ਚੰਡੀਗੜ੍ਹ, 15 ਫਰਵਰੀ 2023: ਪੰਜਾਬ ਸਰਕਾਰ ਸੂਬੇ ਦੇ ਰਾਜ ਮਾਰਗਾਂ ‘ਤੇ ਲੱਗੇ ਟੋਲ ਪਲਾਜ਼ਿਆਂ (Toll Plazas) ਨੂੰ ਹੌਲੀ-ਹੌਲੀ ਬੰਦ ਕਰ ਰਹੀ ਹੈ। ਇਸ ਸਿਲਸਿਲੇ ਵਿੱਚ ਅੱਜ ਪੰਜਾਬ ਸਰਕਾਰ ਨੇ ਤਿੰਨ ਟੋਲ ਪਲਾਜ਼ੇ ਬੰਦ ਕਰ ਦਿੱਤੇ ਹਨ। ਜਿਨ੍ਹਾਂ ਵਿੱਚ ਹੁਸ਼ਿਆਰਪੁਰ ਦੇ ਨੰਗਲ ਸ਼ਹੀਦਾਂ, ਮਾਨਗੜ੍ਹ ਅਤੇ ਨਵਾਂਸ਼ਹਿਰ ਦੇ ਮਾਜ਼ਰੀ ਟੋਲ ਪਲਾਜ਼ਾ ਸ਼ਾਮਲ ਹੈ |
ਪੰਜਾਬ ਲੋਕ ਨਿਰਮਾਣ ਵਿਭਾਗ ਨੇ ਇਨ੍ਹਾਂ ਤਿੰਨਾਂ ਟੋਲ ਪਲਾਜ਼ਿਆਂ ਨੂੰ ਚੰਡੀਗੜ੍ਹ ਮੁੱਖ ਦਫ਼ਤਰ ਤੋਂ ਵਿਭਾਗੀ ਕਾਰਜਕਾਰੀ ਇੰਜੀਨੀਅਰ ਹੁਸ਼ਿਆਰਪੁਰ ਪ੍ਰੇਮ ਕਮਲ ਨੂੰ ਹੱਥੀਂ ਲਿਖਤੀ ਹੁਕਮ ਭੇਜ ਦਿੱਤੇ ਹਨ। ਜਿਕਰਯੋਗ ਹੈ ਕਿ ਕੰਪਨੀ ਦਾ ਠੇਕਾ ਅੱਜ ਖਤਮ ਹੋ ਗਿਆ ਹੈ ਅਤੇ ਅੱਧੀ ਰਾਤ 12 ਤੋਂ ਉਨ੍ਹਾਂ ਦੀ ਕੋਈ ਪਰਚੀ ਨਹੀਂ ਕੱਟੀ ਜਾਵੇਗੀ।
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਤਿੰਨ ਟੋਲ ਪਲਾਜ਼ੇ ਮਾਜ਼ਰੀ, ਨੰਗਲ ਸ਼ਹੀਦਾਂ ਤੇ ਮਾਨਗੜ੍ਹ ਬੰਦ ਕਰ ਦਿੱਤੇ ਗਏ ਹਨ | ਪਹਿਲੀ ਵਾਰ ਇਹ ਟੋਲ ਪਲਾਜ਼ੇ 2013 ‘ਚ ਬੰਦ ਹੋਣੇ ਸੀ, ਫਿਰ 2018 ‘ਚ ਬੰਦ ਹੋਣੇ ਸੀ, ਪਰ ਸਮੇਂ ਦੀਆਂ ਸਰਕਾਰਾਂ ਨੇ ਦੋਵੇਂ ਵਾਰ ਟੋਲ ਵਾਲਿਆਂ ਦੇ ਹੱਕ ‘ਚ ਫ਼ੈਸਲੇ ਕੀਤੇ ਤੇ ਪੰਜਾਬੀਆਂ ਦੀ ਲੁੱਟ ਜਾਰੀ ਰੱਖੀ |