PARTAP SINGH BAJWA

ਰੰਧਾਵਾ ਵੱਲੋਂ ਕੈਪਟਨ ਨੂੰ ਅਪਰੈਲ 2021 ‘ਚ ਅੰਸਾਰੀ ਦੇ ਮੁੱਦੇ ‘ਤੇ ਲਿਖੀ ਚਿੱਠੀ ਕੀਤੀ ਪੇਸ਼: CM ਮਾਨ

ਚੰਡੀਗੜ੍ਹ, 04 ਜੁਲਾਈ 2023: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਖ਼ਤਰਨਾਕ ਗੈਂਗਸਟਰ ਮੁਖ਼ਤਾਰ ਅੰਸਾਰੀ ਬਾਰੇ ਕੁੱਝ ਪਤਾ ਨਾ ਹੋਣ ਦੇ ਝੂਠ ਦਾ ਪਰਦਾਫਾਸ਼ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਰੰਧਾਵਾ ਵੱਲੋਂ ਕੈਪਟਨ ਨੂੰ ਲਿਖੀ ਚਿੱਠੀ ਜਾਰੀ ਕੀਤੀ।

ਮੁੱਖ ਮੰਤਰੀ ਨੇ ਕਿਹਾ ਕਿ ਰੰਧਾਵਾ ਵੱਲੋਂ ਪਹਿਲੀ ਅਪਰੈਲ 2021 ਨੂੰ ਕੈਪਟਨ ਨੂੰ ਲਿਖੇ ਪੱਤਰ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਦੋਵੇਂ ਆਗੂ ਇਸ ਸਾਰੀ ਘਟਨਾ ਤੋਂ ਚੰਗੀ ਤਰ੍ਹਾਂ ਜਾਣੂੰ ਸਨ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇਹ ਦੋਵੇਂ ਆਗੂ ਹੁਣ ਇਸ ਮੁੱਦੇ ਨੂੰ ਲੈ ਕੇ ਅਣਜਾਣਤਾ ਪ੍ਰਗਟਾ ਕੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਅਸਲ ਵਿੱਚ ਇਹ ਦੋਵੇਂ ਆਗੂ ਇਸ ਖ਼ੌਫ਼ਨਾਕ ਗੈਂਗਸਟਰ ਨੂੰ ਬਚਾਉਣ ਲਈ ਇਕ ਦੂਜੇ ਨਾਲ ਘਿਉ-ਖਿਚੜੀ ਰਹੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ‘ਹੰਢੇ-ਵਰਤੇ ਸਿਆਸਤਦਾਨਾਂ’ ਨੇ ਖ਼ੌਫ਼ਨਾਕ ਗੈਂਗਸਟਰ ਨੂੰ ਬਚਾਉਣ ਅਤੇ ਜੇਲ੍ਹ ਵਿੱਚ ਉਸ ਦੀ ਆਰਾਮਦਾਇਕ ਠਹਿਰ ਯਕੀਨੀ ਬਣਾਉਣ ਲਈ ਆਪਣੇ ਪੱਧਰ ’ਤੇ ਪੂਰੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇਹ ਆਗੂ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਜੇਲ੍ਹ ਵਿੱਚ ਕੌਣ ਆਇਆ ਜਾਂ ਨਹੀਂ ਪਰ ਅਸਲੀਅਤ ਇਹ ਹੈ ਕਿ ਅੰਸਾਰੀ ਨੂੰ ਬਚਾਉਣ ਦੀ ਸਾਰੀ ਸਾਜ਼ਿਸ਼ ਉਨ੍ਹਾਂ ਨੇ ਖ਼ੁਦ ਰਚੀ। ਭਗਵੰਤ ਮਾਨ ਨੇ ਕਿਹਾ ਕਿ ਇਹ ਆਗੂ ਝੂਠ ਬੋਲ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਪਰ ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਦਾ ਹਰ ਪਾਪ ਨੰਗਾ ਹੋ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਲੋਕਾਂ ਵੱਲੋਂ ਬਣਾਈ ਗਈ ਇਮਾਨਦਾਰ ਸਰਕਾਰ ਇਨ੍ਹਾਂ ਸਿਆਸਤਦਾਨਾਂ ਦੇ ਨਾਪਾਕ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਸੂਬੇ ਅਤੇ ਇਸ ਦੇ ਲੋਕਾਂ ਵਿਰੁੱਧ ਕੀਤੇ ਹਰ ਗੁਨਾਹ ਲਈ ਉਨ੍ਹਾਂ ਨੂੰ ਜਵਾਬਦੇਹ ਬਣਾਇਆ ਜਾਵੇਗਾ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਇਹ ਤਾਂ ਇਕ ਵੱਡੀ ਸਾਜ਼ਿਸ਼ ਦਾ ਮਹਿਜ਼ ਛੋਟਾ ਜਿਹਾ ਹਿੱਸਾ ਸੀ ਅਤੇ ਉਹ ਸਬੂਤਾਂ ਰਾਹੀਂ ਇਨ੍ਹਾਂ ਆਗੂਆਂ ਦਾ ਅਸਲੀ ਚਿਹਰਾ ਲੋਕਾਂ ਸਾਹਮਣੇ ਲਿਆਉਣਗੇ।

Scroll to Top