ਚੰਡੀਗੜ੍ਹ, 24 ਜੁਲਾਈ, 2023: ਮਾਨਸੂਨ ਸੈਸ਼ਨ (Monsoon session) ਦੇ ਤੀਜੇ ਦਿਨ ਮਨੀਪੁਰ ਮੁੱਦੇ ‘ਤੇ ਸੰਸਦ ‘ਚ ਫਿਰ ਤੋਂ ਹੰਗਾਮਾ ਹੋਣ ਦੀ ਸੰਭਾਵਨਾ ਹੈ। ਇੱਕ ਪਾਸੇ ਵਿਰੋਧੀ ਧਿਰ ਸੰਸਦ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਦੀ ਮੰਗ ‘ਤੇ ਅੜੀ ਹੋਈ ਹੈ, ਉਥੇ ਹੀ ਦੂਜੇ ਪਾਸੇ ਸਰਕਾਰ ਚਰਚਾ ਲਈ ਤਿਆਰ ਹੈ।
ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪੀਐਮ ਮੋਦੀ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਜੇਕਰ 140 ਕਰੋੜ ਲੋਕਾਂ ਦਾ ਨੇਤਾ ਸੰਸਦ ਤੋਂ ਬਾਹਰ ਬਿਆਨ ਦਿੰਦਾ ਹੈ ਤਾਂ ਉਸ ਨੂੰ ਸੰਸਦ ਵਿਚ ਬਿਆਨ ਦੇਣਾ ਚਾਹੀਦਾ ਹੈ ਜਿੱਥੇ ਲੋਕ ਨੁਮਾਇੰਦੇ ਬੈਠਦੇ ਹਨ। ਪੱਛਮੀ ਬੰਗਾਲ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਸੁਕਾਂਤ ਮਜੂਮਦਾਰ ਨੇ ਅੱਜ ਕਿਹਾ ਕਿ ਪੱਛਮੀ ਬੰਗਾਲ ‘ਚ ਔਰਤਾਂ ‘ਤੇ ਅੱਤਿਆਚਾਰ ਵਧ ਰਹੇ ਹਨ, ਪਰ ਵਿਰੋਧੀ ਧਿਰ ਸਿਰਫ ਮਣੀਪੁਰ ਦੇਖ ਪਾ ਰਿਹਾ ਹੈ ਨਾ ਕਿ ਮਾਲਦਾ।
ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਕਾਨੂੰਨ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ, ਪਰ ਮਣੀਪੁਰ ਵਿੱਚ ਜੋ ਕੁਝ ਹੋ ਰਿਹਾ ਹੈ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਜੋ ਹੋ ਰਿਹਾ ਹੈ, ਉਸ ਵਿੱਚ ਫਰਕ ਹੈ। ਪਿਛਲੇ 77-78 ਦਿਨਾਂ ਤੋਂ ਲਗਾਤਾਰ ਹਿੰਸਾ ਹੋ ਰਹੀ ਹੈ। ਮਣੀਪੁਰ ਵਿੱਚ ਸ਼ਾਸਨ ਲਗਭਗ ਢਹਿ ਗਿਆ ਹੈ, ਸੂਬਾ ਪੂਰੀ ਤਰ੍ਹਾਂ ਨਸਲੀ ਤੌਰ ‘ਤੇ ਵੰਡਿਆ ਹੋਇਆ ਹੈ।
ਰਾਜਸਥਾਨ ਦੇ ਭਾਜਪਾ ਸੰਸਦ ਮੈਂਬਰਾਂ ਨੇ ਸੀਨੀਅਰ ਨੇਤਾਵਾਂ ਦੇ ਨਾਲ ਅੱਜ ਸੰਸਦ ‘ਚ ਗਾਂਧੀ ਦੇ ਬੁੱਤ ਅੱਗੇ ਪ੍ਰਦਰਸ਼ਨ ਕੀਤਾ। ਇਹ ਪ੍ਰਦਰਸ਼ਨ ਸੂਬੇ ‘ਚ ਔਰਤਾਂ ‘ਤੇ ਵੱਧ ਰਹੇ ਅੱਤਿਆਚਾਰਾਂ ਅਤੇ ਅਪਰਾਧਾਂ ਦੇ ਮੁੱਦੇ ‘ਤੇ ਹੈ।