Punjabi University

ਐਸ.ਏ.ਐਸ.ਨਗਰ ਜ਼ਿਲ੍ਹੇ ‘ਚ ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-2 ਤਹਿਤ ਬਲਾਕ ਪੱਧਰੀ ਖੇਡ ਟੂਰਨਾਮੈਂਟ ਸ਼ੁਰੂ ਕਰਨ ਦੀਆਂ ਤਿਆਰੀਆਂ ਮੁਕੰਮਲ

ਐਸ.ਏ.ਐਸ.ਨਗਰ, 03 ਸਤੰਬਰ, 2023: ਸਾਹਿਬਜ਼ਾਦਾ ਅਜੀਤ ਸਿੰਘ ਨਗਰ (SAS Nagar) ਜ਼ਿਲ੍ਹਾ ਸੋਮਵਾਰ ਤੋਂ ‘ਖੇਡਾਂ ਵਤਨ ਪੰਜਾਬ ਦੀਆ’ ਸੀਜ਼ਨ-2 ਤਹਿਤ ਬਲਾਕ ਪੱਧਰੀ ਖੇਡ ਟੂਰਨਾਮੈਂਟ ਦੀ ਮੇਜ਼ਬਾਨੀ ਲਈ ਪੂਰੀ ਤਰ੍ਹਾਂ ਤਿਆਰ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਬੰਧਕੀ ਕਮੇਟੀ ਦੀ ਚੇਅਰਪਰਸਨ-ਕਮ- ਡਿਪਟੀ ਕਮਿਸ਼ਨਰ, ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਲੜਕੇ ਅਤੇ ਲੜਕੀਆਂ, ਪੁਰਸ਼ ਅਤੇ ਮਹਿਲਾਵਾਂ ਦੇ ਇਹ ਟੂਰਨਾਮੈਂਟ ਅੰਡਰ 14, 17, 21, 21-30, 31-40, 41-55, 56-65 ਸਾਲ ਅਤੇ 65 ਸਾਲ ਤੋਂ ਵੱਧ ਸਾਲ ਦੇ ਉਮਰ ਵਰਗ ਲਈ ਹੋਣਗੇ। ਇਹ ਅੱਠ ਉਮਰ ਵਰਗ ਖੋ-ਖੋ, ਕਬੱਡੀ (ਰਾਸ਼ਟਰੀ ਅਤੇ ਸਰਕਲ ਸਟਾਈਲ), ਅਥਲੈਟਿਕਸ, ਵਾਲੀਬਾਲ (ਸ਼ੂਟਿੰਗ ਅਤੇ ਸਮੈਸ਼ਿੰਗ), ਫੁੱਟਬਾਲ ਅਤੇ ਟੱਗ ਆਫ ਵਾਰ (ਰੱਸਾਕਸ਼ੀ) ਵਿੱਚ ਭਾਗ ਲੈ ਸਕਦੇ ਹਨ।

ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਭਾਵੇਂ ਭਾਗੀਦਾਰਾਂ ਲਈ ਰਜਿਸਟ੍ਰੇਸ਼ਨ ਆਨਲਾਈਨ ਸੀ ਪਰ ਕੋਈ ਵੀ ਵਿਅਕਤੀ ਜੋ ਆਨਲਾਈਨ ਨਹੀਂ ਜਾ ਸਕਿਆ ਅਤੇ ਮੈਦਾਨ ਵਿੱਚ ਖੇਡਣ ਦਾ ਇੱਛੁਕ ਹੈ, ਉਹ ਮੈਦਾਨ ਵਿੱਚ ਮੌਕੇ ‘ਤੇ ਹੀ ਆਪਣੇ ਆਪ ਨੂੰ ਔਫਲਾਈਨ ਰਜਿਸਟਰ ਕਰਵਾ ਸਕਦਾ ਹੈ।

ਭਲਕੇ ਯਾਨੀ ਸੋਮਵਾਰ ਤੋਂ ਸ਼ੁਰੂ ਹੋਣ ਜਾ ਰਹੀਆਂ ਖੇਡਾਂ ਦੇ ਸ਼ਡਿਊਲ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡੇਰਾਬੱਸੀ ਅਤੇ ਮਾਜਰੀ ਬਲਾਕਾਂ ਵਿੱਚ ਬਲਾਕ ਪੱਧਰੀ ਟੂਰਨਾਮੈਂਟ 4 ਤੋਂ 6 ਸਤੰਬਰ ਤੱਕ ਜਦਕਿ ਖਰੜ ਅਤੇ ਮੁਹਾਲੀ ਵਿੱਚ 7 ਤੋਂ 9 ਸਤੰਬਰ ਤੱਕ ਕਰਵਾਏ ਜਾਣਗੇ।

ਉਨ੍ਹਾਂ ਅੱਗੇ ਦੱਸਿਆ ਕਿ ਡੇਰਾਬੱਸੀ ਵੱਲੋਂ ਸਰਕਾਰੀ ਕਾਲਜ ਡੇਰਾਬੱਸੀ ਅਤੇ ਲਾਲੜੂ ਸਟੇਡੀਅਮ ਵਿੱਚ ਖੇਡ ਮੁਕਾਬਲੇ ਕਰਵਾਏ ਜਾਣਗੇ ਜਦਕਿ ਮਾਜਰੀ ਬਲਾਕ ਦੇ ਮੁਕਾਬਲੇ ਸਪੋਰਟਸ ਸਟੇਡੀਅਮ ਸਿੰਘਪੁਰਾ ਰੋਡ ਕੁਰਾਲੀ ਅਤੇ ਖਾਲਸਾ ਸਕੂਲ ਕੁਰਾਲੀ ਵਿਖੇ ਕਰਵਾਏ ਜਾਣਗੇ। ਇਸੇ ਤਰ੍ਹਾਂ ਮੁਹਾਲੀ ਵੱਲੋਂ ਮਲਟੀਪਰਪਜ਼ ਸਪੋਰਟਸ ਕੰਪਲੈਕਸ ਸੈਕਟਰ 78 ਵਿਖੇ ਬਲਾਕ ਪੱਧਰੀ ਟੂਰਨਾਮੈਂਟ ਕਰਵਾਏ ਜਾਣਗੇ ਜਦਕਿ ਖਰੜ ਵੱਲੋਂ ਸ਼ਹੀਦ ਕਾਂਸ਼ੀ ਰਾਮ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਭਾਗੋ ਮਾਜਰਾ (ਖਰੜ) ਵਿਖੇ ਖੇਡ ਮੁਕਾਬਲੇ ਕਰਵਾਏ ਜਾਣਗੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖੇਡ ਮੁਕਾਬਲਿਆਂ ਲਈ ਉਪ ਮੰਡਲ ਮੈਜਿਸਟਰੇਟ ਮੁਹਾਲੀ, ਡੇਰਾਬੱਸੀ ਅਤੇ ਖਰੜ ਨੋਡਲ ਅਫ਼ਸਰ ਹੋਣਗੇ ਜਦਕਿ ਜ਼ਿਲ੍ਹਾ ਖੇਡ ਅਫ਼ਸਰ, ਐਸ.ਏ.ਐਸ.ਨਗਰ ਖੇਡਾਂ ਦੇ ਨਿਰਵਿਘਨ ਪ੍ਰਬੰਧਾਂ ਲਈ ਸਹਿਯੋਗ ਕਰਨਗੇ।

Scroll to Top