ਮੋਗਾ, 29 ਦਸੰਬਰ 2023: ਪੰਜਾਬ ਦੇ ਮੋਗਾ ਨਗਰ ਨਿਗਮ ਵਿੱਚ ਬੇਲਦਾਰਾਂ (Beldar) ਦੀਆਂ 48 ਅਸਾਮੀਆਂ ਕੱਢੀਆਂ ਗਈਆਂ ਹਨ। ਇਸ ਅਸਾਮੀਆਂ ਲਈ ਹੁਣ ਤੱਕ ਕਰੀਬ 3800 ਅਰਜ਼ੀਆਂ ਪ੍ਰਾਪਤ ਹੋ ਚੁੱਕੀਆਂ ਹਨ। ਇਸ ਦੇ ਨਾਲ ਹੀ ਬੇਲਦਾਰ ਲਈ ਲੋੜੀਂਦੀ ਘੱਟੋ-ਘੱਟ ਯੋਗਤਾ 8ਵੀਂ ਪਾਸ ਮੰਗੀ ਗਈ ਹੈ। ਪਰ, ਬੇਰੁਜ਼ਗਾਰੀ ਦੀ ਸਥਿਤੀ ਅਜਿਹੀ ਹੈ ਕਿ ਇਸ ਪੋਸਟ ਲਈ ਅਪਲਾਈ ਕਰਨ ਵਾਲਿਆਂ ਵਿੱਚ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਵੀ ਸ਼ਾਮਲ ਹਨ। ਬੇਲਦਾਰ ਦੇ ਅਹੁਦੇ ਲਈ ਸੂਬੇ ਭਰ ਤੋਂ ਉਮੀਦਵਾਰ ਅਪਲਾਈ ਕਰਨ ਲਈ ਆ ਰਹੇ ਹਨ। ਇਸ ਅਹੁਦੇ ਲਈ ਅਪਲਾਈ ਕਰਨ ਦੀ ਆਖ਼ਰੀ ਮਿਤੀ 1 ਜਨਵਰੀ 2024 ਰੱਖੀ ਗਈ ਹੈ।
16 ਅਸਾਮੀਆਂ ‘ਤੇ ਭਰਤੀ
ਮੋਗਾ ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਚਾਨੀ ਨੇ ਦੱਸਿਆ ਕਿ ਨਗਰ ਨਿਗਮ ਵਿੱਚ 48 ਬੇਲਦਾਰਾਂ (Beldar) ਦੀਆਂ ਅਸਾਮੀਆਂ ਭਰਨ ਲਈ ਮਤਾ ਪਾਸ ਕੀਤਾ ਗਿਆ ਸੀ। 48 ਵਿੱਚੋਂ 32 ਦੇ ਕਰੀਬ ਬੇਲਦਾਰ ਪਹਿਲਾਂ ਹੀ ਕੱਚੇ ਤੌਰ ’ਤੇ ਕੰਮ ਕਰ ਰਹੇ ਹਨ। ਬਾਕੀ 16 ਅਸਾਮੀਆਂ ਬਕਾਇਆ ਹਨ। ਜਿਸ ਲਈ ਹੁਣ ਤੱਕ 3800 ਦੇ ਕਰੀਬ ਅਰਜ਼ੀਆਂ ਪ੍ਰਾਪਤ ਹੋ ਚੁੱਕੀਆਂ ਹਨ। ਇਸ ਅਹੁਦੇ ਲਈ ਵੱਖ-ਵੱਖ ਸ਼ਹਿਰਾਂ ਦੇ ਨੌਜਵਾਨ ਅਪਲਾਈ ਕਰ ਰਹੇ ਹਨ।
ਕੱਚੇ ਬੇਲਦਾਰਾਂ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਪੱਕਾ ਕੀਤਾ ਜਾਵੇ। ਉਹ ਲੋਕ ਪਿਛਲੇ 20 ਸਾਲਾਂ ਤੋਂ ਕੰਮ ਕਰ ਰਹੇ ਹਨ। ਅਸੀਂ ਸਰਕਾਰ ਤੋਂ ਵਾਰ-ਵਾਰ ਮੰਗ ਕੀਤੀ ਸੀ ਕਿ ਇਸ ਨੂੰ ਯਕੀਨੀ ਬਣਾਇਆ ਜਾਵੇ। ਜਿਸ ਲਈ ਅੱਜ ਅਰਜ਼ੀਆਂ ਲਈਆਂ ਜਾ ਰਹੀਆਂ ਹਨ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਅਸੀਂ 32 ਬੇਲਦਾਰ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਾਂ। ਪਹਿਲ ਦੇ ਆਧਾਰ ‘ਤੇ ਪੱਕਾ ਕੀਤਾ ਜਾਵੇ |