Rahul Bhandari

ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਨੇ ਜ਼ਿਲ੍ਹਾ ਮਲੇਰਕੋਟਲਾ ‘ਚ ਝੋਨੇ ਦੀ ਖਰੀਦ ਪ੍ਰਕਿਰਿਆ ਦਾ ਲਿਆ ਜਾਇਜ਼ਾ

ਮਲੇਰਕੋਟਲਾ 01 ਨਵੰਬਰ 2022: ਸੂਬੇ ਵਿੱਚ ਚੱਲ ਰਹੀ ਝੋਨੇ ਦੇ ਖਰੀਦ ਪ੍ਰਕਿਰਿਆ ਅਤੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਰਾਹੁਲ ਭੰਡਾਰੀ (Rahul Bhandari), ਪ੍ਰਮੁੱਖ ਸਕੱਤਰ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਮਲੇਰਕੋਟਲਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਹਨਾਂ ਵੱਲੋਂ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ ਜਿਸ ਵਿੱਚ ਡਿਪਟੀ ਕਮਿਸ਼ਨਰ ਸੰਯਮ ਅਗਰਵਾਲ, ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਵਨੀਤ ਕੌਰ ਸਿੱਧੂ, ਸੁਖਪ੍ਰੀਤ ਸਿੰਘ ਸਿੱਧੂ ਅਤੇ ਮਿਸ ਰਾਜਦੀਪ ਕੌਰ (ਦੋਵੇਂ ਵਧੀਕ ਡਿਪਟੀ ਕਮਿਸ਼ਨਰ) ਅਤੇ ਹੋਰ ਅਧਿਕਾਰੀ ਹਾਜ਼ਰ ਸਨ।

ਮੀਟਿੰਗ ਦੌਰਾਨ ਭੰਡਾਰੀ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਉੱਚ ਪੱਧਰ ਦੀਆਂ ਸਿਹਤ ਸਹੂਲਤਾਂ ਉਹਨਾਂ ਦੇ ਇਲਾਕਿਆਂ ਵਿੱਚ ਹੀ ਮੁੱਹਈਆ ਕਰਾਉਣ ਲਈ ਸ਼ੁਰੂ ਕੀਤੇ ਗਏ ਆਮ ਆਦਮੀ ਕਲੀਨਿਕਾਂ ਨੂੰ ਸ਼ਹਿਰ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਰੋਜ਼ਾਨਾ ਪ੍ਰਤੀ ਕਲੀਨਿਕ 100 ਤੋਂ ਵਧੇਰੇ ਦੀ ਓ ਪੀ ਡੀ ਦਰਜ ਕੀਤੀ ਜਾ ਰਹੀ ਹੈ। ਇਸ ਉੱਤੇ ਤਸੱਲੀ ਪ੍ਰਗਟ ਕਰਦਿਆਂ ਸ਼੍ਰੀ ਭੰਡਾਰੀ ਨੇ ਕਿਹਾ ਕਿ ਉਹ ਕੋਸ਼ਿਸ਼ ਕਰਨਗੇ ਕਿ ਜਲਦ ਹੀ ਸ਼ਹਿਰ ਵਿੱਚ ਲੋੜ ਮੁਤਾਬਿਕ 04 ਹੋਰ ਆਮ ਆਦਮੀ ਕਲੀਨਿਕ ਖੁਲ੍ਹਵਾਏ ਜਾਣ।

ਉਹਨਾਂ ਕਿਹਾ ਕਿ ਜ਼ਿਲ੍ਹਾ ਮਾਲੇਰਕੋਟਲਾ ਦੇ ਲੋਕਾਂ ਨੂੰ ਸਰਕਾਰੀ ਸੇਵਾਵਾਂ ਉਹਨਾਂ ਦੇ ਦਰਾਂ ਉੱਤੇ ਹੀ ਮੁਹਈਆ ਕਰਾਉਣ ਲਈ ਜ਼ਿਲ੍ਹੇ ਵਿੱਚ ਕੁੱਲ 09 ਸੇਵਾ ਕੇਂਦਰ ਚੱਲ ਰਹੇ ਹਨ। ਇਹਨਾਂ ਦੀ ਗਿਣਤੀ ਵਿੱਚ ਵੀ ਵਾਧਾ ਕੀਤਾ ਜਾਵੇਗਾ। ਉਹਨਾਂ ਡਿਪਟੀ ਕਮਿਸ਼ਨਰ ਨੂੰ ਤਿੰਨ ਹੋਰ ਸੇਵਾ ਕੇਂਦਰ ਖੋਲ੍ਹਣ ਬਾਰੇ ਪ੍ਰਸਤਾਵ ਭੇਜਣ ਲਈ ਕਿਹਾ।

ਝੋਨੇ ਦੇ ਖਰੀਦ ਕਾਰਜਾਂ ਦੀ ਸਮੀਖਿਆ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਿਤੀ 31 ਅਕਤੂਬਰ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕੁੱਲ ਆਮਦ 2 ਲੱਖ 17 ਹਜ਼ਾਰ 218 ਮੀਟ੍ਰਿਕ ਟਨ ਹੋਈ ਹੈ, ਜਿਸ ਵਿਚੋਂ 2 ਲੱਖ 12 ਹਜ਼ਾਰ 825 ਮੀਟ੍ਰਿਕ ਟਨ ਦੀ ਖਰੀਦ ਹੋ ਗਈ ਹੈ ਅਤੇ 01 ਲੱਖ 56 ਹਜ਼ਾਰ 290 ਮੀਟ੍ਰਿਕ ਟਨ ਦੀ ਲਿਫਟਿੰਗ ਵੀ ਹੋ ਚੁੱਕੀ ਹੈ। ਜਿਸ ਉੱਤੇ ਪ੍ਰਮੁੱਖ ਸਕੱਤਰ ਭੰਡਾਰੀ ਨੇ ਲਿਫਟਿੰਗ ਵਧਾਉਣ ਦੀ ਹਦਾਇਤ ਕੀਤੀ। ਉਹਨਾਂ ਮੌਕੇ ਉੱਤੇ ਭਾਰਤੀ ਖੁਰਾਕ ਨਿਗਮ ਅਧਿਕਾਰੀਆਂ ਨੂੰ ਕਿਹਾ ਕਿ ਅਗਲੇ ਕੁਝ ਦਿਨ ਮਾਲੇਰਕੋਟਲਾ ਤੋਂ ਕੋਈ ਵੀ ਸਪੈਸ਼ਲ ਨਾ ਲਗਾਈ ਜਾਵੇ। ਉਹਨਾਂ ਜ਼ਿਲ੍ਹਾ ਮੰਡੀ ਅਫ਼ਸਰ ਅਤੇ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਨੂੰ ਰੋਜ਼ਾਨਾ ਮੰਡੀਆਂ ਵਿੱਚ ਜਾਇਜ਼ਾ ਲੈਣ ਦੀ ਹਦਾਇਤ ਕੀਤੀ।

ਪ੍ਰਮੁੱਖ ਸਕੱਤਰ ਨੇ ਅਧਿਕਾਰੀਆਂ ਨੂੰ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਲਈ ਪੂਰੀ ਮੁਸਤੈਦੀ ਵਰਤਣ ਦੇ ਨਾਲ-ਨਾਲ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਵੀ ਨਿਰਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਇਸ ਸਬੰਧੀ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਪਰਾਲੀ ਦੀ ਸੁਚੱਜੀ ਸੰਭਾਲ ਲਈ ਕਿਰਾਏ ’ਤੇ ਮਸ਼ੀਨਾਂ ਉਪਲਬਧ ਕਰਾਉਣ ਲਈ ਹਰ ਤਰ੍ਹਾਂ ਨਾਲ ਸਹੂਲਤ ਦਿੱਤੀ ਜਾ ਰਹੀ ਹੈ।

ਆਈ ਖੇਤ ਐਪ ’ਤੇ ਜ਼ਿਲ੍ਹੇ ਦੇ ਕਸਟਮਰ ਹਾਈਰਿੰਗ ਸੈਂਟਰਾਂ ਪਾਸ ਉਪਲਬਧ ਮਸ਼ੀਨਰੀ ਸਬੰਧੀ ਜਾਣਕਾਰੀ ਸਾਂਝੀ ਕਰਨ ਦੇ ਨਾਲ-ਨਾਲ ਵੱਡੇ ਪੱਧਰ ’ਤੇ ਜਾਗਰੂਕਤਾ ਗਤੀਵਿਧੀਆਂ ਵੀ ਕਰਵਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਅੱਗ ਲੱਗਣ ਦੀਆਂ ਘਟਨਾਵਾਂ ’ਤੇ ਨਜ਼ਰ ਰੱਖਣ ਲਈ ਜ਼ਿਲ੍ਹੇ ਵਿੱਚ ਨੋਡਲ ਅਤੇ ਕਲਸਟਰ ਅਫ਼ਸਰ ਵੀ ਤਾਇਨਾਤ ਕੀਤੇ ਗਏ ਹਨ।

ਵਿਕਾਸ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਸ਼੍ਰੀ ਭੰਡਾਰੀ ਨੇ ਵਿਕਾਸ ਏਜੰਸੀਆਂ ਨੂੰ ਕਿਹਾ ਕਿ 15ਵੇ ਵਿੱਤ ਕਮਿਸ਼ਨ ਅਤੇ ਪੰਜਾਬ ਨਿਰਮਾਣ ਦੇ ਫੰਡ 15 ਦਸੰਬਰ ਤੋਂ ਪਹਿਲਾਂ ਖਰਚਣੇ ਯਕੀਨੀ ਬਣਾਏ ਜਾਣ। ਸ਼ਹਿਰ ਵਿੱਚ ਪਾਏ ਜਾ ਰਹੇ ਸੀਵਰੇਜ ਅਤੇ ਇੰਟਰਲਾਕ ਟਾਇਲਾਂ ਦੇ ਕੰਮ ਵੀ ਪਹਿਲ ਦੇ ਅਧਾਰ ਉੱਤੇ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ। ਇਸੇ ਤਰ੍ਹਾਂ ਨੀਲੇ ਰਾਸ਼ਨ ਕਾਰਡਾਂ ਦੀ ਪੜਤਾਲ ਦਾ ਕੰਮ ਵੀ ਅਗਲੇ 20 ਦਿਨਾਂ ਵਿੱਚ ਮੁਕੰਮਲ ਕਰਨ ਬਾਰੇ ਹਦਾਇਤ ਕੀਤੀ ਗਈ।

ਉਹਨਾਂ ਨੇ ਕਿਹਾ ਕਿ ਵਿਕਾਸ ਕਾਰਜਾਂ ਨੂੰ ਸਮਾਂਬੱਧ ਅਤੇ ਨਤੀਜਾ ਮੁਖੀ ਢੰਗ ਨਾਲ ਪੂਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਕਾਸ ਪ੍ਰਾਜੈਕਟਾਂ ਸਬੰਧੀ ਕੋਈ ਦਿੱਕਤ ਪੇਸ਼ ਆਉਂਦੀ ਹੈ ਤਾਂ ਤੁਰੰਤ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ ਤਾਂ ਜੋ ਇਸ ਨੂੰ ਵਿਭਾਗ ਜਾਂ ਸਰਕਾਰ ਦੇ ਪੱਧਰ ’ਤੇ ਉਠਾ ਕੇ ਫੌਰੀ ਹੱਲ ਕਰਵਾਇਆ ਜਾ ਸਕੇ।

ਇਸ ਦੌਰਾਨ ਉਨ੍ਹਾਂ ਵੱਲੋਂ ਵਿਕਾਸ ਕਾਰਜਾਂ ਦੀ ਪ੍ਰਾਜੈਕਟ ਵਾਈਜ਼ ਬਾਰੀਕੀ ਨਾਲ ਸਮੀਖਿਆ ਕੀਤੀ ਗਈ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ। ਇਸ ਉਪਰੰਤ ਉਹਨਾਂ ਵੱਲੋਂ ਸ਼ਹਿਰ ਵਿੱਚ ਚੱਲ ਰਹੇ ਸੇਵਾ ਕੇਂਦਰ, ਆਮ ਆਦਮੀ ਕਲੀਨਿਕ ਅਤੇ ਮੁੱਖ ਦਾਣਾ ਮੰਡੀ ਦਾ ਵੀ ਦੌਰਾ ਕੀਤਾ ਗਿਆ।

Scroll to Top