June 28, 2024 3:22 pm
PRANEET KAUR

ਤੀਰਅੰਦਾਜ਼ ਪ੍ਰਨੀਤ ਕੌਰ ਨੇ ਏਸ਼ੀਅਨ ਚੈਂਪੀਅਨਸ਼ਿਪ ‘ਚ ਦੋਹਰਾ ਸੋਨ ਤਮਗਾ ਜਿੱਤਿਆ

ਚੰਡੀਗੜ੍ਹ, 9 ਨਵੰਬਰ 2023: ਪੰਜਾਬ ਦੀ ਤੀਰਅੰਦਾਜ਼ ਪ੍ਰਨੀਤ ਕੌਰ (PRANEET KAUR) ਨੇ ਇੱਕ ਹੋਰ ਕੀਰਤੀਮਾਨ ਸਥਾਪਤ ਕਰਦਿਆਂ ਬੈਂਕਾਕ ਵਿਖੇ ਚੱਲ ਰਹੀ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਦੋਹਰਾ ਸੋਨ ਤਮਗਾ ਜਿੱਤਿਆ ਹੈ। ਪ੍ਰਨੀਤ ਕੌਰ ਨੇ ਵਿਅਕਤੀਗਤ ਅਤੇ ਟੀਮ ਵਰਗ ਵਿੱਚ ਸੋਨ ਤਮਗ਼ਾ ਜਿੱਤਿਆ ਹੈ।

ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ਦੀ ਹੋਣਹਾਰ ਤੀਰਅੰਦਾਜ਼ (PRANEET KAUR) ਨੂੰ ਇਸ ਮਾਣਮੱਤੀ ਪ੍ਰਾਪਤੀ ਉੱਤੇ ਵਧਾਈ ਦਿੰਦਿਆਂ ਕਿਹਾ ਕਿ ਹਾਲ ਹੀ ਵਿੱਚ ਏਸ਼ੀਅਨ ਗੇਮਜ਼ ਵਿੱਚ ਸੋਨ ਤਮਗਾ ਜਿੱਤਣ ਤੋਂ ਬਾਅਦ ਹੁਣ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਦੋ ਸੋਨ ਤਮਗੇ ਜਿੱਤ ਕੇ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਖੇਡ ਮੰਤਰੀ ਨੇ ਪ੍ਰਨੀਤ ਕੌਰ ਦੀ ਇਸ ਪ੍ਰਾਪਤੀ ਦਾ ਸਿਹਰਾ ਉਸ ਦੀ ਸਖ਼ਤ ਮਿਹਨਤ ਦੇ ਨਾਲ ਉਸ ਦੇ ਕੋਚ ਸੁਰਿੰਦਰ ਸਿੰਘ ਅਤੇ ਮਾਪਿਆਂ ਸਿਰ ਬੰਨ੍ਹਿਆ।

ਮਾਨਸਾ ਜ਼ਿਲੇ ਦੇ ਪਿੰਡ ਮੰਢਾਲੀ ਦੀ ਪ੍ਰਨੀਤ ਕੌਰ ਨੇ ਜਿੱਥੇ ਹੁਣ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਵਿਅਕਤੀਗਤ ਤੇ ਟੀਮ ਵਰਗ ਵਿੱਚ ਦੋਹਰਾ ਸੋਨ ਤਮਗਾ ਜਿੱਤਿਆ ਉੱਥੇ ਇਸ ਤੋਂ ਪਹਿਲਾਂ ਏਸ਼ੀਅਨ ਗੇਮਜ਼, ਵਿਸ਼ਵ ਚੈਂਪੀਅਨਸ਼ਿਪ ਤੇ ਵਿਸ਼ਵ ਕੱਪ ਵਿੱਚ ਟੀਮ ਵਰਗ ਵਿੱਚ ਵੀ ਸੋਨ ਤਮਗਾ ਜਿੱਤਿਆ ਹੈ।