LIC

ਤਾਮਿਲਨਾਡੂ ‘ਚ ਹਿੰਦੀ ਭਾਸ਼ਾ ‘ਤੇ ਸਿਆਸਤ, CM ਐਮਕੇ ਸਟਾਲਿਨ ਨੇ LIC ਵੈੱਬਸਾਈਟ ‘ਤੇ ਲਾਏ ਦੋਸ਼

ਚੰਡੀਗੜ੍ਹ, 19 ਨਵੰਬਰ 2024: ਤਾਮਿਲਨਾਡੂ ‘ਚ ਹਿੰਦੀ ਭਾਸ਼ਾ ਨੂੰ ਲੈ ਕੇ ਸਿਆਸੀ ਮਾਹੌਲ ਭਖਿਆ ਹੋਇਆ ਹੈ | ਤਾਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਿਨ ਨੇ ਭਾਰਤੀ ਜੀਵਨ ਬੀਮਾ ਨਿਗਮ (LIC) ਦੀ ਵੈਬਸਾਈਟ ‘ਤੇ ਹਿੰਦੀ ਭਾਸ਼ਾ ਦੀ ਵਰਤੋਂ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ।

ਮੁੱਖ ਮੰਤਰੀ ਐਮਕੇ ਸਟਾਲਿਨ ਵੱਲੋਂ ਗੈਰ-ਹਿੰਦੀ ਭਾਸ਼ਾ ਦੇ ਸੂਬਿਆਂ ‘ਚ ਹਿੰਦੀ ਸਮਾਗਮ ਨਾ ਕਰਨ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖਣ ਤੋਂ ਬਾਅਦ ਉਨ੍ਹਾਂ ਨੇ ਇੱਕ ਵਾਰ ਫਿਰ ਭਾਰਤੀ ਜੀਵਨ ਬੀਮਾ ਨਿਗਮ (LIC) ਦੀ ਵੈਬਸਾਈਟ ‘ਤੇ ਹਿੰਦੀ ਭਾਸ਼ਾ ਦੀ ਵਰਤੋਂ ‘ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਸਟਾਲਿਨ ਦਾ ਕਹਿਣਾ ਹੈ ਕਿ ਇਹ ਇੱਕ ਗ਼ੈਰ-ਹਿੰਦੀ ਸੂਬੇ ‘ਚ ਹਿੰਦੀ ਥੋਪਣ ਵਾਂਗ ਹੈ। ਸਟਾਲਿਨ ਨੇ ਦੋਸ਼ ਲਾਇਆ ਹੈ ਕਿ ਐਲਆਈਸੀ ਦੀ ਵੈੱਬਸਾਈਟ ਸਿਰਫ਼ ਪ੍ਰਚਾਰ ਦਾ ਸਾਧਨ ਬਣ ਗਈ ਹੈ।

ਮੁੱਖ ਮੰਤਰੀ ਐਮ ਕੇ ਸਟਾਲਿਨ ਨੇ ਆਪਣੇ ਅਧਿਕਾਰਤ ‘ਐਕਸ’ ਪਲੇਟਫਾਰਮ ‘ਤੇ LIC ਆਫ਼ ਇੰਡੀਆ ਦੇ ਹਿੰਦੀ ਵੈੱਬਪੇਜ ਦਾ ਇੱਕ ਸਕ੍ਰੀਨਸ਼ੌਟ ਪੋਸਟ ਕੀਤਾ ਅਤੇ ਲਿਖਿਆ, “ਐਲਆਈਸੀ ਦੀ ਵੈੱਬਸਾਈਟ ਹਿੰਦੀ ਨੂੰ ਥੋਪਣ ਲਈ ਇੱਕ ਪ੍ਰਚਾਰ ਮਾਧਿਅਮ ਬਣ ਗਈ ਹੈ। ਇੱਥੋਂ ਤੱਕ ਕਿ ਅੰਗਰੇਜ਼ੀ ਨੂੰ ਚੁਣਨ ਦਾ ਵਿਕਲਪ ਵੀ ਹਿੰਦੀ ‘ਚ ਦਿਖਾਇਆ ਹੈ।”

ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ LIC ਦੀ ਵੈੱਬਸਾਈਟ ‘ਤੇ ਹਿੰਦੀ ਦੀ ਵਰਤੋਂ ਭਾਰਤ ਦੀ ਵਿਭਿੰਨਤਾ ਨੂੰ ਦਬਾਉਣ ਦੇ ਬਰਾਬਰ ਹੈ। ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਇਹ ਸੱਭਿਆਚਾਰ ਅਤੇ ਭਾਸ਼ਾ ਨੂੰ ਜ਼ਬਰਦਸਤੀ ਥੋਪਣ ਤੋਂ ਇਲਾਵਾ ਹੋਰ ਕੁਝ ਨਹੀਂ ਹੈ।

ਮੁੱਖ ਮੰਤਰੀ ਐਮ ਕੇ ਸਟਾਲਿਨ ਨੇ ਕਿਹਾ ਕਿ ਐਲਆਈਸੀ ਸਾਰੇ ਭਾਰਤੀਆਂ ਦੀ ਸਰਪ੍ਰਸਤੀ ਨਾਲ ਅੱਗੇ ਵਧਿਆ ਹੈ। ਅਸੀਂ ਇਸ ਭਾਸ਼ਾਈ ਅੱਤਿਆਚਾਰ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕਰਦੇ ਹਾਂ। ਇਸ ਦੇ ਨਾਲ ਹੀ ਸੀਐਮ ਸਟਾਲਿਨ ਨੇ ਹੈਸ਼ਟੈਗ StopHindiImposition ਦਾ ਵੀ ਇਸਤੇਮਾਲ ਕੀਤਾ।

Scroll to Top