ਥਰਮਲ ਪਲਾਂਟ ਬੰਦ ਹੋਣ ਨਾਲ ਪੰਜਾਬ ‘ਚ ਬਿਜਲੀ ਸੰਕਟ, ਲੱਗ ਸਕਦੇ ਨੇ 2 ਤੋਂ 6 ਘੰਟੇ ਤੱਕ ਬਿਜਲੀ ਕੱਟ

ਬਿਜਲੀ

ਚੰਡੀਗੜ੍ਹ 27 ਅਪ੍ਰੈਲ 2022:ਪੰਜਾਬ ਸਰਕਾਰ ਦੁਆਰਾ ਸੂਬੇ ‘ਚ ਮੁਫ਼ਤ ਬਿਜਲੀ ਦਾ ਐਲਾਨ ਕਰ ਚੁੱਕੀ ਹੈ | ਪਰ ਦੂਜੇ ਪਾਸੇ ਕੋਲਾ ਸੰਕਟ ਦੇ ਨਾਲ ਬਿਜਲੀ ਉਤਪਾਦਨ ‘ਚ ਕਮੀ ਆ ਰਹੀ ਹੈ | ਇਸਦਾ ਕਾਰਨ ਪੰਜਾਬ ਵਿਚ ਸਥਿਤ ਸਰਕਾਰੀ ਤੇ ਨਿੱਜੀ ਥਰਮਲਾਂ ਦੇ 15 ਯੂਨਿਟਾਂ ਵਿਚੋਂ ਪੰਜ ਯੂਨਿਟ ਨੇ ਬਿਜਲੀ ਉਤਪਾਦਨ ਬੰਦ ਕਰ ਦਿੱਤਾ ਹੈ। ਜਿਸਦੇ ਚੱਲਦੇ 2010 ਮੈਗਾਵਾਟ ਬਿਜਲੀ ਦੀ ਘਾਟ ਪੈਦਾ ਹੋ ਗਈ ਹੈ ਤੇ ਇਸ ਦਾ ਸਪਲਾਈ ’ਤੇ ਅਸਰ ਪੈਣਾ ਸ਼ੁਰੂ ਹੋ ਗਿਆ ਹੈ।

ਜਿਕਰਯੋਗ ਹੈ ਕਿ ਮੰਗਲਵਾਰ ਨੂੰ ਮੰਗ ਤੇ ਸਪਲਾਈ ਵਿਚ ਫਰਕ ਪੈਣ ’ਤੇ ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਲੋਕਾਂ ਨੂੰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪਿਆ ਹੈ। ਪੰਜਾਬ ਦੇ ਪੰਜ ਥਰਮਲ ਪਲਾਂਟ, ਜਿਨ੍ਹਾਂ ਵਿੱਚੋਂ ਤਿੰਨ ਨਿੱਜੀ ਅਤੇ ਦੋ ਸਰਕਾਰੀ ਮਾਲਕੀ ਵਾਲੇ ਹਨ, ਵਿੱਚ ਕੁੱਲ 15 ਯੂਨਿਟ ਹਨ ਅਤੇ ਲਗਪਗ 6 ਹਜ਼ਾਰ ਮੈਗਾਵਾਟ ਬਿਜਲੀ ਪੈਦਾਵਾਰ ਦੀ ਸਮਰੱਥਾ ਹੈ।

ਸਰਕਾਰੀ ਮਾਲਕੀ ਵਾਲੇ ਰੋਪਡ਼ ਥਰਮਲ ਪਲਾਂਟ ਦੇ 210-210 ਮੈਗਾਵਾਟ ਦੇ ਦੋ ਯੂਨਿਟ ਮੰਗਲਵਾਰ ਨੂੰ ਬਿਜਲੀ ਪੈਦਾ ਕਰਨਾ ਬੰਦ ਕਰ ਗਏ, ਜਿਨ੍ਹਾਂ ਵਿਚੋਂ ਇਕ ਯੂਨਿਟ ਸਾਲਾਨਾ ਰੱਖ-ਰਖਾਅ ਤਹਿਤ ਬੰਦ ਹੈ ਤੇ ਦੂਜਾ ਮੰਗਲਵਾਰ ਸਵੇਰੇ ਤਕਨੀਕੀ ਨੁਕਸ ਕਾਰਨ ਬੰਦ ਹੋ ਗਿਆ। ਤਲਵੰਡੀ ਸਾਬੋ ਵਿਖੇ 660 ਮੈਗਾਵਾਟ ਦਾ ਯੂਨਿਟ ਨੰਬਰ ਦੋ 15 ਅਪ੍ਰੈਲ ਤੋਂ ਸਾਲਾਨਾ ਰੱਖ-ਰਖਾਅ ਤਹਿਤ ਬੰਦ ਹੈ ਤੇ ਯੂਨਿਟ ਨੰਬਰ ਤਿੰਨ ਵਿੱਚ ਅੱਜ ਤਕਨੀਕੀ ਖਰਾਬੀ ਕਰਕੇ ਬਿਜਲੀ ਉਤਪਾਦਨ ਬੰਦ ਹੋ ਗਿਆ। ਸ੍ਰੀ ਗੋਇੰਦਵਾਲ ਸਾਹਿਬ ਵਿਖੇ 270 ਮੈਗਾਵਾਟ ਸਮਰੱਥਾ ਵਾਲਾ ਯੂਨਿਟ ਨੰਬਰ ਇਕ ਕੋਲੇ ਦੀ ਘਾਟ ਕਾਰਨ 11 ਅਪ੍ਰੈਲ ਤੋਂ ਬੰਦ ਹੈ।

ਦੋ ਤੋਂ ਛੇ ਘੰਟੇ ਤੱਕ ਦੇ ਬਿਜਲੀ ਕੱਟ ਲਗਾਉਣ ਲਈ ਮਜਬੂਰ

ਸੂਤਰਾਂ ਅਨੁਸਾਰ ਸੂਬੇ ਵਿਚ ਬਿਜਲੀ ਦੀ ਮੰਗ ਲਗਭਗ 7,500 ਮੈਗਾਵਾਟ ਹੈ ਪਰ ਮੰਗਲਵਾਰ ਸਵੇਰੇ ਪੀਐਸਪੀਸੀਐਲ ਸਿਰਫ 6,700 ਮੈਗਾਵਾਟ ਦੀ ਸਪਲਾਈ ਕਰਨ ਵਿੱਚ ਸਮਰੱਥ ਸੀ, ਜੋ ਕਿ 800 ਮੈਗਾਵਾਟ ਦੀ ਘਾਟ ਮੰਨੀ ਜਾ ਰਹੀ ਹੈ। ਇਸ ਤਰ੍ਹਾਂ ਪਾਵਰ ਕਾਰਪੋਰੇਸ਼ਨ ਨੂੰ ਰਾਜ ਦੇ ਕਈ ਹਿੱਸਿਆਂ ਵਿੱਚ ਪੇਂਡੂ ਅਤੇ ਅਰਧ-ਸ਼ਹਿਰੀ ਖੇਤਰਾਂ ਵਿੱਚ ਦੋ ਤੋਂ ਛੇ ਘੰਟੇ ਤੱਕ ਦੇ ਬਿਜਲੀ ਕੱਟ ਲਗਾਉਣ ਲਈ ਮਜਬੂਰ ਹੋਣਾ ਪਿਆ ਹੈ।

ਪਟਿਆਲਾ ਜ਼ਿਲ੍ਹੇ ਦੇ ਕਈ ਇਲਾਕਿਆਂ ਵਿਚ ਦੋ ਤੋਂ ਤਿੰਨ ਘੰਟੇ, ਗਡ਼੍ਹਸ਼ੰਕਰ ’ਚ ਛੇ ਘੰਟੇ, ਲੁਧਿਆਣਾ ਦੇ ਕੁਝ ਇਲਾਕਿਆਂ ਵਿਚ ਦੋ ਘੰਟੇ ਤੇ ਸ਼੍ਰੀ ਮੁਕਤਸਰ ਸਾਹਿਬ ਵਿਖੇ ਚਾਰ ਘੰਟੇ ਬਿਜਲੀ ਪ੍ਰਭਾਵਿਤ ਰਹੀ ਹੈ। ਇਸ ਤੋਂ ਇਲਾਵਾ ਕਾਦੀਆਂ, ਪਠਾਨਕੋਟ ਤੇ ਬਰੇਟਾ ਇਲਾਕਿਆਂ ਵਿਚ ਅੱਠ-ਅੱਠ ਘੰਟੇ ਬਿਜਲੀ ਪ੍ਰਭਵਿਤ ਰਹੀ ਹੈ।

ਝੋਨੇ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਬਿਜਲੀ ਸੰਕਟ

ਜੂਨ ਵਿੱਚ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਨਾਲ ਬਿਜਲੀ ਦੀ ਮੰਗ 15,000 ਮੈਗਾਵਾਟ ਤੱਕ ਪਹੁੰਚ ਜਾਵੇਗੀ ਪਰ ਸੀਜ਼ਨ ਤੋਂ ਪਹਿਲਾਂ ਲਗਭਗ ਸਾਰੇ ਥਰਮਲ ਪਲਾਂਟਾਂ ਵਿੱਚ ਬਿਜਲੀ ਉਤਪਾਦਨ ਆਪਣੀ ਪੂਰੀ ਸਮਰੱਥਾ ਤੋਂ ਘੱਟ ਹੈ। 85 ਪ੍ਰਤੀਸ਼ਤ ਤੋਂ ਵੱਧ ਲੋਡ ਫੈਕਟਰ ’ਤੇ ਕੰਮ ਕਰਨ ਲਈ ਪਲਾਂਟ ’ਤੇ ਰੋਜ਼ਾਨਾ ਕੋਲੇ ਦੀ ਲੋਡ਼ ਲਗਭਗ 75 ਮੀਟ੍ਰਿਕ ਟਨ ਹੈ।

ਮੌਜੂਦਾ ਸਮੇਂ ਘੱਟ ਸਮਰੱਥਾ ’ਤੇ ਚੱਲਣ ਦੇ ਬਾਵਜੂਦ ਇਨ੍ਹਾਂ ਥਰਮਲ ਪਲਾਂਟਾਂ ਨੂੰ ਰੋਜ਼ਾਨਾ ਦੀ ਲੋਡ਼ ਦਾ ਅੱਧਾ ਵੀ ਕੋਲਾ ਨਹੀਂ ਮਿਲ ਰਿਹਾ। ਸਰਕਾਰੀ ਰਿਪੋਰਟ ਅਨੁਸਾਰ 24 ਅਪ੍ਰੈਲ ਨੂੰ ਲਹਿਰਾ ਮੁਹੱਬਤ ਥਰਮਲ ਪਲਾਂਟ ਕੋਲ 6.5 ਦਿਨਾਂ ਦਾ ਕੋਲੇ ਦਾ ਸਟਾਕ ਸੀ, ਜਦਕਿ ਰੋਪਡ਼ ਥਰਮਲ ਕੋਲ 9.6 ਦਿਨ, ਸ੍ਰੀ ਗੋਇੰਦਵਾਲ ਸਾਹਿਬ 3.4 ਦਿਨ, ਤਲਵੰਡੀ ਸਾਬੋ ਕੋਲ 6 ਦਿਨ ਦਾ ਕੋਲੇ ਦਾ ਸਟਾਕ ਸੀ। ਰਾਜਪੁਰਾ ਪਲਾਂਟ ਦੀ ਸਥਿਤੀ ਹੋਰਾਂ ਨਾਲੋਂ ਚੰਗੀ ਹੈ ਜਿਥੇ 23.4 ਦਿਨਾਂ ਦਾ ਕੋਲਾ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।