ਅੰਮ੍ਰਿਤਸਰ, 11 ਸਤੰਬਰ 2025: ਪੰਜਾਬ ਦੇ ਖਾਣੇ ਦੀ ਵਿਲੱਖਣ ਪਛਾਣ ਅਤੇ ਵਿਰਾਸਤ ਨੂੰ ਸੁਰੱਖਿਅਤ ਰੱਖਣ ਤੇ ਹੁਲਾਰਾ ਦੇਣ ਲਈ ਪੰਜਾਬ ਦੇ ਫੂਡ ਪ੍ਰੋਸੈਸਿੰਗ ਵਿਭਾਗ ਨੇ ਅੰਮ੍ਰਿਤਸਰ ਦੇ ਪ੍ਰਸਿੱਧ ਪਕਵਾਨ ਅੰਮ੍ਰਿਤਸਰੀ ਕੁਲਚਾ ਲਈ ਜਿਊਗ੍ਰਾਫੀਕਲ ਇੰਡੀਕੇਸ਼ਨ (ਜੀ.ਆਈ.) ਟੈਗ ਪ੍ਰਾਪਤ ਕਰਨ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਜੀ.ਆਈ.ਟੈਗ ਖਾਸ ਭੂਗੋਲਿਕ ਖੇਤਰ, ਜਿਵੇਂ ਕਿ ਵਿਸ਼ੇਸ਼ ਇਲਾਕੇ, ਕਸਬੇ ਜਾਂ ਦੇਸ਼ ਦੇ ਸਬੰਧ ‘ਚ ਵਿਲੱਖਣ ਗੁਣਵੱਤਾ, ਸ਼ਾਖ ਜਾਂ ਵਿਸ਼ੇਸ਼ਤਾ ਰੱਖਣ ਵਾਲੇ ਉਤਪਾਦਾਂ ਨੂੰ ਪ੍ਰਦਾਨ ਕੀਤਾ ਜਾਣ ਵਾਲਾ ਇੱਕ ਲੇਬਲ ਹੈ।
ਪੰਜਾਬ ਦੇ ਫੂਡ ਪ੍ਰੋਸੈਸਿੰਗ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਖੀ ਗੁਪਤਾ ਭੰਡਾਰੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਫੂਡ ਪ੍ਰੋਸੈਸਿੰਗ ਸੈਕਟਰ ਦੀਆਂ ਪਹਿਲਕਦਮੀਆਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਬੁਲਾਈ ਬੈਠਕ ਦੌਰਾਨ ਕੀਤਾ ਹੈ। ਬੈਠਕ ‘ਚ ਫੂਡ ਸਾਇੰਸ ਅਤੇ ਤਕਨਾਲੋਜੀ ਵਿਭਾਗ ਦੇ ਫੈਕਲਟੀ ਮੈਂਬਰ, ਉਦਯੋਗਿਕ ਸੰਗਠਨਾਂ ਅਤੇ ਮੁਰੱਬਾ, ਅਚਾਰ, ਬਾਸਮਤੀ ਚੌਲ, ਸ਼ਹਿਦ ਅਤੇ ਗੁੜ ਦੇ ਪ੍ਰੋਸੈਸਿੰਗ ਯੂਨਿਟਾਂ ਦੇ ਪ੍ਰਤੀਨਿਧੀ ਸ਼ਾਮਲ ਸਨ।
ਜੀ.ਆਈ. ਟੈਗ ਪ੍ਰਾਪਤ ਕਰਨ ਦੇ ਫਾਇਦਿਆਂ ‘ਤੇ ਚਾਨਣਾ ਪਾਉਂਦਿਆਂ ਰਾਖੀ ਗੁਪਤਾ ਭੰਡਾਰੀ ਨੇ ਕਿਹਾ ਕਿ ਇਹ ਨਾ ਸਿਰਫ਼ ਇਸ ਪਵਿੱਤਰ ਸ਼ਹਿਰ ਦੇ ਵਿਲੱਖਣ ਖਾਣੇ ਦੀ ਵਿਰਾਸਤ ਨੂੰ ਹੁਲਾਰਾ ਦੇਵੇਗਾ ਬਲਕਿ ਬ੍ਰਾਂਡਿੰਗ, ਨਿਰਯਾਤ, ਬਾਜ਼ਾਰ ਦੇ ਵਿਸਥਾਰ ਲਈ ਨਵੇਂ ਮੌਕੇ ਵੀ ਪੈਦਾ ਕਰੇਗਾ ਜਿਸ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਸਿਰਜੇ ਜਾਣਗੇ।
ਉਨ੍ਹਾਂ ਨੇ ਫੂਡ ਐਗਰੋ-ਪ੍ਰੋਸੈਸਿੰਗ ਖੇਤਰ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹੋਏ ਇਸ ਨੂੰ “ਸਨਸ਼ਾਈਨ ਇੰਡਸਟਰੀ” ਦੱਸਿਆ ਕਿਉਂਕਿ ਇਸ ਖੇਤਰ ‘ਚ ਵਿਕਾਸ ਅਤੇ ਰੁਜ਼ਗਾਰ ਪੈਦਾ ਕਰਨ ਦੀ ਅਥਾਹ ਸੰਭਾਵਨਾ ਹੈ। ਉਨ੍ਹਾਂ ਨੇ ਇਸ ਖੇਤਰ ਦੇ ਟਿਕਾਊ ਵਿਕਾਸ ਨੂੰ ਯਕੀਨੀ ਬਣਾਉਣ ਲਈ ਫੂਡ ਬਿਜ਼ਨਸ ਆਪਰੇਟਰਾਂ (ਐਫ.ਬੀ.ਓਜ਼) ਲਈ ਮਜ਼ਬੂਤ ਲਿੰਕ ਸਥਾਪਿਤ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।
ਪ੍ਰਮੁੱਖ ਸਕੱਤਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਅਕਾਦਮਿਕ-ਉਦਯੋਗ ਪਾੜੇ ਨੂੰ ਪੂਰਨ ਸਬੰਧੀ ਕੀਤੇ ਜਾ ਰਹੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਅਗਵਾਈ ਹੇਠ ਫੂਡ ਪ੍ਰੋਸੈਸਿੰਗ ਵਿਭਾਗ ਵੱਲੋਂ ਭੋਜਨ ਪਦਾਰਥਾਂ ਨੂੰ ਖੇਤ ਤੋਂ ਫੈਕਟਰੀ ਅਤੇ ਫੈਕਟਰੀ ਤੋਂ ਲੋਕਾਂ ਦੀ ਪਲੇਟ ਤੱਕ ਪਹੁੰਚਾਉਣ ਵਾਲੀ ਮੁਕੰਮਲ ਵੈਲਿਊ ਚੇਨ ਨੂੰ ਮਜ਼ਬੂਤ ਕਰਨ ਲਈ ਨੀਤੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਨਿਰਵਿਘਨ ਅਤੇ ਕੁਸ਼ਲ ਪ੍ਰਕਿਰਿਆ ਨੂੰ ਯਕੀਨੀ ਬਣਾਇਆ ਜਾ ਸਕੇ।
ਬੈਠਕ ‘ਚ ਪੰਜਾਬ ਦੇ ਫੂਡ ਪ੍ਰੋਸੈਸਿੰਗ ਖੇਤਰ ਦੇ ਵਿਕਾਸ ਲਈ ਮੁੱਖ ਉਦਯੋਗਿਕ ਮੰਗਾਂ ਅਤੇ ਸੰਭਾਵੀ ਹੱਲਾਂ ‘ਤੇ ਵੀ ਚਰਚਾ ਕੀਤੀ। ਬੈਠਕ ਦੌਰਾਨ ਨਵੀਨਤਾ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਫੂਡ ਪਾਰਕ ਅਤੇ ਤਕਨਾਲੋਜੀ ਐਕਸਚੇਂਜ ਪਲੇਟਫਾਰਮ ਸਥਾਪਤ ਕਰਨ ‘ਤੇ ਵੀ ਚਰਚਾ ਕੀਤੀ।
ਇਸਦੇ ਨਾਲ ਹੀ ਗੁਣਵੱਤਾ ਅਤੇ ਸੁਰੱਖਿਆ ਮਿਆਰਾਂ ਨੂੰ ਬਰਕਰਾਰ ਰੱਖਣ ਲਈ ਹੁਨਰਮੰਦ ਸਟਾਫ ਅਤੇ ਆਧੁਨਿਕ ਭੋਜਨ ਦੀ ਜਾਂਚ ਲਈ ਲੈਬਾਂ ਦੀ ਉਪਲਬੱਧਤਾ ਨੂੰ ਯਕੀਨੀ ਬਣਾਉਣ ਬਾਰੇ ਗੱਲਬਾਤ ਕੀਤੀ। ਬੈਠਕ ਦੌਰਾਨ ਫਲ, ਸਬਜ਼ੀਆਂ, ਪਾਪੜ, ਵੜੀਆਂ, ਸ਼ਹਿਦ, ਮਸਾਲੇ ਅਤੇ ਗੁੜ ਵਰਗੇ ਵੱਖ-ਵੱਖ ਉਤਪਾਦਾਂ ਲਈ ਪ੍ਰੋਸੈਸਿੰਗ ਸਹੂਲਤਾਂ ਵਿਕਸਤ ਕਰਨ ‘ਤੇ ਵੀ ਧਿਆਨ ਕੇਂਦ੍ਰਿਤ ਕੀਤਾ ਗਿਆ। ਇਸ ਦੌਰਾਨ ਏ.ਪੀ.ਈ.ਡੀ.ਏ. ਸਹਾਇਤਾ ਨਾਲ ਕੋਲਡ ਸਟੋਰੇਜ ਸਹੂਲਤਾਂ ਅਤੇ ਛੇਤੀ ਖਰਾਬ ਹੋਣ ਵਾਲੇ ਭੋਜਨ ਪਦਾਰਥਾਂ ਲਈ ਅੰਮ੍ਰਿਤਸਰ ਹਵਾਈ ਅੱਡੇ ‘ਤੇ ਕਾਰਗੋ ਹੈਂਡਲਿੰਗ ਸਬੰਧੀ ਪ੍ਰਸਤਾਵਾਂ ਦੀ ਵੀ ਪੜਚੋਲ ਕੀਤੀ। ਇਸ ਤੋਂ ਇਲਾਵਾ, ਪੰਜਾਬ ਐਗਰੋ ਰਾਹੀਂ ਸ਼ਹਿਦ ਦੇ ਨਿਰਯਾਤ ਨੂੰ ਉਤਸ਼ਾਹਿਤ ਕਰਕੇ ਇਸ ਖੇਤਰ ਲਈ ਸੰਭਾਵੀ ਵਿਕਾਸ ਦੇ ਮੌਕੇ ਵਜੋਂ ਉਜਾਗਰ ਕੀਤਾ।
Read More: ਅੰਮ੍ਰਿਤਸਰ ਪੁਲਿਸ ਵੱਲੋਂ 5 ਨਸ਼ਾ ਤਸਕਰ ਗ੍ਰਿਫਤਾਰ, 8.1 ਕਿੱਲੋ ਹੈਰੋਇਨ ਬਰਾਮਦ