ਲੁਧਿਆਣਾ, 2 ਮਾਰਚ 2023: ਕਿਲ੍ਹਾ ਰਾਏਪੁਰ ਨਾਲ ਸਬੰਧਤ ਪਰਿਵਾਰ ਦੀ ਧੀਅ ਅਤੇ ਕੈਲਗਰੀ ਦੀ ਫੀਲਡ ਹਾਕੀ ਖਿਡਾਰਨ ਪ੍ਰਭਲੀਨ ਕੌਰ ਗਰੇਵਾਲ ਦੀ ਚੋਣ ਕੈਨੇਡਾ ਦੀ ਜੂਨੀਅਰ ਟੀਮ (ਅੰਡਰ-18) ਲਈ ਹੋ ਗਈ ਹੈ। ਕੈਲਗਰੀ ਦੇ ਕਿੰਗਜ਼ ਇਲੈਵਨ ਫੀਲਡ ਹਾਕੀ ਕਲੱਬ ਦੀ ਖਿਡਾਰਨ ਪ੍ਰਭਲੀਨ ਇਹ ਮੁਕਾਮ ਹਾਸਲ ਕਰਨ ਵਾਲੀ ਅਲਬਰਟਾ ਸੂਬੇ ਦੀ ਪਹਿਲੀ ਪੰਜਾਬੀ ਖਿਡਾਰਨ ਹੈ।
ਇਹ ਜੂਨੀਅਰ ਟੀਮ ਅਪਰੈਲ ਦੇ ਮਹੀਨੇ ਫਰਾਂਸ ਦਾ ਦੌਰਾ ਕਰੇਗੀ ਜਿੱਥੇ ਇੱਰ ਟੈਸਟ ਮੈਚ ਸੀਰੀਜ਼ ਖੇਡੀ ਜਾਵੇਗੀ। ਇਸ ਤੋਂ ਪਹਿਲਾਂ ਪ੍ਰਭਲੀਨ ਨੇ 2022 ਦੀ ਨੈਸ਼ਨਲ ਫੀਲਡ ਹਾਕੀ ਚੈਂਪੀਅਨਸ਼ਿਪ (ਅੰਡਰ-18) ਵਿੱਚ ਅਲਬਰਟਾ ਦੀ ਟੀਮ ਵਲੋਂ ਭਾਗ ਲਿਆ ਜਿਸ ਵਿੱਚ ਅਲਬਰਟਾ ਨੇ ਚਾਂਦੀ ਦਾ ਤਮਗਾ ਹਾਸਲ ਕੀਤਾ ਸੀ।ਇਸ ਚੈਂਪੀਅਨਸ਼ਿਪ ਤੋਂ ਬਾਅਦ ਫੀਲਡ ਹਾਕੀ ਕੈਨੇਡਾ ਵਲੋਂ ਟ੍ਰਾਇਲ ਰੱਖੇ ਗਏ ਸਨ ਜਿਸ ਦੇ ਆਧਾਰ ਤੇ ਪ੍ਰਭਲੀਨ ਦੀ ਚੋਣ ਨੈਸ਼ਨਲ ਜੂਨੀਅਰ ਕੈਪ ਲਈ ਹੋ ਗਈ ਤੇ ਹੁਣ ਫਰਵਰੀ ਦੇ ਮਹੀਨੇ ਜੂਨੀਅਰ ਟੀਮ ਦਾ ਐਲਾਨ ਕੀਤਾ ਗਿਆ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪ੍ਰਭਲੀਨ ਗਰੇਵਾਲ ਦੀ ਵੱਡੀ ਭੈਣ ਹਰਲੀਨ ਗਰੇਵਾਲ ਕੌਮੀ ਪੱਧਰ ਤੇ ਫੀਲਡ ਹਾਕੀ ਵਿੱਚ ਚੰਗਾ ਨਾਮ ਕਮਾ ਚੁੱਕੀ ਹੈ। 2011-12 ਵਿੱਚ ਜਦੋਂ ਕੈਲਗਰੀ ਵਿੱਚ ਪੰਜਾਬੀ ਕੁੜੀਆਂ ਦੁਆਰਾ ਫੀਲਡ ਹਾਕੀ ਖੇਡਣ ਵਿੱਚ ਕਿਸੇ ਨੇ ਪਹਿਲ ਨਹੀਂ ਕੀਤੀ ਸੀ ਤਾਂ ਹਰਲੀਨ ਨੇ ਇੱਕ ਨਵੀਂ ਪਿਰਤ ਪਾਉਂਦਿਆਂ ਇਸ ਹਾਕੀ ਖੇਡਣੀ ਸ਼ੁਰੂ ਕੀਤੀ ਸੀ। ਪ੍ਰਭਲੀਨ ਹੁਣ ਫੀਲਡ ਹਾਕੀ ਕੈਨੇਡਾ ਦੇ ਨੈਸ਼ਨਲ ਟਰੇਨਿੰਗ ਪ੍ਰੋਗਰਾਮ ਵਿੱਚ ਹਿੱਸਾ ਲਵੇਗੀ ਜਿਸ ਦੇ ਆਧਾਰ ਤੇ ਕੈਨੇਡਾ ਦੀਆਂ ਭਵਿੱਖ ਦੀਆਂ ਕੌਮੀ ਟੀਮਾਂ ਤਿਆਰ ਕੀਤੀਆਂ ਜਾਂਦੀਆਂ ਹਨ।
ਪ੍ਰਭਲੀਨ ਦੇ ਪਿਤਾ ਸੁਖਵੀਰ ਗਰੇਵਾਲ ਨੇ ਦੱਸਿਆ ਕਿ ਉਹਨਾਂ ਦੇ ਪੂਰੇ ਪਰਿਵਾਰ ਨੂੰ ਮਾਣ ਹੈ ਕਿ ਉਹਨਾਂ ਦੀਆਂ ਬੇਟੀਆਂ ਨੇ ਆਪਣੇ ਜੱਦੀ ਪਿੰਡ ਕਿਲਾ ਰਾਏਪੁਰ ਦੀ ਖੇਡ ਹਾਕੀ ਵਿੱਚ ਨਾਮਣਾ ਖੱਟਿਆ ਹੈ। ਉਹਨਾਂ ਦੱਸਿਆ ਕਿ ਜੂਨੀਅਰ ਨੈਸ਼ਨਲ ਕੈਂਪ ਵਰਗਾ ਇਹ ਪ੍ਰੋਗਰਾਮ ਕਾਫੀ ਮਿਹਨਤ ਦੀ ਮੰਗ ਕਰਦਾ ਹੈ ਜਿਸ ਨੂੰ ਪੜਾਈ ਦੇ ਨਾਲ ਜਾਰੀ ਰੱਖਣਾ ਇੱਕ ਚੁਣੌਤੀ ਵੀ ਹੈ।
ਉਹਨਾਂ ਕਿੰਗਜ਼ ਇਲੈਵਨ ਦੇ ਕੋਚ ਜੱਗੀ ਧਾਲੀਵਾਲ ਤੇ ਕਲੱਬ ਦੀ ਸਮੁੱਚੀ ਪ੍ਰਬੰਧਕੀ ਟੀਮ ਦਾ ਧੰਨਵਾਦ ਕੀਤਾ ਜਿਹਨਾਂ ਦੇ ਸਹਿਯੋਗ ਸਦਕਾ ਪ੍ਰਭਲੀਨ ਨੇ ਇਹ ਮੁਕਾਮ ਹਾਸਲ ਕੀਤਾ ਤੇ ਕੋਚ ਦਿਲਪਾਲ ਸਿੰਘ ਦਾ ਵੀ ਸ਼ੁਕਰਾਨਾ ਕੀਤਾ ਜਿਹਨਾਂ ਤੋਂ ਪ੍ਰਭਲੀਨ ਨੇ ਹਾਕੀ ਫੜਨੀ ਸਿੱਖੀ। ਉਹਨਾਂ ਦੇ ਪਰਿਵਾਰ ਨੂੰ ਆਸ ਹੈ ਕਿ ਹਰਲੀਨ ਅਤੇ ਪ੍ਰਭਲੀਨ ਦੀਆਂ ਇਹਨਾਂ ਪਹਿਲਕਦਮੀਆਂ ਤੋਂ ਕੈਨੇਡਾ ਰਹਿੰਦੇ ਪਰਿਵਾਰ ਪ੍ਰੇਰਿਤ ਹੋ ਕੇ ਆਪਣੀਆਂ ਬੱਚੀਆਂ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਹੱਲਾਸ਼ੇਰੀ ਦੇਣਗੇ।