ਚੰਡੀਗੜ੍ਹ , 24 ਜੂਨ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਤਿੰਨ ਦਿਨਾਂ ਦੌਰੇ ਤੋਂ ਬਾਅਦ ਸ਼ਨੀਵਾਰ ਨੂੰ ਮਿਸਰ (Egypt) ਦੀ ਰਾਜਧਾਨੀ ਕਾਹਿਰਾ ਪਹੁੰਚੇ। ਉਨ੍ਹਾਂ ਦਾ ਸੁਆਗਤ ਮਿਸਰ ਦੇ ਪ੍ਰਧਾਨ ਮੰਤਰੀ ਮੁਸਤਫਾ ਮੈਡਬੋਲੀ ਨੇ ਕੀਤਾ। ਪੀਐਮ ਮੋਦੀ ਦੀ ਇਹ ਦੋ ਦਿਨਾਂ ਮਿਸਰ ਯਾਤਰਾ ਹੈ। ਉਹ ਮਿਸਰ ਦੇ ਪ੍ਰਧਾਨ ਮੰਤਰੀ ਨਾਲ ਗੋਲਮੇਜ਼ ਮੀਟਿੰਗ ਕਰਨਗੇ ਅਤੇ ਰਾਸ਼ਟਰਪਤੀ ਅਬਦੇਲ ਫਤਹ ਅਲ-ਸੀਸੀ ਨਾਲ ਵੀ ਮੁਲਾਕਾਤ ਕਰਨਗੇ।
ਉਨ੍ਹਾਂ ਦੇ ਆਉਣ ਤੋਂ ਇਕ ਦਿਨ ਪਹਿਲਾਂ ਭਾਰਤੀ ਰਾਜਦੂਤ ਅਜੀਤ ਗੁਪਤਾ ਨੇ ਕਿਹਾ ਸੀ ਕਿ ਮਿਸਰ ਵਿਚ ਹਰ ਕੋਈ ਭਾਰਤੀ ਸੰਸਕ੍ਰਿਤੀ ਤੋਂ ਪ੍ਰਭਾਵਿਤ ਹੈ ਅਤੇ ਦਹਾਕਿਆਂ ਤੋਂ ਬਾਲੀਵੁੱਡ ਫਿਲਮਾਂ ਦੇਖ ਰਿਹਾ ਹੈ। ਉਨ੍ਹਾਂ ਕਿਹਾ ਸੀ, ‘ਉਹ ਜਾਣਦੇ ਹਨ ਕਿ ਭਾਰਤ ਅਤੇ ਮਿਸਰ ਨੇ ਗੁੱਟ ਨਿਰਲੇਪ ਅੰਦੋਲਨ ਲਈ ਮਿਲ ਕੇ ਕੰਮ ਕੀਤਾ ਹੈ। ਉਨ੍ਹਾਂ ਨੂੰ ਮਹਾਤਮਾ ਗਾਂਧੀ ਅਤੇ ਸਾਦ ਜਗਲੌਲ ਦੀ ਗੂੜ੍ਹੀ ਦੋਸਤੀ ਅੱਜ ਵੀ ਯਾਦ ਹੈ।’ ਗੁਪਤਾ ਨੇ ਕਿਹਾ ਕਿ ਮਿਸਰ ਦੇ ਲੋਕ ਭਾਰਤ ਦੇ ਨੇੜੇ ਹੋਣਾ ਚਾਹੁੰਦੇ ਹਨ। ਉਹ ਸਾਡੇ ਸੱਭਿਆਚਾਰ ਅਤੇ ਸਾਡੀਆਂ ਪਰਿਵਾਰਕ ਕਦਰਾਂ-ਕੀਮਤਾਂ ਨਾਲ ਬਹੁਤ ਨੇੜਿਓਂ ਜੁੜੇ ਹੋਏ ਹਨ।
ਉਨ੍ਹਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ 25 ਤਾਰੀਖ਼ ਤੱਕ ਇੱਥੇ ਹਨ। ਪਹਿਲੀ ਵਾਰ ਅਸੀਂ ਪ੍ਰਧਾਨ ਮੰਤਰੀ ਮੋਦੀ ਅਤੇ ਮਿਸਰ (Egypt) ਦੇ ਪ੍ਰਧਾਨ ਮੰਤਰੀ ਦਰਮਿਆਨ ਗੋਲਮੇਜ਼ ਮੀਟਿੰਗ ਕਰ ਰਹੇ ਹਾਂ। ਜਨਵਰੀ 2023 ਵਿੱਚ ਰਾਸ਼ਟਰਪਤੀ ਅਬਦੇਲ ਫਤਹ ਅਲ-ਸੀਸੀ ਦੀ ਭਾਰਤ ਦੀ ਸਫਲ ਯਾਤਰਾ ਤੋਂ ਬਾਅਦ ਦੋਵੇਂ ਦੇਸ਼ ਇੱਕ ਰਣਨੀਤਕ ਭਾਈਵਾਲੀ ਤੱਕ ਸਬੰਧਾਂ ਨੂੰ ਉੱਚਾ ਚੁੱਕਣ ਲਈ ਸਹਿਮਤ ਹੋਏ। ਮਿਸਰ ਦੇ ਰਾਸ਼ਟਰਪਤੀ ਨੇ ਸੀਨੀਅਰ ਮੰਤਰੀਆਂ ਵਾਲੇ ਆਪਣੇ ਮੰਤਰੀ ਮੰਡਲ ਵਿੱਚ ਇੱਕ ਵਿਸ਼ੇਸ਼ ਭਾਰਤ ਯੂਨਿਟ ਦਾ ਗਠਨ ਕੀਤਾ ਅਤੇ ਉਨ੍ਹਾਂ ਨੂੰ ਭਾਰਤ ਨਾਲ ਸਬੰਧ ਸੁਧਾਰਨ ਲਈ ਕਿਹਾ। ਇਸ ਲਈ ਪ੍ਰਧਾਨ ਮੰਤਰੀ ਭਾਰਤੀ ਯੂਨਿਟ ਨਾਲ ਮੀਟਿੰਗ ਕਰਨਗੇ।