July 2, 2024 11:43 pm
Paddy

ਝੋਨੇ-ਬਾਸਮਤੀ ਦੀ ਅਗੇਤੀ ਬਿਜਾਈ ਹੋ ਸਕਦੀ ਹੈ ਨੁਕਸਾਨਦੇਹ: ਮੁੱਖ ਖੇਤੀਬਾੜੀ ਅਫਸਰ

ਸ੍ਰੀ ਮੁਕਤਸਰ ਸਾਹਿਬ 14 ਮਈ 2024: ਪੰਜਾਬ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਅਨੇਕਾਂ ਹੀ ਉਪਰਾਲੇ ਕੀਤੇ ਜਾ ਰਹੇ ਹਨ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਗੁਰਨਾਮ ਸਿੰਘ ਮੁੱਖ ਖੇਤੀਬਾੜੀ ਅਫਸਰ, ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਕਿਸਾਨ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫ਼ਾਰਿਸ਼ ਕੀਤੀਆਂ ਝੋਨੇ (Paddy) ਦੀਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਕਾਸ਼ਤ ਕਰਕੇ, ਘੱਟ ਖਰਚਾ ਕਰਕੇ, ਵੱਧ ਝਾੜ ਲੈ ਸਕਦੇ ਹਨ।

ਉਹਨਾਂ ਦੱਸਿਆ ਕਿ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦਾ ਪਰਾਲੀ ਪ੍ਰਬੰਧਨ ਕਰਨਾ ਵੀ ਸੌਖਾ ਹੈ। ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਝੋਨੇ ਦੀ ਪਨੀਰੀ 20 ਮਈ ਤੋਂ ਪਹਿਲਾਂ ਨਾ ਬੀਜੀ ਜਾਵੇ ਕਿਉਂਕਿ ਮੌਸਮ ਵਿਭਾਗ ਵੱਲੋਂ ਇਸ ਸਾਲ ਦਰਮਿਆਨੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ।

ਪਿਛਲੇ ਸਾਲਾਂ ਦੇ ਤਜਰਬਿਆਂ ਤੋਂ ਇਹ ਦੇਖਿਆ ਗਿਆ ਹੈ ਕਿ ਝੋਨੇ (Paddy) ਦੀ ਪਛੇਤੀ ਲਵਾਈ ਤੇ ਬਿਮਾਰੀਆਂ ਅਤੇ ਕੀੜੇ ਮਕੌੜਿਆਂ ਦਾ ਹਮਲਾ ਘੱਟ ਹੋਇਆ ਸੀ ਅਤੇ ਝਾੜ ਵੀ ਵੱਧ ਆਇਆ ਸੀ। ਇਸ ਦੇ ਉਲਟ ਪਿਛਲੇ ਸਾਲ ਅਗੇਤੇ ਲਗਾਏ ਝੋਨੇ ਵਿੱਚ ਮੱਧਰੇਪਣ ਦਾ ਰੋਗ ਜ਼ਿਆਦਾ ਦੇਖਣ ਨੂੰ ਮਿਲਿਆ ਸੀ। ਅਗੇਤੇ ਲਗਾਏ ਝੋਨੇ ਦੇ ਪੱਕਣ ਸਮੇਂ ਤਾਪਮਾਨ ਵੱਧ ਹੋਣ ਕਰਕੇ ਫੋਕ ਪੈ ਸਕਦੀ ਹੈ, ਕੁਆਲਟੀ ਤੇ ਮਾੜਾ ਅਸਰ ਪੈ ਸਕਦਾ ਹੈ ਅਤੇ ਝਾੜ ਘੱਟ ਸਕਦਾ ਹੈ। ਬਾਸਮਤੀ ਦੀ ਅਗੇਤੀ ਲਵਾਈ ਕਰਨ ਨਾਲ ਝੰਡਾ ਰੋਗ ਵੱਧ ਆਉਂਦਾ ਹੈ, ਇਸ ਦੀ ਖੁਸ਼ਬੂ ਤੇ ਮਾੜਾ ਅਸਰ ਪਵੇਗਾ ਅਤੇ ਬਾਹਰਲੇ ਦੇਸ਼ਾਂ ਨੂੰ ਭੇਜ਼ਣ ਸਮੇਂ ਮੁਸ਼ਕਿਲ ਆ ਸਕਦੀ ਹੈ।

ਪੰਜਾਬ ਸਰਕਾਰ ਵੱਲੋਂ ਪੰਜਾਬ ਪਰਜਰਵੇਸ਼ਨ ਆਫ ਸਬ ਸੁਆਇਲ ਵਾਟਰ ਐਕਟ 2009 ਤਹਿਤ ਮਿਤੀ 15 ਮਈ 2024 ਤੋਂ ਪਹਿਲਾਂ ਝੋਨੇ ਦੀ ਸਿੱਧੀ ਬਿਜਾਈ (ਡੀ.ਐਸ.ਆਰ) ਅਤੇ ਜਿਲੇ੍ਹ ਅੰਦਰ 11 ਜੂਨ 2024 ਤੋ ਪਹਿਲਾ ਝੋਨੇਂ ਦੀ ਲਵਾਈ ਤੇ ਪੂਰਨ ਤੌਰ ਤੇ ਪਾਬੰਦੀ ਹੈ ਤੇ ਪੰਜਾਬ ਪਰਜਰਵੇਸ਼ਨ ਆਫ ਸਬ ਸੁਆਇਲ ਵਾਟਰ ਐਕਟ 2009 ਦੀ ਉਲੰਘਣਾ ਨਾ ਕੀਤੀ ਜਾਵੇ।

ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਪੂਸਾ-44, ਪੀਲੀ ਪੂਸਾ, ਡੋਗਰ ਪੂਸਾ ਆਦਿ ਦੀ ਕਾਸ਼ਤ ਨਾ ਕੀਤੀ ਜਾਵੇ ਕਿਉਂਕਿ ਇਹ 15 ਤੋਂ 20 ਪ੍ਰ਼ਤੀਸ਼ਤ ਪਾਣੀ ਵੱਧ ਲੈਂਦੀਆਂ ਹਨ। ਇਨ੍ਹਾਂ ਉੱਪਰ ਬਿਮਾਰੀਆਂ ਅਤੇ ਕੀੜੇ ਮਕੌੜਿਆਂ ਦਾ ਹਮਲਾ ਵੱਧ ਹੁੰਦਾ ਹੈ ਅਤੇ ਇਨ੍ਹਾਂ ਦੇ ਪਰਾਲੀ ਪ੍ਰਬੰਧਨ ਸਮੇਂ ਵੀ ਮੁਸ਼ਕਿਲਾਂ ਆਉਂਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨ ਕਿਸੇ ਕਿਸਮ ਦੇ ਰਿਸਕ ਨੂੰ ਕਵਰ ਕਰਨ ਲਈ ਆਪਣੇ ਖੇਤਾਂ ਵਿੱਚ ਇੱਕ ਤੋਂ ਵੱਧ ਕਿਸਮਾਂ ਦੀ ਬਿਜਾਈ ਕਰਨ। ਬੀਜ਼, ਖਾਦ ਅਤੇ ਦਵਾਈ ਖ੍ਰੀਦਣ ਸਮੇਂ ਪੱਕਾ ਬਿੱਲ ਜ਼ਰੂਰ ਲਿਆ ਜਾਵੇ।