ਚੰਡੀਗੜ੍ਹ, 25 ਅਗਸਤ 2023: ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ (Joe Biden) 7 ਤੋਂ 10 ਸਤੰਬਰ ਤੱਕ ਨਵੀਂ ਦਿੱਲੀ ‘ਚ ਹੋਣ ਵਾਲੇ ਜੀ-20 ਸੰਮੇਲਨ ‘ਚ ਹਿੱਸਾ ਲੈਣਗੇ। ਵ੍ਹਾਈਟ ਹਾਊਸ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਰਾਸ਼ਟਰਪਤੀ ਬਿਡੇਨ ਦੇ ਯਾਤਰਾ ਪ੍ਰੋਗਰਾਮ ਦਾ ਜ਼ਿਕਰ ਕੀਤਾ ਗਿਆ ਹੈ। ਇਸ ‘ਚ ਕਿਹਾ ਗਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਸੰਮੇਲਨ ‘ਚ ਸਵੱਛ ਊਰਜਾ ਪਰਿਵਰਤਨ, ਜਲਵਾਯੂ ਪਰਿਵਰਤਨ, ਯੂਕਰੇਨ ‘ਚ ਜੰਗ ਦੇ ਪ੍ਰਭਾਵਾਂ ਅਤੇ ਵਿਸ਼ਵ ਬੈਂਕ ਸਮੇਤ ਬਹੁਪੱਖੀ ਵਿਕਾਸ ਬੈਂਕਾਂ ਦੀ ਸਮਰੱਥਾ ਨੂੰ ਉਤਸ਼ਾਹਿਤ ਕਰਨ ਵਰਗੇ ਵਿਸ਼ਵ ਮੁੱਦਿਆਂ ‘ਤੇ ਚਰਚਾ ਕਰਨਗੇ।
ਰਾਸ਼ਟਰਪਤੀ ਬਿਡੇਨ (Joe Biden) ਅਤੇ ਜੀ-20 ਨੇਤਾ ਗਲੋਬਲ ਮੁੱਦਿਆਂ ਦੇ ਹੱਲ ਲਈ ਸਾਂਝੇ ਯਤਨਾਂ ‘ਤੇ ਚਰਚਾ ਕਰਨਗੇ। ਜੀ-20 ਦੀ ਭਾਰਤ ਦੀ ਪ੍ਰਧਾਨਗੀ ਦਾ ਸਮਰਥਨ ਕਰਦੇ ਹੋਏ, ਵ੍ਹਾਈਟ ਹਾਊਸ ਦੀ ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਬਿਡੇਨ ਜੀ-20 ਦੀ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਦੀ ਸ਼ਲਾਘਾ ਕਰਦਿਆਂ ਅਤੇ ਆਰਥਿਕ ਸਹਿਯੋਗ ਲਈ ਇੱਕ ਪ੍ਰਮੁੱਖ ਮੰਚ ਵਜੋਂ ਜੀ-20 ਪ੍ਰਤੀ ਅਮਰੀਕੀ ਵਚਨਬੱਧਤਾਵਾਂ ਨੂੰ ਦੁਹਰਾਉਂਦੇ ਰਹਿਣਗੇ ਦੀ ਗੱਲ ਕਹੀ । ਇਸ ਵਿੱਚ 2026 ਵਿੱਚ ਇਸਦੀ ਮੇਜ਼ਬਾਨੀ ਵੀ ਸ਼ਾਮਲ ਹੈ।
ਭਾਰਤ ਨੇ 1 ਦਸੰਬਰ, 2022 ਤੋਂ 30 ਨਵੰਬਰ, 2023 ਤੱਕ ਇੱਕ ਸਾਲ ਲਈ ਜੀ-20 ਦੀ ਪ੍ਰਧਾਨਗੀ ਸੰਭਾਲੀ ਹੈ । ਦੇਸ਼ ਭਰ ਵਿੱਚ ਕਈ ਬੈਠਕਾਂ ਦੀ ਮੇਜ਼ਬਾਨੀ ਵੀ ਕੀਤੀ। ਇਸ ਦੇ ਨਾਲ ਹੀ, ਇਸ ਸਾਲ ਜੂਨ ਵਿੱਚ ਪੀਐਮ ਮੋਦੀ ਦੇ ਅਮਰੀਕਾ ਦੌਰੇ ਦੌਰਾਨ, ਬਿਡੇਨ ਨੇ ਕਿਹਾ ਸੀ ਕਿ ਉਹ ਸਤੰਬਰ ਵਿੱਚ ਨਵੀਂ ਦਿੱਲੀ ਵਿੱਚ ਜੀ-20 ਸੰਮੇਲਨ ਦੀ ਉਡੀਕ ਕਰ ਰਹੇ ਹਨ।