Vladimir Putin to visit India

Vladimir Putin: ਭਾਰਤ ਦੌਰੇ ‘ਤੇ ਆਉਣਗੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ !

ਵਿਦੇਸ਼, 07 ਅਗਸਤ 2025: Vladimir Putin to visit India: ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਗਸਤ ਦੇ ਆਖਰੀ ਹਫ਼ਤੇ ਭਾਰਤ ਦਾ ਦੌਰਾ ਕਰ ਸਕਦੇ ਹਨ। ਰੂਸੀ ਸਮਾਚਾਰ ਏਜੰਸੀ TASS ਦੇ ਮੁਤਾਬਕ ਇਹ ਜਾਣਕਾਰੀ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਦਿੱਤੀ ਹੈ।

ਡੋਵਾਲ ਨੇ ਰੂਸੀ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਨਾਲ ਮੁਲਾਕਾਤ ‘ਚ ਕਿਹਾ ਕਿ “ਹੁਣ ਸਾਡੇ ਬਹੁਤ ਚੰਗੇ ਸਬੰਧ ਹਨ, ਜਿਸਦੀ ਅਸੀਂ ਕਦਰ ਕਰਦੇ ਹਾਂ। ਸਾਡੇ ਦੇਸ਼ਾਂ ਵਿਚਕਾਰ ਇੱਕ ਮਜ਼ਬੂਤ ਭਾਈਵਾਲੀ ਹੈ ਅਤੇ ਅਸੀਂ ਉੱਚ ਪੱਧਰ ‘ਤੇ ਗੱਲ ਕਰਦੇ ਹਾਂ।”

ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (NSA) ਅਜੀਤ ਡੋਵਾਲ ਬੁੱਧਵਾਰ ਨੂੰ ਰੂਸ ਪਹੁੰਚੇ। ਉਹ ਰਾਸ਼ਟਰਪਤੀ ਪੁਤਿਨ ਨੂੰ ਮਿਲ ਸਕਦੇ ਹਨ। ਇਹ ਆਪ੍ਰੇਸ਼ਨ ਸੰਧੂਰ ਤੋਂ ਬਾਅਦ ਅਜੀਤ ਡੋਵਾਲ ਦੀ ਮਾਸਕੋ ਦੀ ਪਹਿਲੀ ਯਾਤਰਾ ਹੈ। ਇਸ ਯਾਤਰਾ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਰੂਸ ਨਾਲ ਭਾਰਤ ਦੇ ਸਬੰਧਾਂ ‘ਤੇ ਕੀਤੀਆਂ ਟਿੱਪਣੀਆਂ ਕਾਰਨ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।

ਜਿਕਰਯੋਗ ਹੈ ਕਿ ਰਾਸ਼ਟਰਪਤੀ ਪੁਤਿਨ ਨੇ 06 ਦਸੰਬਰ 2021 ਨੂੰ ਭਾਰਤ ਦਾ ਦੌਰਾ ਕੀਤਾ। ਫਿਰ ਉਹ ਸਿਰਫ਼ 4 ਘੰਟੇ ਲਈ ਭਾਰਤ ਆਏ। ਇਸ ਦੌਰਾਨ ਭਾਰਤ ਅਤੇ ਰੂਸ ਵਿਚਕਾਰ 28 ਸਮਝੌਤਿਆਂ ‘ਤੇ ਦਸਤਖਤ ਕੀਤੇ ਸਨ। ਇਸ ‘ਚ ਫੌਜੀ ਅਤੇ ਤਕਨੀਕੀ ਸਮਝੌਤੇ ਸ਼ਾਮਲ ਸਨ। ਦੋਵਾਂ ਦੇਸ਼ਾਂ ਨੇ 2025 ਤੱਕ 30 ਅਰਬ ਡਾਲਰ (2 ਲੱਖ 53 ਹਜ਼ਾਰ ਕਰੋੜ ਰੁਪਏ) ਸਾਲਾਨਾ ਵਪਾਰ ਦਾ ਟੀਚਾ ਰੱਖਿਆ ਸੀ।

ਫਰਵਰੀ 2022 ‘ਚ ਸ਼ੁਰੂ ਹੋਈ ਯੂਕਰੇਨ ਜੰਗ ਤੋਂ ਬਾਅਦ ਪੁਤਿਨ ਦੀ ਇਹ ਪਹਿਲੀ ਭਾਰਤ ਫੇਰੀ ਹੋਵੇਗੀ। ਇਸ ਫੇਰੀ ਨਾਲ ਦੋਵਾਂ ਦੇਸ਼ਾਂ ਵਿਚਕਾਰ 2030 ਲਈ ਨਵੇਂ ਆਰਥਿਕ ਰੋਡਮੈਪ ਨੂੰ ਅੱਗੇ ਵਧਾਉਣ ਦੀ ਉਮੀਦ ਹੈ।

ਚੀਨ ਤੋਂ ਬਾਅਦ ਭਾਰਤ ਰੂਸੀ ਤੇਲ ਦਾ ਸਭ ਤੋਂ ਵੱਡਾ ਖਰੀਦਦਾਰ ਹੈ। ਯੂਕਰੇਨ ਜੰਗ ਤੋਂ ਪਹਿਲਾਂ, ਭਾਰਤ ਰੂਸ ਤੋਂ ਸਿਰਫ 0.2% (68 ਹਜ਼ਾਰ ਬੈਰਲ ਪ੍ਰਤੀ ਦਿਨ) ਤੇਲ ਆਯਾਤ ਕਰਦਾ ਸੀ। ਮਈ 2023 ਤੱਕ, ਇਹ ਵਧ ਕੇ 45% (20 ਲੱਖ ਬੈਰਲ ਪ੍ਰਤੀ ਦਿਨ) ਹੋ ਗਿਆ, ਜਦੋਂ ਕਿ 2025 ‘ਚ ਜਨਵਰੀ ਤੋਂ ਜੁਲਾਈ ਤੱਕ, ਭਾਰਤ ਰੂਸ ਤੋਂ ਹਰ ਰੋਜ਼ 17.8 ਲੱਖ ਬੈਰਲ ਤੇਲ ਖਰੀਦ ਰਿਹਾ ਹੈ।
ਪਿਛਲੇ ਦੋ ਸਾਲਾਂ ਤੋਂ, ਭਾਰਤ ਹਰ ਸਾਲ 130 ਅਰਬ ਡਾਲਰ (11.33 ਲੱਖ ਕਰੋੜ ਰੁਪਏ) ਤੋਂ ਵੱਧ ਦਾ ਰੂਸੀ ਤੇਲ ਖਰੀਦ ਰਿਹਾ ਹੈ।

ਮਾਰਚ 2023 ‘ਚ ਆਈਸੀਸੀ ਨੇ ਪੁਤਿਨ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ। ਅਦਾਲਤ ਨੇ ਯੂਕਰੇਨ ‘ਚ ਬੱਚਿਆਂ ਦੇ ਅਗਵਾ ਅਤੇ ਦੇਸ਼ ਨਿਕਾਲਾ ਦੇ ਦੋਸ਼ਾਂ ਦੇ ਆਧਾਰ ‘ਤੇ ਪੁਤਿਨ ਨੂੰ ਜੰਗੀ ਅਪਰਾਧਾਂ ਲਈ ਜ਼ਿੰਮੇਵਾਰ ਠਹਿਰਾਇਆ।

Read More: ਵਲਾਦੀਮੀਰ ਪੁਤਿਨ ਵੱਲੋਂ ਈਰਾਨ ਤੇ ਇਜ਼ਰਾਈਲ ਵਿਚਾਲੇ ਜੰਗ ਰੁਕਵਾਉਣ ਲਈ ਵਿਚੋਲਗੀ ਦੀ ਪੇਸ਼ਕਸ਼

Scroll to Top