ਸਪੋਰਟਸ, 08 ਅਕਤੂਬਰ 2025: 15 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਰਣਜੀ ਟਰਾਫੀ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ, ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ‘ਚ ਮੁੰਬਈ ਅਤੇ ਮਹਾਰਾਸ਼ਟਰ ਵਿਛਾਏ ਤਿੰਨ ਦਿਨਾਂ ਅਭਿਆਸ ਮੈਚ ਖੇਡਿਆ ਜਾ ਰਿਹਾ ਹੈ।
ਪ੍ਰਿਥਵੀ ਸ਼ਾਅ (Prithvi Shaw) ਮੁੰਬਈ ਨੂੰ ਛੱਡ ਕੇ ਮਹਾਰਾਸ਼ਟਰ ਲਈ ਖੇਡ ਰਹੇ ਹਨ, ਉਨ੍ਹਾਂ ਦੀ ਇਸ ਮੈਚ ਦੌਰਾਨ ਆਪਣੀ ਸਾਬਕਾ ਟੀਮ, ਮੁੰਬਈ ਦੇ ਖਿਡਾਰੀਆਂ ਨਾਲ ਬਹਿਸ ਹੋਈ। ਇਹ ਘਟਨਾ ਸ਼ਾਅ ਦੇ ਮੁੰਬਈ ਵਿਰੁੱਧ ਸ਼ਾਨਦਾਰ ਸੈਂਕੜਾ (181 ਦੌੜਾਂ) ਬਣਾਉਣ ਅਤੇ ਬਾਅਦ ‘ਚ ਮੁੰਬਈ ਦੇ ਸਪਿਨਰ ਮੁਸ਼ੀਰ ਖਾਨ ਨਾਲ ਬਹਿਸ ਹੋਣ ਤੋਂ ਬਾਅਦ ਵਾਪਰੀ।
ਮਹਾਰਾਸ਼ਟਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਸ਼ਾਅ ਨੇ ਓਪਨਰ ਵਜੋਂ 220 ਗੇਂਦਾਂ ‘ਤੇ 181 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਿਸ ‘ਚ 21 ਚੌਕੇ ਅਤੇ ਤਿੰਨ ਛੱਕੇ ਸ਼ਾਮਲ ਸਨ। ਉਨ੍ਹਾਂ ਦੇ ਸਾਥੀ ਓਪਨਰ ਅਰਸ਼ਿਨ ਕੁਲਕਰਨੀ ਨੇ ਵੀ 140 ਗੇਂਦਾਂ ‘ਤੇ 186 ਦੌੜਾਂ ਬਣਾਈਆਂ, ਜਿਸ ‘ਚ 33 ਚੌਕੇ ਅਤੇ ਚਾਰ ਛੱਕੇ ਸ਼ਾਮਲ ਸਨ। ਇਕੱਠੇ, ਉਨ੍ਹਾਂ ਨੇ ਪਹਿਲੀ ਵਿਕਟ ਲਈ 305 ਦੌੜਾਂ ਦੀ ਸਾਂਝੇਦਾਰੀ ਕੀਤੀ।
ਹਾਲਾਂਕਿ, 74ਵੇਂ ਓਵਰ ਵਿੱਚ ਮੁਸ਼ੀਰ ਖਾਨ ਦੀ ਗੇਂਦ ‘ਤੇ ਸਕੁਏਅਰ ਲੈੱਗ ਬਾਊਂਡਰੀ ‘ਤੇ ਸ਼ਾਅ ਦੇ ਕੈਚ ਲੈਣ ‘ਤੇ ਵਿਵਾਦ ਖੜ੍ਹਾ ਹੋ ਗਿਆ। ਉਸ ਸਮੇਂ ਮਹਾਰਾਸ਼ਟਰ ਦਾ ਸਕੋਰ ਤਿੰਨ ਵਿਕਟਾਂ ‘ਤੇ 430 ਦੌੜਾਂ ਸੀ।
ਮੀਡੀਆ ਰਿਪੋਰਟਾਂ ਦੇ ਅਨੁਸਾਰ, ਸ਼ਾਅ ਦੇ ਆਊਟ ਹੋਣ ਤੋਂ ਬਾਅਦ, ਮੁਸ਼ੀਰ ਨੇ ਕਥਿਤ ਤੌਰ ‘ਤੇ “ਧੰਨਵਾਦ” ਕਹਿ ਕੇ ਉਸਦਾ ਮਜ਼ਾਕ ਉਡਾਇਆ। ਇਸ ਤੋਂ ਗੁੱਸੇ ‘ਚ ਸ਼ਾਅ ਨੇ ਮੁਸ਼ੀਰ ਨੂੰ ਆਪਣੇ ਬੱਲੇ ਨਾਲ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਮੁਸ਼ੀਰ ਪਹਿਲਾਂ ਹੀ ਅੱਗੇ ਵਧ ਚੁੱਕਾ ਸੀ। ਸ਼ਾਅ ਨੇ ਫਿਰ ਮੁਸ਼ੀਰ ਦਾ ਕਾਲਰ ਫੜਨ ਦੀ ਕੋਸ਼ਿਸ਼ ਕੀਤੀ। ਅੰਪਾਇਰ ਅਤੇ ਹੋਰ ਖਿਡਾਰੀਆਂ ਨੇ ਸ਼ਾਅ ਨੂੰ ਰੋਕਿਆ।
ਪ੍ਰਿਥਵੀ ਸ਼ਾਅ ਫਿਰ ਡ੍ਰੈਸਿੰਗ ਰੂਮ ਵਾਪਸ ਆਉਂਦੇ ਸਮੇਂ ਸਿੱਧੇਸ਼ ਲਾਡ ਨਾਲ ਬਹਿਸ ਕਰਨ ਲੱਗ ਪਿਆ। ਅੰਪਾਇਰ ਨੂੰ ਦਖਲ ਦੇਣਾ ਪਿਆ। ਮਹਾਰਾਸ਼ਟਰ ਦੇ ਕਪਤਾਨ ਅੰਕਿਤ ਭਾਵਨੇ ਨੇ ਇਸ ਘਟਨਾ ਨੂੰ ਘੱਟ ਸਮਝਦੇ ਹੋਏ ਕਿਹਾ, “ਇਹ ਇੱਕ ਅਭਿਆਸ ਮੈਚ ਹੈ। ਸਾਰੇ ਖਿਡਾਰੀ ਪਹਿਲਾਂ ਇਕੱਠੇ ਖੇਡ ਚੁੱਕੇ ਹਨ। ਅਜਿਹੀਆਂ ਚੀਜ਼ਾਂ ਹੁੰਦੀਆਂ ਹਨ। ਹੁਣ ਸਭ ਕੁਝ ਠੀਕ ਹੈ ਅਤੇ ਕੋਈ ਵਿਵਾਦ ਨਹੀਂ ਹੈ।”
Read More: IND ਬਨਾਮ AUS: ਭਾਰਤ ਖ਼ਿਲਾਫ ਟੀ20 ਸੀਰੀਜ਼ ਲਈ ਆਸਟ੍ਰੇਲੀਆ ਦੀ ਮਿਸ਼ੇਲ ਮਾਰਸ਼ ਕਰਨਗੇ ਕਪਤਾਨੀ