ਦਿੱਲੀ, 15 ਅਗਸਤ 2025: ਭਾਰੀ ਮੀਂਹ ਵਿਚਾਲੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਆਜ਼ਾਦੀ ਦਿਵਸ ‘ਤੇ ਰਾਸ਼ਟਰੀ ਯੁੱਧ ਸਮਾਰਕ ‘ਤੇ ਨਾਇਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ, ਸੀਡੀਐਸ ਅਤੇ ਤਿੰਨਾਂ ਸੈਨਾਵਾਂ ਦੇ ਮੁਖੀ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਇਸਦੇ ਨਾਲ ਹੀ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਰੱਖਿਆ ਰਾਜ ਮੰਤਰੀ ਸੰਜੇ ਸੇਠ ਵੀ ਮੌਜੂਦ ਸਨ।
ਆਜ਼ਾਦੀ ਦਿਵਸ ਦੀ ਪੂਰਵ ਸੰਧਿਆ ‘ਤੇ ਵੀਰਵਾਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰ ਨੂੰ ਆਪਣੇ ਸੰਬੋਧਨ ‘ਚ ਕਈ ਗੱਲਾਂ ਦਾ ਜ਼ਿਕਰ ਕੀਤਾ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ‘ਇਹ ਸਾਡੇ ਸਾਰਿਆਂ ਲਈ ਮਾਣ ਦੀ ਗੱਲ ਹੈ ਕਿ ਸਾਰੇ ਭਾਰਤੀ ਆਜ਼ਾਦੀ ਦਿਵਸ ਅਤੇ ਗਣਤੰਤਰ ਦਿਵਸ ਉਤਸ਼ਾਹ ਅਤੇ ਜੋਸ਼ ਨਾਲ ਮਨਾਉਂਦੇ ਹਨ।
ਇਹ ਦਿਨ ਖਾਸ ਤੌਰ ‘ਤੇ ਸਾਨੂੰ ਭਾਰਤੀ ਹੋਣ ਦੇ ਮਾਣ ਦੀ ਯਾਦ ਦਿਵਾਉਂਦੇ ਹਨ। ਸਾਡੇ ਲਈ, ਸਾਡਾ ਸੰਵਿਧਾਨ ਅਤੇ ਸਾਡਾ ਲੋਕਤੰਤਰ ਸਭ ਤੋਂ ਮਹੱਤਵਪੂਰਨ ਹੈ।’ ਉਨ੍ਹਾਂ ਕਿਹਾ ਕਿ 15 ਅਗਸਤ ਦੀ ਤਾਰੀਖ ਸਾਡੀ ਸਮੂਹਿਕ ਯਾਦ ‘ਚ ਡੂੰਘਾਈ ਨਾਲ ਉੱਕਰਿਆ ਹੋਇਆ ਹੈ। ਬਸਤੀਵਾਦੀ ਸ਼ਾਸਨ ਦੇ ਲੰਬੇ ਸਮੇਂ ਦੌਰਾਨ, ਦੇਸ਼ ਵਾਸੀਆਂ ਦੀਆਂ ਕਈ ਪੀੜ੍ਹੀਆਂ ਨੇ ਸੁਪਨਾ ਦੇਖਿਆ ਸੀ ਕਿ ਇੱਕ ਦਿਨ ਦੇਸ਼ ਆਜ਼ਾਦ ਹੋਵੇਗਾ।
ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਗਾਤਾਰ 12ਵੀਂ ਵਾਰ ਆਜ਼ਾਦੀ ਦਿਵਸ ਦੇ ਮੌਕੇ ‘ਤੇ ਰਾਸ਼ਟਰ ਨੂੰ ਸੰਬੋਧਨ ਕੀਤਾ। ਇਸ ਦੌਰਾਨ, ਉਨ੍ਹਾਂ ਨੇ ਲਗਭਗ 103 ਮਿੰਟ ਦਾ ਭਾਸ਼ਣ ਦੇ ਕੇ ਆਪਣਾ ਪੁਰਾਣਾ ਰਿਕਾਰਡ ਤੋੜ ਦਿੱਤਾ। ਇੱਕ ਵਾਰ ਫਿਰ, ਪ੍ਰਧਾਨ ਮੰਤਰੀ ਮੋਦੀ ਨੇ ਇਸ ਇਤਿਹਾਸਕ ਦਿਨ ‘ਤੇ ਸਭ ਤੋਂ ਲੰਮਾ ਭਾਸ਼ਣ ਦੇਣ ਦਾ ਖਿਤਾਬ ਜਿੱਤਿਆ। ਇਸ ਤੋਂ ਪਹਿਲਾਂ, ਕਿਸੇ ਵੀ ਪ੍ਰਧਾਨ ਮੰਤਰੀ ਦੁਆਰਾ ਸਭ ਤੋਂ ਲੰਮੇ ਭਾਸ਼ਣ ਦਾ ਖਿਤਾਬ 98 ਮਿੰਟ ਦਾ ਸੀ, ਜੋ ਉਨ੍ਹਾਂ ਨੇ ਖੁਦ ਸਾਲ 2024 ‘ਚ ਦਿੱਤਾ ਸੀ।
ਇਸ ਤੋਂ ਪਹਿਲਾਂ 79ਵੇਂ ਆਜ਼ਾਦੀ ਦਿਵਸ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਤਿਹਾਸਕ ਲਾਲ ਕਿਲ੍ਹੇ ਦੀ ਫਸੀਲ ਤੋਂ ਦੇਸ਼ ਨੂੰ ਸੰਬੋਧਨ ਕੀਤਾ। ਇਸ ਦੌਰਾਨ, ਉਨ੍ਹਾਂ ਨੇ ਆਪਣੇ ਨਾਮ ਇੱਕ ਵਿਸ਼ੇਸ਼ ਰਿਕਾਰਡ ਬਣਾਇਆ। ਪ੍ਰਧਾਨ ਮੰਤਰੀ ਮੋਦੀ ਨੇ ਆਜ਼ਾਦੀ ਦਿਵਸ ਦੇ ਮੌਕੇ ‘ਤੇ ਲਾਲ ਕਿਲ੍ਹੇ ਤੋਂ ਹੁਣ ਤੱਕ ਦਾ ਸਭ ਤੋਂ ਲੰਬਾ ਭਾਸ਼ਣ ਦਿੱਤਾ। ਖਾਸ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਵੀ ਇਹ ਰਿਕਾਰਡ ਪ੍ਰਧਾਨ ਮੰਤਰੀ ਮੋਦੀ ਦੇ ਨਾਮ ਸੀ।