SAS Nagar

ਚੋਣਵੇਂ ਉਮੀਦਵਾਰਾਂ ਦੀ ਖ਼ਬਰ ਦੇ ਰੂਪ ‘ਚ ਉਸਤਤ ਕਰਨਾ ਹੈ ਪੇਡ ਨਿਊਜ਼: DC ਆਸ਼ਿਕਾ ਜੈਨ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 22 ਮਈ,2024: ਚੋਣਵੇਂ ਉਮੀਦਵਾਰਾਂ ਦੀ ਅਖਬਾਰਾਂ ਵਿੱਚ ਖ਼ਬਰ ਦੇ ਰੂਪ ਵਿੱਚ ਕੀਤੀ ਉਸਤਤ “ਪੇਡ ਨਿਊਜ਼” (paid news) ਦੀ ਸ਼੍ਰੇਣੀ ਵਿੱਚ ਆਉਂਦੀਆਂ ਹਨ, ਜਿਸ ਦੀ ਪ੍ਰੈਸ ਕੌਂਸਲ ਆਫ ਇੰਡੀਆ ਵੱਲੋਂ ਕੀਤੀ ਗਈ ਵਿਆਖਿਆ ਨੂੰ ਮੰਨਦੇ ਹੋਏ ਚੋਣ ਕਮਿਸ਼ਨ ਨੇ ਇਸ ਦਾ ਖਰਚਾ ਉਮੀਦਵਾਰ ਦੇ ਖਾਤੇ ਵਿੱਚ ਪਾਉਣ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।

ਇਹ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਨੇ ਦੱਸਿਆ ਕਿ ਜਿਨ੍ਹਾਂ ਅਖਬਾਰਾਂ ਵਿੱਚ ਕੁਝ ਚੋਣਵੇਂ ਉਮੀਦਵਾਰਾਂ ਦੀ ਗਿਣੀ-ਮਿੱਥੀ ਥਾਂ ਦੇ ਕੇ ਉਹਨਾਂ ਦੀ ਚੋਣ ਮੁਹਿੰਮ ਵਿਸ਼ੇਸ਼ ਤੌਰ ਤੇ ਵੋਟਰਾਂ ਤੇ ਪ੍ਰਭਾਵ ਪਾਉਣ ਲਈ ਉਭਾਰੀ ਜਾਵੇਗੀ ਤਾਂ ਉਸਨੂੰ ‘ਪੇਡ ਨਿਊਜ਼’ ਮੰਨਿਆ ਜਾਵੇਗਾ।

ਉਹਨਾਂ ਕਿਹਾ ਕਿ ਅਜਿਹੀਆਂ ਖ਼ਬਰਾਂ ਦਾ ਉਸ ਅਖ਼ਬਾਰ ਦੇ ਇਸ਼ਤਿਹਾਰ ਦੇ (ਡੀ.ਏ.ਵੀ.ਪੀ) ਰੇਟ ਅਨੁਸਾਰ ਖ਼ਰਚਾ ਉਮੀਦਵਾਰ ਦੇ ਖਾਤੇ ਵਿੱਚ ਪਾਇਆ ਜਾਵੇਗਾ। ਸਮੂਹ ਪ੍ਰਿੰਟ ਅਤੇ ਇਲੈਕਟਰੋਨਿਕ ਮੀਡੀਆ ਤੋਂ ਸਹਿਯੋਗ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੀਆਂ ਖਬਰਾਂ ਛਾਪਣ ਤੋਂ ਗੁਰੇਜ ਕੀਤਾ ਜਾਵੇ। ਉਹਨਾਂ ਦੱਸਿਆ ਕਿ ਰਾਜਨੀਤਿਕ ਪਾਰਟੀਆਂ ਤੋਂ ਇਲਾਵਾ ਮੀਡੀਆ ਹਾਊਸ ਅਤੇ ਸੰਸਦ ਭਵਨ ਵਿੱਚ ਮੈਂਬਰਾਂ ਵੱਲੋਂ ਵੀ ਇਹ ਮੁੱਦਾ ਚੁੱਕਿਆ ਗਿਆ ਹੈ ਅਤੇ ਇਸ ਸਬੰਧੀ ਸਖਤੀ ਵਰਤਣ ਲਈ ਚੋਣ ਕਮਿਸ਼ਨ ਨੂੰ ਬੇਨਤੀ ਕੀਤੀ ਗਈ ਹੈ।

ਇਸ ਸਬੰਧੀ ਚੋਣ ਕਮਿਸ਼ਨ ਨੇ ਜਨ ਪ੍ਰਤੀਨਿਧੀ ਐਕਟ 1951 ਵਿੱਚ ਤਰਮੀਮ ਕਰਕੇ ਦੋ ਸਾਲ ਦੀ ਸਜ਼ਾ ਦੇ ਪ੍ਰਾਵਧਾਨ ਦੀ ਤਜ਼ਵੀਜ਼ ਵੀ ਭੇਜੀ ਹੋਈ ਹੈ। ਉਹਨਾਂ ਦੱਸਿਆ ਕਿ ਅਖਬਾਰਾਂ, ਟੈਲੀਵਿਜ਼ਨ ਅਤੇ ਸੋਸ਼ਲ ਮੀਡੀਆ ਵਿੱਚ ਨਸ਼ਰ ਹੋ ਰਹੀਆਂ ਖ਼ਬਰਾਂ ਦੀ ਲਗਾਤਾਰ ਨਜ਼ਰਸਾਨੀ ਲਈ ਜ਼ਿਲ੍ਹਾ ਪੱਧਰੀ ਐਮ.ਸੀ.ਐਮ.ਸੀ (ਮੀਡੀਆ ਸਰਟੀਫਿਕੇਸ਼ਨ ਤੇ ਮੋਨੀਟਰਿੰਗ ਕਮੇਟੀ) ਦਾ ਗਠਨ ਕੀਤਾ ਗਿਆ ਹੈ। ਇਹ ਕਮੇਟੀ ਮੁੱਲ ਦੀਆਂ ਖ਼ਬਰਾਂ (paid news) ਅਤੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲੀਆਂ ਖਬਰਾਂ ਸਬੰਧੀ ਉਮੀਦਵਾਰ ਨੂੰ ਜ਼ਿਲ੍ਹਾ ਚੋਣ ਅਫ਼ਸਰ/ਆਰ.ਓ./ ਏ ਆਰ ਓ ਰਾਹੀਂ ਸਮੇਂ-ਸਮੇਂ ਤੇ ਨੋਟਿਸ ਜਾਰੀ ਕਰਵਾਉਣ ਲਈ ਪਾਬੰਦ ਹੈ ।

ਉਨ੍ਹਾਂ ਦੱਸਿਆ ਕਿ ਜ਼ਿਲਾ ਪੱਧਰੀ ਐਮ.ਸੀ.ਐਮ.ਸੀ ਦੇ ਪੇਡ ਨਿਊਜ਼ ਸਬੰਧੀ ਲਏ ਫ਼ੈਸਲੇ ਖਿਲਾਫ ਉਮੀਦਵਾਰ ਨੋਟਿਸ ਮਿਲਣ ਦੇ 48 ਘੰਟੇ ਵਿੱਚ ਸਟੇਟ ਲੈਵਲ ਐਮ.ਸੀ.ਐਮ.ਸੀ ਵਿਖੇ ਅਪੀਲ ਕਰ ਸਕਦਾ ਹੈ ਅਤੇ ਸਟੇਟ ਲੈਵਲ ਐਮ.ਸੀ.ਐਮ.ਸੀ. ਦੇ ਫ਼ੈਸਲੇ ਖਿਲਾਫ ਅਗਲੇ 48 ਘੰਟੇ ਚ ਮੁੱਖ ਚੋਣ ਕਮਿਸ਼ਨ ਤੱਕ ਜਾ ਸਕਦਾ ਹੈ, ਜਿਸ ਦਾ ਫੈਸਲਾ ਅੰਤਿਮ ਹੋਵੇਗਾ ।

ਉਹਨਾਂ ਇਹ ਵੀ ਦੱਸਿਆ ਕਿ ਇੱਕੋ ਅਖਬਾਰ ਵਿੱਚ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੀ ਇੱਕੋ ਅਕਾਰ ਵਿੱਚ ਛਪੀਆਂ ਖਬਰਾਂ ਜਿਸ ਵਿੱਚ ਉਮੀਦਵਾਰ ਦੀ ਉਸਤਤ (ਵਡਿਆਈ) ਕੀਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਦੋਨੋਂ ਉਮੀਦਵਾਰਾਂ ਨੂੰ ਸਾਰੀ ਜਨਤਾ (ਹਰ ਵਰਗ) ਦਾ ਸਮਰਥਨ ਪ੍ਰਾਪਤ ਹੈ ਅਤੇ ਇਹ ਉਮੀਦਵਾਰ ਜਿੱਤ ਦਰਜ ਕਰ ਸਕਦਾ ਹੈ, ਵੀ ਸ਼ੱਕੀ ਪੇਡ ਨਿਊਜ਼ ਦੀ ਸ਼੍ਰੇਣੀ ਵਿੱਚ ਆਉਂਦੀ ਹੈ। ਜਿਨ੍ਹਾਂ ਖਬਰਾਂ ਦੀ ਸੁਰਖੀ ਵਿੱਚ ਲਿਖਿਆ ਗਿਆ ਹੋਏ ਕਿ ਇੱਕ ਉਮੀਦਵਾਰ ਨੂੰ ਸਾਰੀ ਜਨਤਾ ਦਾ ਸਮਰਥਨ ਪ੍ਰਾਪਤ ਹੈ, ਵੀ ਪੇਡ ਨਿਊਜ਼ ਹੈ। ਕਿਸੇ ਛੋਟੇ ਰਾਜਨੀਤਿਕ ਪ੍ਰੋਗਰਾਮ ਦੀ ਵਧਾ ਚੜ੍ਹਾ ਕੇ ਕੀਤੀ ਗਈ ਲਗਾਤਾਰ ਕਵਰੇਜ ਵੀ ਪੇਡ ਨਿਊਜ਼ ਹੈ ।

ਉਨ੍ਹਾਂ ਕਿਹਾ ਕਿ ਮੀਡੀਆ ਦੀ ਭਰੋਸੇਯੋਗਤਾ ਨੂੰ ਲੋਕਾਂ ਚ ਬਰਕਰਾਰ ਰੱਖਣ ਅਤੇ ਵੋਟਰਾਂ ਦੀ ਆਪਣੀ ਵੋਟ ਪ੍ਰਤੀ ਨਿਰਪੱਖਤਾ ਨੂੰ ਪ੍ਰਭਾਵਿਤ ਨਾ ਹੋਣ ਦੇਣ ਚ ਮੀਡੀਆ ਦੀ ਭੂਮਿਕਾ ਬਹੁਤ ਅਹਿਮ ਹੈ, ਇਸ ਲਈ ਪੇਡ ਨਿਊਜ਼ ਦੀ ਬੁਰਾਈ ਤੋਂ ਬਚਣਾ ਲੋਕਤੰਤਰ ਦੀ ਮਜ਼ਬੂਤੀ ਚ ਅਹਿਮ ਯੋਗਦਾਨ ਹੋਵੇਗਾ।

Scroll to Top