ਚੰਡੀਗੜ੍ਹ 24 ਮਾਰਚ 2024: ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ 21 ਮਾਰਚ ਨੂੰ ਗ੍ਰਿਫ਼ਤਾਰ ਕੀਤੇ ਗਏ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ (Arvind Kejriwal) ਜੇਲ੍ਹ ਵਿੱਚ ਰਹਿ ਕੇ ਸਰਕਾਰ ਚਲਾ ਰਹੇ ਹਨ। ਉਨ੍ਹਾਂ ਨੇ ਐਤਵਾਰ (24 ਮਾਰਚ) ਨੂੰ ਜਲ ਮੰਤਰਾਲੇ ਦੇ ਨਾਂ ‘ਤੇ ਪਹਿਲਾ ਸਰਕਾਰੀ ਆਦੇਸ਼ ਜਾਰੀ ਕੀਤਾ। ਉਨ੍ਹਾਂ ਨੇ ਜਲ ਮੰਤਰੀ ਆਤਿਸ਼ੀ ਨੂੰ ਹਦਾਇਤ ਕੀਤੀ ਕਿ ਦਿੱਲੀ ਵਿੱਚ ਜਿੱਥੇ ਪਾਣੀ ਦੀ ਕਮੀ ਹੈ ਉੱਥੇ ਟੈਂਕਰਾਂ ਦਾ ਪ੍ਰਬੰਧ ਕੀਤਾ ਜਾਵੇ।
ਇੱਥੇ I.N.D.I ਗਰੁੱਪ ਦੇ ਆਗੂ ਕੇਜਰੀਵਾਲ (Arvind Kejriwal) ਦੀ ਗ੍ਰਿਫਤਾਰੀ ਨੂੰ ਲੈ ਕੇ ਅੱਜ ਪ੍ਰੈੱਸ ਕਾਨਫਰੰਸ ਕਰਨਗੇ। ਇਸ ਵਿੱਚ ‘ਆਪ’ ਆਗੂ ਵੀ ਸ਼ਿਰਕਤ ਕਰਨਗੇ। ਇਸ ਦੇ ਨਾਲ ਹੀ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਅੱਜ ਆਪਣੀ ਪਹਿਲੀ ਵੱਡੀ ਬੈਠਕ ਕਰਨ ਜਾ ਰਹੀ ਹੈ। ਪਾਰਟੀ ਦੇ ਜਨਰਲ ਸਕੱਤਰ ਸੰਦੀਪ ਪਾਠਕ ਇਸ ਬੈਠਕ ਦੀ ਪ੍ਰਧਾਨਗੀ ਕਰਨਗੇ। ਇਸ ਵਿੱਚ ਪਾਰਟੀ ਦੀ ਭਵਿੱਖੀ ਰਣਨੀਤੀ ਤੈਅ ਕੀਤੀ ਜਾਵੇਗੀ।
ਸ਼ਨੀਵਾਰ ਸ਼ਾਮ ਨੂੰ ਅਰਵਿੰਦ ਕੇਜਰੀਵਾਲ ਦੇ ਵਕੀਲ ਨੇ ਈਡੀ ਦੀ ਗ੍ਰਿਫਤਾਰੀ ਅਤੇ ਹੇਠਲੀ ਅਦਾਲਤ ਦੇ ਰਿਮਾਂਡ ਦੇ ਫੈਸਲੇ ਨੂੰ ਦਿੱਲੀ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਵਕੀਲਾਂ ਨੇ ਕਿਹਾ ਕਿ ਦੋਵੇਂ ਫੈਸਲੇ ਗੈਰ-ਕਾਨੂੰਨੀ ਸਨ। ਕੇਜਰੀਵਾਲ ਰਿਹਾਅ ਹੋਣ ਦੇ ਹੱਕਦਾਰ ਹਨ। ਅਸੀਂ ਅਦਾਲਤ ਤੋਂ 24 ਮਾਰਚ ਤੱਕ ਸੁਣਵਾਈ ਦੀ ਮੰਗ ਕੀਤੀ ਹੈ।
ਹਾਲਾਂਕਿ ਦਿੱਲੀ ਹਾਈ ਕੋਰਟ ਨੇ ਕੇਜਰੀਵਾਲ ਦੀ ਗ੍ਰਿਫਤਾਰੀ ਅਤੇ ਰਿਮਾਂਡ ਦੇ ਮਾਮਲੇ ‘ਤੇ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਹੋਲੀ ਦੀ ਛੁੱਟੀ ਹੈ। ਬੁੱਧਵਾਰ (27 ਮਾਰਚ) ਨੂੰ ਅਦਾਲਤ ਖੁੱਲ੍ਹਣ ‘ਤੇ ਹੀ ਮਾਮਲੇ ਦੀ ਸੁਣਵਾਈ ਹੋਵੇਗੀ।