ਚੰਡੀਗੜ੍ਹ, 20 ਅਗਸਤ 2024: ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ (Ravneet Singh Bittu) ਵੱਲੋਂ ਕਾਂਗਰਸ ਆਗੂ ਰਾਹੁਲ ਗਾਂਧੀ ਬਾਰੇ ਦਿੱਤੇ ਬਿਆਨ ‘ਤੇ ਕਾਂਗਰਸ ਲਗਾਤਾਰ ਹਮਲਾਵਰ ਹੈ | ਹੁਣ ਇਸ ਵਿਵਾਦ ਨਾਲ ਇੱਕ ਹੋਰ ਵਿਵਾਦਪੂਰਨ ਬਿਆਨ ਸਾਹਮਣੇ ਆਇਆ ਹੈ |
ਦਰਅਸਲ, ਕਾਂਗਰਸ ਆਗੂ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੂੰ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ “ਸਭ ਤੋਂ ਵੱਡਾ ਅ.ਤਿ.ਵਾ.ਦੀ” ਕਰਾਰ ਦਿੱਤਾ ਸੀ, ਜਿਸ ਨਾਲ ਰਾਜਨੀਤਿਕ ਮਾਹੌਲ ਭਖ ਗਿਆ। ਇਸ ਦੇ ਜਵਾਬ ‘ਚ ਤੇਲੰਗਾਨਾ ਦੇ ਕਾਂਗਰਸ ਵਿਧਾਇਕ ਵੇਦਮਾ ਭੋਜੂ ਨੇ ਬਿੱਟੂ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, ‘ਜੋ ਵੀ ਰਵਨੀਤ ਸਿੰਘ ਬਿੱਟੂ ਦਾ ਸਿਰ ਲੈ ਕੇ ਆਵੇਗਾ, ਉਸ ਦੇ ਨਾਂ ‘ਤੇ ਵਿਧਾਇਕ ਦੀ ਜਾਇਦਾਦ ‘ਚੋਂ 1.38 ਏਕੜ ਜ਼ਮੀਨ ਦਰਜ ਕਰਵਾਈ ਜਾਵੇਗੀ | ਉਨ੍ਹਾਂ ਕਿਹਾ ਕਿ ਰਵਨੀਤ ਸਿੰਘ ਬਿੱਟੂ ਦੀ ਟਿੱਪਣੀ ਦੀ ਸਖਤ ਆਲੋਚਨਾ ਕਰਦਿਆਂ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ |
ਕੇਂਦਰੀ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ (Ravneet Singh Bittu) ਨੇ ਹਾਲ ਹੀ ‘ਚ ਕਿਹਾ ਸੀ ਕਿ “ਗੋ.ਲੀਆਂ, ਬੰ.ਬ, ਰੇਲ ਗੱਡੀਆਂ, ਸੜਕਾਂ ਅਤੇ ਹਵਾਈ ਜਹਾਜ਼ ਉਡਾਉਣ ਦੀ ਗੱਲ ਕਰਨ ਵਾਲੇ ਦੇਸ਼ ਦੇ ਦੁਸ਼ਮਣ ਹੁਣ ਰਾਹੁਲ ਗਾਂਧੀ ਦੇ ਸਮਰਥਨ ‘ਚ ਆ ਗਏ ਹਨ। ਦੇਸ਼ ਦਾ ਸਭ ਤੋਂ ਵੱਡਾ ਦੁਸ਼ਮਣ ਜਿਸਨੂੰ ਅੱਜ ਏਜੰਸੀਆਂ ਦੇ ਸਾਹਮਣੇ ਲਿਆਉਣਾ ਚਾਹੀਦਾ ਹੈ ਉਹ ਰਾਹੁਲ ਗਾਂਧੀ ਹੈ।
19 ਸਤੰਬਰ ਨੂੰ ਕਾਂਗਰਸੀ ਆਗੂਆਂ ਨੇ ਰਵਨੀਤ ਸਿੰਘ ਬਿੱਟੂ ਖਿਲਾਫ ਬੈਂਗਲੁਰੂ ‘ਚ ਐੱਫ.ਆਈ.ਆਰ. ਦਰਜ ਕਰਵਾਈ ਹੈ | ਬੈਂਗਲੁਰੂ ਪੁਲਿਸ ਨੇ ਉਸ ਦੇ ਖਿਲਾਫ ਹਾਈ ਗਰਾਊਂਡ ਪੁਲਿਸ ਸਟੇਸ਼ਨ ‘ਚ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ, ਜਿਸ ‘ਚ 353 (ਗਲਤ ਸੂਚਨਾ ਦੇ ਆਧਾਰ ‘ਤੇ ਬਿਆਨ ਦੇਣਾ), 192 (ਦੰਗਾ ਭੜਕਾਉਣ ਦੇ ਇਰਾਦੇ ਨਾਲ ਭੜਕਾਊ ਬਿਆਨ ਦੇਣਾ) ਅਤੇ 196 (ਭਾਈਚਾਰਿਆਂ ਦਰਮਿਆਨ ਦੁਸ਼ਮਣੀ ਨੂੰ ਉਤਸ਼ਾਹਿਤ ਕਰਨਾ) ਸ਼ਾਮਲ ਹੈ |
ਰਾਹੁਲ ਗਾਂਧੀ ਨੇ ਆਪਣੀ ਹਾਲ ‘ਚ ਹੀ ਅਮਰੀਕਾ ਫੇਰੀ ਦੌਰਾਨ ਇੱਕ ਸਮਾਗਮ ਦੌਰਾਨ ਇੱਕ ਬਿਆਨ ‘ਚ ਕਿਹਾ ਸੀ ਕਿ ‘ਲੜਾਈ ਇਸ ਗੱਲ ਨੂੰ ਲੈ ਕੇ ਹੈ ਕਿ ਕੀ ਭਾਰਤ ‘ਚ ਸਿੱਖ ਨੂੰ ਆਪਣੀ ਦਸਤਾਰ ਜਾਂ ਕੜਾ ਪਹਿਨਣ ਦੀ ਇਜਾਜ਼ਤ ਦਿੱਤੀ ਜਾਵੇਗੀ। ਜਾਂ ਉਹ ਸਿੱਖ ਹੋਣ ਦੇ ਨਾਤੇ ਗੁਰਦੁਆਰੇ ਜਾ ਸਕਣਗੇ। ਇਹ ਸਾਰੇ ਧਰਮਾਂ ਲਈ ਹੈ। ਰਾਹੁਲ ਗਾਂਧੀ ਦੇ ਇਸ ਬਿਆਨ ਦਾ ਪੰਨੂ ਨੇ ਵੀ ਸਮਰਥਨ ਕੀਤਾ ਹੈ।
ਰਾਹੁਲ ਗਾਂਧੀ ਦੇ ਇਸ ਬਿਆਨ ‘ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ‘ਰਾਹੁਲ ਗਾਂਧੀ ਨੇ ਸਿੱਖਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਹੈ। ਸਿੱਖ ਕਿਸੇ ਪਾਰਟੀ ਨਾਲ ਜੁੜਿਆ ਨਹੀਂ ਹੈ, ਪਰ ਚੰਗਿਆੜੀ ਪੈਦਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ।