤਰ ਹੋਣਾ ਚਾਹੀਦਾ ਹੈ | ਜੇਕਰ ਇਨ੍ਹਾਂ ‘ਚ ਦਖਲ ਹੁੰਦਾ ਹੈ ਤਾਂ ਇਸ ਨਾਲ ਇਨ੍ਹਾਂ ਸੰਸਥਾਵਾਂ ਅਤੇ ਪਾਰਟੀ ਦੋਵਾਂ ਦਾ ਅਕਸ ਖਰਾਬ ਹੁੰਦਾ ਹੈ | ਇਨ੍ਹਾਂ ਪਵਿੱਤਰ ਸੰਸਥਾਵਾਂ ਦਾ ਵੱਡਾ ਰੁਤਬਾ ਸੀ , ਜਦੋਂ ਇਹ ਦਖਲਅੰਦਾਜੀ ਤੋਂ ਰਹਿਤ ਸੀ |

ਇਨ੍ਹਾਂ ਸੰਸਥਾਵਾਂ ਦੀ ਨਿਰਪੱਖਤਾ ਲਈ ਕਿ ਯਤਨ ਕੀਤੇ ਗਏ, ਪਰ ਯਤਨ ਸਫਲ ਨਹੀਂ ਹੋ ਸਕੇ | SGPC ‘ਚ ਦਖਲ ਬਾਰੇ ਉਨ੍ਹਾਂ ਨੇ ਕਈ ਵਾਰ ਪਾਰਟੀ ਨੂੰ ਕਿਹਾ ਕਿ ਇਨ੍ਹਾਂ ਸੰਸਥਾਵਾਂ ‘ਚ ਦਖਲਅੰਦਾਜ਼ੀ ਨੂੰ ਘਟਾਉਣਾ ਚਾਹੀਦਾ ਹੈ, ਜਿਥੇ ਸੁਧਾਰ ਦੀ ਲੋੜ ਹੈ ਕਰਨਾ ਚਾਹੀਦਾ ਹੈ | ਕਿਤੇ ਨਾ ਕਿਤੇ ਇਨ੍ਹਾਂ ਸੰਸਥਾਵਾਂ ਨੂੰ ਦਖਲ ਕਾਰਨ ਨੁਕਸਾਨ ਹੋਇਆ ਹੈ |

ਸਵਾਲ: ਪੰਜਾਬ ਦੇ ਕਿਸਾਨ ਜਦੋਂ ਤਿੰਨ ਕਾਲੇ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਸਨ ਤਾਂ ਕੀ ਕਾਰਨ ਸੀ ਕਿ ਬਾਦਲ ਪਰਿਵਾਰ ਸਮੇਤ ਅਕਾਲੀ ਆਗੂ ਕਾਨੂੰਨਾਂ ਦੇ ਹੱਕ ‘ਚ ਬੋਲੇ ?

ਜਵਾਬ: ਅਸੀਂ ਕੌਰ ਕਮੇਟੀ ‘ਚ ਫੈਸਲਾ ਕੀਤਾ ਸੀ ਕਿ ਜਦੋਂ ਤਿੰਨ ਕਾਨੂੰਨਾਂ ਕੈਬਿਨਟ ‘ਚ ਆਉਂਣ ਤਾਂ ਉਸ ਵੇਲੇ ਮੰਤਰੀ ਹਰਸਿਮਰਤ ਕੌਰ ਬਾਦਲ ਵਿਰੋਧ ‘ਚ ਉੱਠ ਕੇ ਬਾਹਰ ਆ ਜਾਣ, ਪਰ ਵਿਰੋਧ ‘ਚ ਉਹ ਬਾਹਰ ਨਹੀਂ ਆਏ ਬਲਕਿ ਬਾਹਰ ਆ ਕੇ ਕਾਨੂੰਨਾਂ ਦੇ ਹੱਕ ‘ਚ ਬੋਲੇ | ਬਾਅਦ ‘ਚ ਮਰਹੂਮ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਕਾਨੂੰਨਾਂ ਦੇ ਹੱਕ ‘ਚ ਬਿਆਨ ਦਿਵਾ ਦਿੱਤਾ | ਜਿਸ ਨਾਲ ਪ੍ਰਕਾਸ਼ ਸਿੰਘ ਬਾਦਲ ਦੇ ਅਕਸ ਨੂੰ ਵੀ ਢਾਹ ਲੱਗੀ ਅਤੇ ਪਾਰਟੀ ਨੂੰ ਵੀ ਵੱਡਾ ਨੁਕਸਾਨ ਹੋਇਆ | ਇਸਤੋਂ ਬਾਅਦ ਭਾਵੇਂ ਅਸਤੀਫਾ ਦੇ ਦਿੱਤਾ ਪਰ ਲੋਕਾਂ ‘ਚ ਇਸਦਾ ਕੋਈ ਅਸਰ ਨਹੀਂ ਪਿਆ | ਕਿਸਾਨ ਜਥੇਬੰਦੀਆਂ ਨੇ ਵੀ ਇਸਦਾ ਵਿਰੋਧ ਕੀਤਾ | ਉਨ੍ਹਾਂ ਕਿ ਕੌਰ ਕਮੇਟੀ ‘ਚ ਫੈਸਲਾ ਹੋਇਆ ਸੀ ਕਿ ਇਨ੍ਹਾਂ ਕਾਨੂੰਨਾਂ ਖ਼ਿਲਾਫ਼ ਬੋਲਣਾ ਹੈ | ਪਰ ਕੌਰ ਕਮੇਟੀ ਦੇ ਫੈਸਲੇ ਦੇ ਉਲਟ ਜਾਣਾ ਪਾਰਟੀ ਲਈ ਨੁਕਸਾਨ ਸੀ |

ਸਵਾਲ: ਤੁਹਾਡੇ ਧੜੇ ‘ਤੇ ਦੋਸ਼ ਹਨ ਕਿ ਤੁਸੀਂ ਭਾਜਪਾ ਦੇ ਸੰਪਰਕ ‘ਚ ਹੋ, ਇਸ ‘ਚ ਕਿੰਨੀ ਸਚਾਈ ਹੈ ?

ਜਵਾਬ:ਜੋ ਸਾਡੇ ‘ਤੇ ਦੋਸ਼ ਲਗਾ ਰਹੇ ਹਨ, ਓਹਨਾ ਨੇ ਚੰਡੀਗੜ੍ਹ ਮੇਅਰ ਚੋਣ ਅਤੇ ਭਾਜਪਾ ਦੇ ਰਾਸ਼ਟਰਪਤੀ ਉਮੀਦਵਾਰ ਦੇ ਹੱਕ ‘ਚ ਵੋਟ ਪਾਈ | ਇਸਦੇ ਨਾਲ ਹੀ ਹਰਸਿਮਰਤ ਕੌਰ ਬਾਦਲ ਹਾਲ ਹੀ ‘ਚ NDA ਦੇ ਹੱਕ ‘ਚ ਬੋਲੇ | ਕੁਝ ਵੀ ਕਹਿਣ ਪਰ ਅਸੀਂ ਪਾਰਟੀ ਭਲੀ ਲਈ ਬੈਠਕ ਕਰ ਰਹੇ ਹਾਂ ਤਾਂ ਗਲਤ ਹੋ ਗਏ ਅਤੇ ਭਾਜਪਾ ਦੇ ਏਜੰਟ ਦੱਸ ਰਹੇ ਹਨ | ਇਹ ਦੋਸ਼ ਲਾਉਣ ਵਾਲੇ ਉਹ ਲੋਕ ਹਨ, ਜਿਨ੍ਹਾਂ ਨੇ ਅਕਾਲੀ ਦਲ ਲਈ ਪੰਜ ਮਿੰਟ ਵੀ ਜੇਲ੍ਹ ਨਹੀਂ ਕੱਟੀ |

ਸਵਾਲ: ਜਦੋਂ ਆਦੇਸ਼ ਪ੍ਰਤਾਪ ਕੈਰੋਂ ਨੂੰ ਚੋਣਾਂ ਦੌਰਾਨ ਪਾਰਟੀ ‘ਚੋਂ ਕੱਢਿਆ ਗਿਆ ਤਾਂ ਤੁਸੀਂ ਉਹ ਮੁੱਦਾ ਚੁੱਕਿਆ ?

ਜਵਾਬ: ਉਸ ਵੇਲੇ ਚੋਣਾਂ ਦਾ ਸਮਾਂ ਸੀ, ਉਸ ਸਮੇਂ ਫੋਨ ਕਰਕੇ ਜ਼ਰੂਰ ਕਿਹਾ ਸੀ ਕਿ ਇਹ ਗਲਤ ਕੀਤਾ ਹੈ | ਚੋਣਾਂ ਦਾ ਸਮਾਂ ਹੋਣ ਕਾਰਨ ਮੁੱਦਾ ਚੁੱਕਣ ਦਾ ਸਮਾਂ ਨਹੀਂ ਸੀ |

ਸਵਾਲ: ਤੁਹਾਨੂੰ ਕੀ ਲੱਗਦੇ ਕਿ ਤੁਹਾਡਾ ਧੜਾ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਹਟਾ ਦੇਵੇਗਾ ?

ਜਵਾਬ: ਵੇਖੋ ਗੱਲ ਇਹ ਕਿ ਸਾਡੀ ਤਾਂ ਕੋਸ਼ਿਸ਼ ਹੈ | ਹੁਣ ਲੋਕਾਂ ਨੇ ਫੈਸਲਾ ਕਰਨ ਹੈ, ਜੇਕਰ ਲੋਕ ਚਾਹੁੰਦੇ ਹਨ ਕਿ ਸੁਖਬੀਰ ਬਾਦਲ ਪ੍ਰਧਾਨਗੀ ਛੱਡਣ ਤਾਂ ਇਹ ਮੁਹਿੰਮ ਸਫਲ ਹੋਵੇਗੀ | ਇਸ ‘ਚ ਅਸੀਂ ਪੂਰਾ ਯਤਨ ਕਰਾਂਗੇ | ਅਸੀਂ ਚਾਹੁੰਦੇ ਹਾਂ ਕਿ ਲੋਕਾਂ ਦੀ ਭਾਵਨਾ ਨਾਲ ਖੜ੍ਹਿਆ ਜਾਵੇ |

ਸਵਾਲ: ਇੱਕ ਚਰਚਾ ਇਹ ਵੀ ਹੈ ਕਿ ਤੁਹਾਡੇ ਧੜੇ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੇਸ਼ਕਸ਼ ਕੀਤੀ ਹੈ ਕਿ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਬਣਾਇਆ ਜਾਵੇ, ਇਸ ‘ਚ ਕਿੰਨੀ ਸਚਾਈ ਹੈ ?

ਜਵਾਬ: ਇਹ ਤਾਂ ਅੰਦਾਜ਼ਾ ਲਗਾ ਰਹੇ ਹਨ, ਅਸੀਂ ਕੋਈ ਪੇਸ਼ਕਸ਼ ਨਹੀਂ ਕੀਤੀ ਅਤੇ ਨਾਂ ਅਸੀਂ ਕਿਸੇ ਕੋਲ ਗਏ ਹਾਂ | ਬਲਕਿ ਹਾਲ ਦੀ ਘੜੀ ‘ਚ ਅਸੀਂ ਇਕ ਪ੍ਰੋਗਰਾਮ ਬਣਾਇਆ ਹੈ ਕਿ ਪਹਿਲਾਂ ਜਾ ਕੇ ਮੁਆਫ਼ੀ ਮੰਗਣੀ ਹੈ, ਜੋ ਸਾਡੇ ਤੋਂ ਗਲਤੀਆਂ ਹੋਈਆਂ ਹਨ | ਉਸਤੋਂ ਬਾਅਦ ਕੋਈ ਫੈਸਲਾ ਲਵਾਂਗੇ ਕਿ ਸ਼੍ਰੋਮਣੀ ਅਕਾਲੀ ਦਲ ਬੁਲੰਦੀਆਂ ‘ਤੇ ਜਾਵੇ | ਇਸਦੇ ਨਾਲ ਹੀ ਅਸੀਂ ਫੈਸਲਾ ਕੀਤਾ ਹੈ ਕਿ ਧਾਰਮਿਕ ਸਖਸ਼ੀਅਤਾਂ ਅਤੇ ਹੋਰ ਸਖਸ਼ੀਅਤਾਂ ਕੋਲ ਜਾਇਆ ਜਾਵੇ, ਜੋ ਧਾਰਮਿਕ ਖੇਤਰ ‘ਚ ਇੱਕ ਛਾਪ ਰੱਖਦੀ ਹੋਵੇ | ਨਾਲ-ਨਾਲ ਰਾਜਨੀਤੀ ‘ਚ ਵੀ ਉਨ੍ਹਾਂ ਦਾ ਕੰਟੈਂਟ ਹੋਵੇ ਅਤੇ ਉਸਦੀ ਗੱਲ ‘ਚ ਦਮ ਹੋਵੇ, ਜਿਸ ਨੂੰ ਪਾਰਟੀ ਪ੍ਰਧਾਨ ਬਣਾਇਆ ਜਾ ਸਕੇ |

Scroll to Top