ਹਰਿਆਣਾ, 16 ਜੁਲਾਈ 2025: ਹਿਸਾਰ ਦੇ ਨਾਰਨੌਦ ‘ਚ 10 ਜੁਲਾਈ ਨੂੰ ਇੱਕ ਪ੍ਰਾਈਵੇਟ ਸਕੂਲ ਪ੍ਰਿੰਸੀਪਲ ਜਗਬੀਰ ਪਾਨੂ ਦਾ 4 ਵਿਦਿਆਰਥੀਆਂ ਨੇ ਸਕੂਲ ਕੰਪਲੇਕਸ ‘ਚ ਕਤਲ ਕਰ ਦਿੱਤਾ ਸੀ| ਜਿਸਦੇ ਰੋਸ ਵਜੋਂ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਵੱਲੋਂ ਹਿਸਾਰ ਦੇ ਸਾਰੇ ਪ੍ਰਾਈਵੇਟ ਸਕੂਲ ਬੰਦ ਕਰਨ ਦਾ ਸੱਦਾ ਦਿੱਤਾ ਗਿਆ |
ਪ੍ਰਿੰਸੀਪਲ ਵਿਦਿਆਰਥੀਆਂ ਨੂੰ ਸਹੀ ਢੰਗ ਨਾਲ ਪੜ੍ਹਨ ਅਤੇ ਉਨ੍ਹਾਂ ਦੇ ਵਾਲਾਂ ਬਾਰੇ ਝਿੜਕਦੇ ਸਨ। ਪੁਲਿਸ ਨੇ ਚਾਰਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਬਾਅਦ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਨੇ ਸਰਕਾਰ ਤੋਂ ਕਈ ਮੰਗਾਂ ਕੀਤੀਆਂ।
ਪ੍ਰਾਈਵੇਟ ਸਕੂਲ ਐਸੋਸੀਏਸ਼ਨ ਵੱਲੋਂ ਹਿਸਾਰ ਦੇ ਸਾਰੇ ਪ੍ਰਾਈਵੇਟ ਸਕੂਲ ਬੰਦ ਕਰਨ ਦੇ ਸੱਦੇ ਦਾ ਮਿਲਿਆ-ਜੁਲਿਆ ਪ੍ਰਭਾਵ ਦੇਖਣ ਮਿਲਿਆ ਹੈ | ਐਸੋਸੀਏਸ਼ਨ ਨੇ ਸੀਬੀਐਸਈ ਅਤੇ ਹਰਿਆਣਾ ਸਕੂਲ ਸਿੱਖਿਆ ਬੋਰਡ ਦੇ ਸਾਰੇ ਪ੍ਰਾਈਵੇਟ ਸਕੂਲ ਬੰਦ ਕਰਨ ਦਾ ਸੱਦਾ ਦਿੱਤਾ ਸੀ। ਜਿਸ ‘ਚ ਸਕੂਲ ਸੁਰੱਖਿਆ ਐਕਟ ਬਣਾਉਣ ਦੀ ਮੰਗ ਕੀਤੀ ਗਈ ਸੀ।
ਇਸ ਤੋਂ ਬਾਅਦ 13 ਜ਼ਿਲ੍ਹਿਆਂ, ਹਿਸਾਰ, ਪਾਣੀਪਤ, ਝੱਜਰ, ਜੀਂਦ, ਫਤਿਹਾਬਾਦ, ਰੇਵਾੜੀ, ਕਰਨਾਲ, ਯਮੁਨਾਨਗਰ, ਕੁਰੂਕਸ਼ੇਤਰ, ਕੈਥਲ, ਚਰਖੀ ਦਾਦਰੀ, ਮਹਿੰਦਰਗੜ੍ਹ ਅਤੇ ਸਿਰਸਾ ‘ਚ ਸਕੂਲ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਗਏ ਹਨ।
ਇਸਦੇ ਨਾਲ ਹੀ 5 ਜ਼ਿਲ੍ਹਿਆਂ, ਭਿਵਾਨੀ, ਰੋਹਤਕ, ਪਲਵਲ, ਸੋਨੀਪਤ ਅਤੇ ਪੰਚਕੂਲਾ ‘ਚ ਸਕੂਲ ਖੁੱਲ੍ਹੇ ਹਨ। ਬੱਚੇ ਵੀ ਇੱਥੇ ਪੜ੍ਹ ਰਹੇ ਹਨ। ਗੁਰੂਗ੍ਰਾਮ ‘ਚ ਵੱਡੇ ਸਕੂਲ ਖੁੱਲ੍ਹੇ ਹਨ, ਜਦੋਂ ਕਿ ਫਰੀਦਾਬਾਦ, ਨੂਹ ਅਤੇ ਅੰਬਾਲਾ ‘ਚ ਕੁਝ ਸਕੂਲ ਬੰਦ ਹਨ ਜਦੋਂ ਕਿ ਕੁਝ ਖੁੱਲ੍ਹੇ ਹਨ। ਕੁਝ ਸਕੂਲ ਮਾਲਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਮੰਗਲਵਾਰ ਦੇਰ ਰਾਤ ਸਕੂਲ ਬੰਦ ਕਰਨ ਦੇ ਫੈਸਲੇ ਬਾਰੇ ਪਤਾ ਲੱਗਾ ਸੀ |
ਸਕੂਲ ਬੰਦ ਕਰਨ ਦੇ ਫੈਸਲੇ ਬਾਰੇ ਹਰਿਆਣਾ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸੱਤਿਆਵਾਨ ਕੁੰਡੂ ਨੇ ਕਿਹਾ ਕਿ ਸਕੂਲ ਸੰਚਾਲਕ ਸੋਚ ਰਿਹਾ ਹੈ ਕਿ ਅਸੀਂ ਬੱਚਿਆਂ ਨੂੰ ਝਿੜਕ ਨਹੀਂ ਸਕਦੇ ਜਾਂ ਕੁੱਟ ਨਹੀਂ ਸਕਦੇ, ਸਕੂਲ ‘ਚ ਅਨੁਸ਼ਾਸਨ ਬਣਾਈ ਰੱਖਣਾ ਅਧਿਆਪਕ ਦਾ ਕੰਮ ਹੈ। ਸਾਰਿਆਂ ‘ਚ ਡਰ ਦਾ ਮਾਹੌਲ ਹੈ, ਸਰਕਾਰੀ ਸਕੂਲ ਦੇ ਅਧਿਆਪਕ ਵੀ ਡਰੇ ਹੋਏ ਹਨ।
ਉਨ੍ਹਾਂ ਕਿ ਸੂਬਾ ਸਰਕਾਰ ਨੂੰ ਸਕੂਲ ਅਧਿਆਪਕਾਂ ਦੀ ਸੁਰੱਖਿਆ ਲਈ ਕਾਨੂੰਨ ਬਣਾਉਣੇ ਚਾਹੀਦੇ ਹਨ। ਸਾਨੂੰ ਉਮੀਦ ਹੈ ਕਿ ਸਰਕਾਰ ਸਾਨੂੰ ਬੁਲਾ ਕੇ ਇਸ ਮਾਮਲੇ ‘ਤੇ ਵਿਚਾਰ ਕਰੇਗੀ, ਕਿਉਂਕਿ ਇਹ ਮਾਮਲਾ ਪੂਰੇ ਦੇਸ਼ ਨਾਲ ਸਬੰਧਤ ਹੈ।
Read More: ਟੈਨਿਸ ਖਿਡਾਰਨ ਰਾਧਿਕਾ ਯਾਦਵ ਦੇ ਪਿਤਾ ਨੂੰ ਪੁਲਿਸ ਰਿਮਾਂਡ ‘ਤੇ ਭੇਜਿਆ, ਕ.ਤ.ਲ ਦੀ ਦੱਸੀ ਵਜ੍ਹਾ