July 5, 2024 12:19 am
PPCC

ਪਾਵਰਕਾਮ ਨੇ ਮੰਗਾਂ ਮੰਨਣ ਤੋਂ ਕੀਤਾ ਕਿਨਾਰਾ- ਜੇ.ਈ ਐਸੋਸੀਏਸ਼ਨ ਵੱਲੋਂ ਲੁਧਿਆਣਾ ਵਿਖੇ ਤੀਜਾ ਲੜੀਵਾਰ ਧਰਨਾ

ਲੁਧਿਆਣਾ, 03 ਜੁਲਾਈ 2023: ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰਜ਼, ਪੰਜਾਬ ਦੇ ਪ੍ਰਧਾਨ ਇੰਜ ਰਣਜੀਤ ਸਿੰਘ ਢਿੱਲੋਂ ਅਤੇ ਜਰਨਲ ਸਕੱਤਰ ਇਹ ਹਰਮਨਦੀਪ ਦੁਆਰਾ ਪ੍ਰੈਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪਾਵਰਕਾਮ ਦੇ ਜੂਨੀਅਰ ਇੰਜੀਨੀਅਰ ਦੀਆਂ ਮੰਗਾਂ ਜੋ ਐਸੋਸੀਏਸ਼ਨ ਵਲੋਂ ਲਗਭਗ 7-8 ਮਹਿਨੇ ਪਹਿਲਾਂ ਪਾਵਰਕਾਮ ਨੂੰ ਆਪਣੇ ਰਿਮਾਂਡ ਚਾਰਟਰ ਵਿੱਚ ਸਪੁਰਦ ਕੀਤੀਆਂ ਸਨ, ਉਨ੍ਹਾਂ ਨੂੰ ਪਾਵਰਕਾਮ ਦੀ ਮੈਨੇਜਮੈਂਟ ਵਲੋਂ ਅਣਗੌਲਿਆ ਕੀਤਾ ਗਿਆ ਹੈ |

ਜਿਸ ਕਰਕੇ ਪੂਰੇ ਜੇ.ਈ. ਕੇਡਰ ਵਿੱਚ ਭਾਰੀ ਰੋਸ ਹੈ। ਐਸੋਸੀਏਸ਼ਨ ਵਲੋਂ ਆਪਣੇ ਮੰਗ ਪੱਤਰ ਵਿੱਚ ਫੀਲਡ ਅਤੇ ਸਪਲਾਈ ਸੁਧਾਰ ਵਿੱਚ ਆ ਰਹੀਆਂ ਅਨੇਕਾਂ ਦਿੱਕਤਾਂ ਸਮੇਤ ਉਨ੍ਹਾਂ ਦੇ ਹੱਲ ਸ਼ਾਮਲ ਕੀਤੇ ਸਨ, ਜਿਨ੍ਹਾਂ ਨਾਲ ਪੰਜਾਬ ਦੀ ਆਮ ਜਨਤਾ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਵਿਚ ਆ ਰਹੀਆਂ ਦਿੱਕਤਾਂ ਦਾ ਹੱਲ ਕੀਤਾ ਜਾ ਸਕਦਾ ਸੀ, ਪਰੰਤੂ ਪਾਵਰਕਾਮ ਮੈਨੇਜਮੈਂਟ ਵਲੋਂ ਇਨ੍ਹਾਂ ਸੁਝਾਵਾਂ ਨੂੰ ਮੰਨਣਾ ਤਾਂ ਦੂਰ ਇਨ੍ਹਾਂ ਨੂੰ ਸਿਰੇ ਤੋਂ ਨਕਾਰਿਆ ਜਾ ਰਿਹਾ ਹੈ, ਜਿਸ ਦਾ ਖਮਿਆਜਾ ਅੱਜ ਪੰਜਾਬ ਦੀ ਆਮ ਜਨਤਾ ਭੁਗਤ ਰਹੀ ਹੈ।

ਐਸੋਸੀਏਸ਼ਨ ਵੱਲੋਂ ਦੱਸਿਆ ਗਿਆ ਕਿ ਸਟਾਫ ਅਤੇ ਸਾਧਨਾਂ ਦੀ ਘਾਟ ਕਾਰਨ ਬੀਤੇ ਸ਼ੁੱਕਰਵਾਰ ਰਾਤ ਜਲੰਧਰ ਲਾਬੜਾਂ ਸਬ-ਡਿਵੀਜਨ ਵਿਖੇ ਇੱਕ ਜੇ.ਈ. ਬੁਰੀ ਤਰਾਂ ਜਖਮੀ ਹੋ ਗਿਆ ਹੈ, ਜੋ ਕਿ ਆਈ.ਸੀ.ਯੂ. ਵਿੱਚ ਆਪਣੀ ਜਿੰਦਗੀ-ਮੌਤ ਜੋ ਲੜਾਈ ਲੜ ਰਿਹਾ ਹੈ। ਦੂਜੇ ਪਾਸੇ ਇਨ੍ਹਾਂ ਦਿੱਕਤਾਂ ਕਰਕੇ ਪਠਾਨਕੋਟ ਵਿਖੇ ਜੇ.ਈ. ਨੂੰ ਵੀ ਆਮ ਜਨਤਾ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਇਹੋ ਜਿਹੀ ਘਟਨਾਵਾਂ ਦੀ ਐਸੋਸੀਏਸ਼ਨ ਸਖਤ ਨਿੰਦਾ ਕਰਦੀ ਹੈ ਅਤੇ ਪਾਵਰਕਾਮ ਮੈਨੇਜਮੈਂਟ ਨੂੰ ਅਪੀਲ ਕਰਦੀ ਹੈ ਕਿ ਜੇ.ਈ. ਦੀਆਂ ਮੁਸ਼ਕਲਾਂ ਜਲਦ ਹਾਲ ਕੀਤੀਆਂ ਜਾਣ ਕਿਉਂਕਿ ਇਸ ਦਾ ਸਿੱਧਾ ਅਸਰ ਆਮ ਜਨਤਾ ਦੀ ਬਿਜਲੀ ਸਪਲਾਈ ‘ਤੇ ਪੈ ਰਿਹਾ ਹੈ ਅਤੇ ਜੇ.ਈ. ਕਡਰ ਇਸਦਾ ਸਿੱਧਾ ਸ਼ਿਕਾਰ ਹੋ ਰਿਹਾ ਹੈ।

ਇਸ ਤੋਂ ਇਲਾਵਾ ਐਸੋਸੀਏਸ਼ਨ ਵੱਲੋਂ ਇਹ ਵੀ ਦੱਸਿਆ ਗਿਆ ਕਿ ਪਾਵਰਕਾਮ ਦੀ ਰੀੜ ਦੀ ਹੱਡੀ ਕਿਹਾ ਜਾਣ ਵੱਲੋਂ ਜੇ.ਈ. ਕੇਡਰ ਅੱਜ 24 ਘੰਟੇ ਕੰਮ ਕਰਕੇ ਬਿਜਲੀ ਸਪਲਾਈ ਚਲਾ ਰਿਹਾ ਹੈ, ਪਰੰਤੂ ਫਿਰ ਵੀ ਪਾਵਰਕਾਮ ਦੇ ਜੇ.ਈ. ਨੂੰ ਵੱਧ ਘੰਟੇ ਕੰਮ ਕਰਨ ਦੇ ਬਾਵਜੂਦ ਵੀ ਪੰਜਾਬ ਸਰਕਾਰ ਦੇ ਜੇ.ਈ. ਨਾਲ ਘੱਟ ਤਨਖਾਹ ਦਿੱਤੀ ਜਾ ਰਹੀ ਹੈ। ਜਿੱਥੇ ਪਾਵਰਕਾਮ ਦੇ ਵੱਖ-ਵੱਖ ਕੇਡਰ ਜਿਵੇਂ ਕਿ ਕਲੈਰੀਕਲ, ਅਕਾਊਂਟਸ ਅਤੇ ਗਜਟਰ ਇੰਜੀਨੀਅਰਜ਼ ਪੰਜਾਬ ਸਰਕਾਰ ਦੇ ਹਮਰੁਤਬਾ ਕੇਡਰਾਂ ਨਾਲੋਂ ਵੱਧ ਤਨਖਾਹ ਪ੍ਰਾਪਤ ਕਰ ਰਹੇ ਹਨ, ਉੱਥੇ ਹੀ ਪਾਵਰਕਾਮ ਦੇ ਇੱਕਲੇ ਜੂਨੀਅਰ ਇੰਜੀਨੀਅਰ ਕੇਡਰ ਨੂੰ ਪੰਜਾਬ ਸਰਕਾਰ ਦੇ ਹਮਰੁਤਬਾ ਜੇ.ਈ. ਤੋਂ ਕਾਫੀ ਘੱਟ ਤਨਖ਼ਾਹ ਦਿੱਤੀ ਜਾ ਰਹੀ ਹੈ |

ਅੱਜ ਪਾਵਰਕਾਮ ਦਾ ਜੂਨੀਅਰ ਇੰਜੀਨੀਅਰ ਵੱਧ ਘੰਟੇ ਕੰਮ ਘੱਟ ਤਨਖ਼ਾਹ ਕਰਕੇ ਆਪਣੇ ਸੰਵੀਧਾਨਿਕ ਸਮਾਨਤਾ ਦੇ ਅਧਿਕਾਰ ਦੀ ਉਲੰਘਣਾ ਦਾ ਸ਼ਿਕਾਰ ਹੋਇਆ ਤਾਂ ਮਹਿਸੂਸ ਕਰ ਹੀ ਰਿਹਾ ਹੈ, ਇਸਦੇ ਨਾਲ ਹੀ 24 ਘੰਟੇ ਕੰਮ ਕਰਨ ਕਾਰਨ ਮਾਨਸਿਕ ਅਤੇ ਸਰੀਰਕ ਤੌਰ ‘ਤੇ ਵੀ ਦਿੱਕਤਾਂ ਦਾ ਸਾਹਮਣਾ ਕਰ ਰਿਹਾ ਹੈ।

ਐਸੋਸੀਏਸ਼ਨ ਵੱਲੋਂ ਜੇ.ਈ ਕੇਡਰ ਦੀਆਂ ਉਠਾਈਆਂ ਗਈਆਂ ਮੰਗਾਂ ਜਿਵੇਂ ਕਿ ਡਿਊਟੀ ਦੌਰਾਨ ਹਾਦਸੇ ਲਈ ਜੇ.ਈਜ਼ ਦੇ ਨਾਮ ਉੱਤੇ ਐੱਫ.ਆਈ.ਆਰ ਜਾਰੀ ਕਰਨ ਦੀ ਪ੍ਰਥਾ ਨੂੰ ਬੰਦ ਕਰਵਾਉਣਾ, ਪਾਵਰਕਾਮ ਦੇ ਜੇ.ਈ. ਦੀ ਪੰਜਾਬ ਸਰਕਾਰ ਦੇ ਹਮਰਟਰ ਜੇ.ਈ. ਨਾਲ ਬਾਕੀ ਕਡਰਾਂ ਵਾਂਗ ਫਰਕ ਬਣਾਕੇ ਮੁੱਢਲੀ ਤਨਖ਼ਾਹ ਵਿਚ ਵਾਧਾ ਕਰਨਾ, ਸੀ.ਆਰ.ਏ. 291/19 ਵਿੱਚ ਭਰਤੀ ਹੋਏ ਜੇਈਜ਼ ‘ਤੇ ਥੋਪ ਸੈਂਟਰ ਦੇ ਸਕੇਲਾਂ ਨੂੰ ਵਾਪਸ ਲੈਣਾ, ਜੇ.ਈ. ਦੀ ਡਿਊਟੀ ਘੰਟੇ ਫਿਕਸ ਕਰਨਾ, ਫੀਲਡ ਦਿੱਕਤਾਂ ਦਾ ਜਲਦ ਤੋਂ ਜਲਦ ਨਿਪਟਾਰਾਂ ਕਰਨਾ, ਪ੍ਰਮੋਸ਼ਨ ਕੋਟੇ ਵਿਚ ਵਾਧਾ ਕਰਨਾ, ਪੈਟਰੋਲ ਭੱਤਾ 30 ਲੀਟਰ ਤੋਂ ਵਧਾ ਕੇ 80 ਲੀਟਰ ਕਰਨਾ, ਫੀਲਡ ਵਿੱਚ ਸਟਾਫ ਦੀ ਘਾਟ ਨੂੰ ਪੂਰਾ ਕਰਨਾ, ਰਾਤ ਸਮੇਂ ਪੇਂਡੂ ਖੇਤਰਾਂ ਵਿਚ ਕੰਪਲੇਂਟ ਸੈਂਟਰ ਸਥਾਪਿਤ ਕਰਨਾ ਆਦਿ ਪਾਵਰਕਾਮ ਵੱਲੋਂ ਅਣਗੌਲਿਆ ਕੀਤਾ ਗਿਆ ਹੈ।

ਜਿਸ ਦੇ ਰੋਸ ਵਜੋਂ ਮਿਤੀ 26,06.2023 ਨੂੰ ਪਾਵਰਕਾਮ ਪਟਿਆਲਾ ਦੇ ਦੱਖਣ ਜੋਨ, 28.06.2023 ਨੂੰ ਪਾਵਰਕਾਮ ਬਠਿੰਡਾ ਦੇ ਪੱਛਮ ਜੌਨ ਦੇ ਬਾਹਰ ਵਿਸ਼ਾਲ ਧਰਨੇ ਦਿੱਤੇ ਗਏ ਸਨ ਅਤੇ ਇਸ ਦੀ ਲਗਾਤਾਰਤਾ ਵਿਚ ਅੱਜ 03.072023 ਨੂੰ ਪਾਵਰਕਾਮ ਦੇ ਕੇਂਦਰੀ ਜੋਨ, ਲੁਧਿਆਣਾ ਦੇ ਬਾਹਰ ਜੋਨ ਦੇ ਸਮੂਹ ਜੋ.ਈਜ਼ ਵਲੋਂ ਇਹ ਧਰਨਾ ਲਗਾਇਆ ਗਿਆ ਹੈ। ਐਸੋਸੀਏਸ਼ਨ ਵੱਲੋਂ ਇਹ ਵੀ ਦੱਸਿਆ ਗਿਆ ਕਿ ਜੇਕਰ ਪਾਵਰਕਾਮ ਮੈਨੇਜਮੈਂਟ ਹਾਲੇ ਵੀ ਆਪਣੇ ਇਸ ਨਕਰਾਤਮਕ ਰਵੱਈਆਂ ਨੂੰ ਛੱਡਕੇ ਕੰਮ ਕਰਨ ਵਾਲੇ ਜੂਨੀਅਰ ਇੰਜੀਨੀਅਰ ਕੇਡਰ ਦੀਆਂ ਜਾਇਜ਼ ਮੰਗਾਂ ਦਾ ਹੱਲ ਨਹੀਂ ਕਰਦੀ ਤਾਂ 05,07,2023 ਨੂੰ ਉੱਤਰੀ ਅਤੇ ਸਰਹੱਦੀ ਜੋਨ ਦਾ ਧਰਨਾ ਜਲੰਧਰ ਵਿਖੇ ਲਗਾ ਕੇ ਪਾਵਰਕਾਮ ਦੇ ਨਾਹ ਪੱਖੀ ਰਵੱਈਏ ਦਾ ਪਿੱਟ ਸਿਆਪਾ ਕੀਤਾ ਜਾਵੇਗਾ। ਇਸ ਤੋਂ ਬਾਅਦ ਜੂਨੀਅਰ ਇੰਜੀਨੀਅਰ 06.07.2023 ਤੋਂ ਸਟੇਰਾਂ ਅਤੇ ਐਮਈਜ਼ ਦਾ ਬਾਈਕਾਟ ਕਰਨਗੇ ਅਤੇ ਕੋਈ ਵੀ ਸਮਾਨ ਮੀਟਰ ਨਹੀਂ ਕੱਢਵਾਇਆ ਜਾਵੇਗਾ।

ਮਿਤੀ 14,07,2023 ਤੋਂ ਜੂਨੀਅਰ ਇੰਜਨੀਅਰ ਬਾਈਕਾਟ ਦੇ ਨਾਲ-ਨਾਲ ਪੂਰੀ ਤਰਾਂ ਵਰਕ-ਟੂ -ਰੁਲ ‘ਤੇ ਜਾਣਗੇ ਅਤੇ ਦਫਤਰੀ ਸਮੇਂ ਤੋਂ ਬਾਅਦ ਆਪਣਾ ਫੋਨ ਵੀ ਸਵਿੱਚ-ਆਫ ਰੱਖਣਗੇ, ਜਿਸ ਦੌਰਾਨ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਦੀ ਜ਼ਿੰਮੇਵਾਰੀ ਪਾਵਰਕਾਮ ਮੈਨੇਜਮੈਂਟ ਦੀ ਹੋਵੇਗੀ। ਐਸੋਸੀਏਸ਼ਨ ਨੇ ਅੱਗੇ ਸਪੱਸ਼ਟ ਕੀਤਾ ਕਿ ਪਾਵਰਕਾਮ ਵਲੋਂ ਅਣਗੌਲਿਆ ਕਰਨ ਦੀ ਸੂਰਤ ਵਿੱਚ ਜੂਨੀਅਰ ਇੰਜਨੀਅਰ ਆਪਣਾ ਅੰਦੋਲਨ ਹੋਰ ਤਿੱਖਾ ਕਰਨ ਵਿਚ ਬਿਲਕੁਲ ਵੀ ਗੁਰੇਜ ਨਹੀਂ ਕਰਨਗੇ।

ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਆਪਣੀਆਂ ਜਾਇਜ਼ ਮੰਗਾਂ ਨੂੰ ਹਲ ਕਰਵਾਉਣ ਲਈ ਹਰ ਸਾਰਥਕ ਕਦਮ ਚੁੱਕਣ ਵਿੱਚ ਵਚਨਬੱਧ ਰਹੇਗੀ । ਐਸੋਸੀਏਸ਼ਨ ਦਾ ਧੱਕਾ ਵਿਸ਼ਵਾਸ ਹੈ ਕਿ ਇਨ੍ਹਾਂ ਮੰਗਾਂ ਨੂੰ ਹੱਲ ਕਰਨ ਨਾਲ ਨਾ ਸਿਰਫ ਜੇ.ਈ. ਨੂੰ ਸਿੱਧੇ ਤੌਰ ‘ਤੇ ਫਾਇਦਾ ਹੋਵੇਗਾ ਬਲਕਿ ਪੰਜਾਬ ਦੀ ਆਮ ਜਨਤਾ ਨੂੰ ਵੀ ਵਧੀਆ ਬਿਜਲੀ ਸਪਲਾਈ ਦਿੱਤੀ ਜਾ ਸਕੇਗੀ।