Laljit Singh Bhullar

ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ 15 JBT ਅਧਿਆਪਕਾਂ ਨੂੰ ਸੌਂਪੇ ਨਿਯੁਕਤੀ ਪੱਤਰ

ਚੰਡੀਗੜ੍ਹ, 2 ਜਨਵਰੀ 2025: ਪੰਜਾਬ ਦੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ (Laljit Singh Bhullar) ਨੇ ਅੱਜ ਜੇਲ੍ਹ ਵਿਭਾਗ ‘ਚ ਜੇ.ਬੀ.ਟੀ. ਅਧਿਆਪਕਾਂ ਦੀਆਂ ਅਸਾਮੀਆਂ ਲਈ ਪਹਿਲੀ ਵਾਰ ਰੈਗੂਲਰ ਭਰਤੀ ਕਰਦਿਆਂ 15 ਜੇ.ਬੀ.ਟੀ. ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੰਡੇ ਹਨ। ਪੰਜਾਬ ਭਵਨ ਵਿਖੇ ਨਿਯੁਕਤੀ ਪੱਤਰ ਵੰਡ ਸਮਾਗਮ ਦੌਰਾਨ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਇਹ ਅਧਿਆਪਕ ਕੈਦੀਆਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਸਿੱਖਿਅਤ ਕਰਨ ਅਤੇ ਕੈਦੀਆਂ ਨੂੰ ਸਮਾਜ ਦੀ ਮੁੱਖ ਧਾਰਾ ‘ਚ ਸ਼ਾਮਲ ਕਰਨ ‘ਚ ਅਹਿਮ ਭੂਮਿਕਾ ਨਿਭਾਉਣਗੇ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਅਸਾਮੀਆਂ ’ਤੇ ਪਹਿਲਾਂ ਆਰਜ਼ੀ ਨਿਯੁਕਤੀਆਂ ਕੀਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 3 ਦਹਾਕਿਆਂ ਬਾਅਦ ਇਨ੍ਹਾਂ ਅਸਾਮੀਆਂ ‘ਤੇ ਰੈਗੂਲਰ ਭਰਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਨਵ-ਨਿਯੁਕਤ ਅਧਿਆਪਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਤਾਇਨਾਤ ਕੀਤਾ ਹੈ ਤਾਂ ਜੋ ਉਹ ਆਪਣੀ ਡਿਊਟੀ ਆਸਾਨੀ ਨਾਲ ਨਿਭਾ ਸਕਣ।

ਵਿਭਾਗ ‘ਚ ਚੱਲ ਰਹੀਆਂ ਭਰਤੀ ਬਾਰੇ ਜੇਲ੍ਹ ਮੰਤਰੀ ਨੇ ਦੱਸਿਆ ਕਿ ਹਾਲ ਹੀ ‘ਚ ਮੁਕੰਮਲ ਹੋਈ ਭਰਤੀ ਪ੍ਰਕਿਰਿਆ ਤਹਿਤ 738 ਵਾਰਡਨਾਂ ਅਤੇ 25 ਮੈਟਰਨਾਂ ਨੇ ਆਪਣੀਆਂ ਡਿਊਟੀਆਂ ਸੰਭਾਲ ਲਈਆਂ ਹਨ। ਇਸ ਤੋਂ ਇਲਾਵਾ 175 ਵਾਰਡਨ ਅਤੇ 4 ਮੈਟਰਨ ਸਮੇਤ ਗਾਰਡ ਸਟਾਫ ਦੀਆਂ 179 ਅਸਾਮੀਆਂ ਲਈ ਭਰਤੀ ਪ੍ਰਕਿਰਿਆ ਜਾਰੀ ਹੈ। ਲਾਲਜੀਤ ਸਿੰਘ ਨੇ ਐਲਾਨ ਕੀਤਾ ਕਿ ਜੇਲ੍ਹ ਵਿਭਾਗ ‘ਚ ਵੱਖ-ਵੱਖ ਕਾਡਰਾਂ ਦੀਆਂ 1220 ਅਸਾਮੀਆਂ ਮੁੜ ਸਿਰਜੀਆਂ ਜਾ ਰਹੀਆਂ ਹਨ, ਜਿਨ੍ਹਾਂ ਦੀ ਭਰਤੀ ਪ੍ਰਕਿਰਿਆ ਛੇਤੀ ਸ਼ੁਰੂ ਕਰ ਦਿੱਤੀ ਜਾਵੇਗੀ।

ਜੇਲ੍ਹਾਂ ‘ਚ ਚੱਲ ਰਹੇ ਵਿੱਦਿਅਕ ਉਪਰਾਲਿਆਂ ਬਾਰੇ ਉਨ੍ਹਾਂ ਦੱਸਿਆ ਕਿ ਵਿਭਾਗ ਦੇ ‘ਸਿੱਖਿਆ ਦਾਤ ਪ੍ਰੋਜੈਕਟ’ ਤਹਿਤ ਇਸ ਵੇਲੇ 2200 ਦੇ ਕਰੀਬ ਕੈਦੀ ਵੱਖ-ਵੱਖ ਵਿੱਦਿਅਕ ਕੋਰਸ ਕਰ ਰਹੇ ਹਨ। ਇਸਦੇ ਨਾਲ ਹੀ ਸੂਬਾ ਸਰਕਾਰ ਦੀ ਪਹਿਲਕਦਮੀਆਂ ਤਹਿਤ ਪੰਜਾਬ ਹੁਨਰ ਵਿਕਾਸ ਮਿਸ਼ਨ ਅਧੀਨ ਜਨਵਰੀ 2025 ਤੋਂ 513 ਕੈਦੀਆਂ ਨੂੰ ਇਲੈਕਟ੍ਰੀਸ਼ੀਅਨ, ਪਲੰਬਰ ਅਤੇ ਟੇਲਰਿੰਗ ਸਮੇਤ ਵੱਖ-ਵੱਖ ਕੋਰਸਾਂ ‘ਚ ਹੁਨਰ ਸਿਖਲਾਈ ਦੇਣ ਜਾ ਰਹੀ ਹੈ |

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਲਾਲਜੀਤ ਭੁੱਲਰ ਨੇ ਕਿਹਾ ਕਿ ਸਿਰਫ 33 ਮਹੀਨਿਆਂ ‘ਚ 50,000 ਦੇ ਕਰੀਬ ਨੌਜਵਾਨਾਂ ਨੂੰ ਰੈਗੂਲਰ ਸਰਕਾਰੀ ਨੌਕਰੀਆਂ ਦਿੱਤੀਆਂ ਹਨ।

ਉਨ੍ਹਾਂ (Laljit Singh Bhullar) ਕਿਹਾ ਕਿ ਇਹ ਉਪਰਾਲਾ ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਝੁਕਾਅ ਨੂੰ ਘਟਾਉਣ ਅਤੇ ਰੁਜ਼ਗਾਰ ਪ੍ਰਾਪਤ ਕਰਨ ਲਈ ਕਤਾਰਾਂ ‘ਚ ਖੜ੍ਹਨ ਦੀ ਬਜਾਏ ਰੁਜ਼ਗਾਰਦਾਤਾ ਬਣਾਉਣ ਦੇ ਸੰਕਲਪ ਨੂੰ ਪੂਰਾ ਕਰਨ ‘ਚ ਅਹਿਮ ਭੂਮਿਕਾ ਅਦਾ ਕਰ ਰਿਹਾ ਹੈ। ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਨਿੱਜੀ ਖੇਤਰ ‘ਚ 2,65,430 ਉਮੀਦਵਾਰਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਹੈ।

Read More: CM ਭਗਵੰਤ ਮਾਨ ਦਾ ਕਿਸਾਨੀ ਅੰਦੋਲਨ ‘ਤੇ ਵੱਡਾ ਬਿਆਨ, ਕਿਸਾਨਾਂ ਨੂੰ ਕੀਤੀ ਇਹ ਅਪੀਲ

Scroll to Top